ਪੰਜਾਬ ਸਮੇਤ ਕਈ ਸੂਬਿਆਂ ''ਚ ਮੀਂਹ ਦਾ ਕਹਿਰ, ਲੁਧਿਆਣਾ ਡੁੱਬਾ

08/02/2019 3:22:28 PM

ਲੁਧਿਆਣਾ/ਜੈਪੁਰ (ਸਲੂਜਾ, ਇੰਟ., ਰੋਸ਼ਨੀ, ਏਜੰਸੀਆਂ) : ਵੀਰਵਾਰ ਪਏ ਭਾਰੀ ਮੀਂਹ ਕਾਰਨ ਪੰਜਾਬ ਦੇ ਲੁਧਿਆਣਾ, ਗੁਜਰਾਤ ਦੇ ਵਡੋਦਰਾ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ। ਲੁਧਿਆਣਾ ਜ਼ਿਲੇ 'ਚ ਸਵੇਰ ਤੋਂ ਸ਼ੁਰੂ ਹੋਈ ਵਰਖਾ ਕਾਰਨ ਸ਼ਹਿਰ ਦੇ ਕਈ ਇਲਾਕੇ ਡੁੱਬ ਗਏ। ਮੌਸਮ ਵਿਭਾਗ ਨੇ ਇਥੇ 36.8 ਮਿ. ਮੀ. ਮੀਂਹ ਰਿਕਾਰਡ ਕੀਤਾ। ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ। ਲੋਕ ਘਰਾਂ ਅਤੇ ਦੁਕਾਨਾਂ 'ਚੋਂ ਪਾਣੀ ਕੱਢਦੇ ਵੇਖੇ ਗਏ। ਕਈ ਦੁਕਾਨਦਾਰਾਂ ਦਾ ਸਾਮਾਨ ਮੀਂਹ ਦੇ ਪਾਣੀ 'ਚ ਰੁੜ੍ਹ ਗਿਆ। ਦੋਪਹੀਆ ਅਤੇ ਚਾਰ ਪਹੀਆ ਵਾਹਨ ਪਾਣੀ 'ਚ ਡੁਬਦੇ ਤੇ ਤੈਰਦੇ ਨਜ਼ਰ ਆਏ। ਓਧਰ ਰਾਜਸਥਾਨ 'ਚ ਮਾਊਂਟ ਆਬੂ ਤੋਂ ਲੈ ਕੇ ਅਜਮੇਰ ਅਤੇ ਸੀਕਰ ਤੋਂ ਲੈ ਕੇ ਪੁਸ਼ਕਰ ਤੱਕ ਮੀਂਹ ਦਾ ਜ਼ੋਰ ਰਿਹਾ। ਅਜਮੇਰ 'ਚ ਇਕ ਇਮਾਰਤ ਡਿੱਗ ਪਈ, ਜਿਸ ਹੇਠ ਆ ਕੇ ਇਕ ਪਰਿਵਾਰ ਦੇ 3 ਮੈਂਬਰ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਅਬਦੁੱਲ ਹਮੀਦ ਅਤੇ ਬੇਟੀ ਰੁਬੀਨਾ ਵਜੋਂ ਹੋਈ ਹੈ। ਪੁਸ਼ਕਰ 'ਚ ਮੀਂਹ ਨੇ ਪਿਛਲੇ 33 ਸਾਲ ਦੇ ਰਿਕਾਰਡ ਤੋੜ ਦਿੱਤੇ। ਪੁਸ਼ਕਰ ਸਰੋਵਰ ਨੱਕੋ-ਨੱਕ ਭਰ ਗਿਆ। ਮਾਊਂਟ ਆਬੂ ਜ਼ਿਲੇ ਵਿਚ ਬੁੱਧਵਾਰ ਰਾਤ ਤੱਕ 7 ਇੰਚ ਮੀਂਹ ਪੈ ਚੁੱਕਾ ਸੀ। ਇਸ ਕਾਰਣ ਕਈ ਦਰਿਆਵਾਂ ਵਿਚ ਹੜ੍ਹ ਵਰਗੀ ਹਾਲਤ ਬਣ ਗਈ।

PunjabKesari

ਜੰਮੂ ਖੇਤਰ ਵਿਚ ਵੀ ਬੁੱਧਵਾਰ ਰਾਤ ਅਤੇ ਵੀਰਵਾਰ ਮੀਂਹ ਪਿਆ। ਇਸ ਮੀਂਹ ਕਾਰਨ ਸ਼ਹਿਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤਵੀ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਤੱਕ ਜੰਮੂ ਖੇਤਰ 'ਚ ਹੋਰ ਮੀਂਹ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਮਾਨਸੂਨ ਦੇ ਇਕ ਵਾਰ ਫਿਰ ਸਰਗਰਮ ਹੁੰਦੇ ਹੀ ਪੰਜਾਬ ਦਾ ਸਮਾਰਟ ਸਿਟੀ ਲੁਧਿਆਣਾ ਬਾਰਸ਼ ਨਾਲ ਹੀ ਡੁੱਬ ਗਿਆ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤਾਂ ਸਥਾਨਕ ਨਗਰ ਦਾ ਸਮੁੱਚਾ ਜਨ-ਜੀਵਨ ਥੰਮ੍ਹ ਕੇ ਰਹਿ ਗਿਆ। ਚਾਰੇ ਪਾਸੇ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਨਾਲ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ 'ਚ ਪਾਣੀ ਦਾਖਲ ਹੋ ਗਿਆ, ਜਿਸ ਨਾਲ ਲੋਕ ਘਰਾਂ ਵਿਚ ਹੀ ਬੰਦ ਹੋ ਕੇ ਰਹਿ ਗਏ।


Anuradha

Content Editor

Related News