ਪੂਰੇ ਪੱਛਮ-ਉੱਤਰ 'ਚ ਛਾਇਆ ਮਾਨਸੂਨ, ਲੋਕਾਂ ਨੂੰ ਗਰਮੀ ਤੋਂ ਰਾਹਤ
Tuesday, Jul 09, 2019 - 04:41 PM (IST)

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਾਸੀ ਬਾਰਿਸ਼ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਬੀਤੇ ਦਿਨ ਤੋਂ ਹੀ ਆਸਮਾਨ 'ਤੇ ਬੱਦਲ ਛਾਅ ਜਾਣ ਨਾਲ ਰਿਮਝਿਮ ਬਾਰਿਸ਼ ਹੋਣ ਲੱਗੀ ਸੀ। ਆਉਣ ਵਾਲੇ 3 ਦਿਨਾਂ 'ਚ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਵੀ ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ ਅਤੇ ਜਲੰਧਰ ਸਮੇਤ ਕਈ ਥਾਵਾਂ 'ਤੇ ਮੀਂਹ ਪਿਆ ਹੈ।
ਮੌਸਮ ਕੇਂਦਰ ਅਨੁਸਾਰ ਖੇਤਰ 'ਚ ਮਾਨਸੂਨ ਸਰਗਰਮ ਹੋਣ ਦੇ ਨਾਲ ਹੀ ਕੁਝ ਥਾਵਾਂ 'ਤੇ ਮੀਂਹ ਪਿਆ, ਜਿਸ ਨਾਲ ਲਾਗੇ ਇਲਾਕਿਆਂ 'ਚ ਹੁੰਮਸ ਵਧ ਗਈ। ਚੰਡੀਗੜ੍ਹ 'ਚ ਸੋਮਵਾਰ ਸ਼ਾਮ ਤੇਜ਼ ਮੀਂਹ ਪਿਆ, ਜੋ 29 ਮਿ. ਮੀ. ਦਰਜ ਕੀਤਾ ਗਿਆ। ਉਥੇ ਪਾਰਾ 35 ਡਿਗਰੀ ਰਿਹਾ। ਅੰਬਾਲਾ, ਰੋਹਤਕ, ਪਟਿਆਲਾ, ਹਲਵਾਰਾ, ਆਦਮਪੁਰ ਦਾ ਪਾਰਾ 36 ਡਿਗਰੀ, ਹਿਸਾਰ 38, ਦਿੱਲੀ 36, ਸ਼੍ਰੀਨਗਰ 33 ਅਤੇ ਜੰਮੂ 38 ਡਿਗਰੀ ਰਿਹਾ। ਹਿਮਾਚਲ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਭਾਰੀ ਅਤੇ ਕੁਝ ਥਾਵਾਂ 'ਤੇ ਔਸਤ ਤੋਂ ਹਲਕਾ ਮੀਂਹ ਪਿਆ। ਅਗਲੇ 4 ਦਿਨਾਂ 'ਚ ਚੰਗਾ ਮੀਂਹ ਅਤੇ 12 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।ਚੰਡੀਗੜ੍ਹ 'ਚ 2-3 ਘੰਟੇ ਲਗਾਤਾਰ ਪਈ ਬਾਰਸ਼ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ, ਉੱਥੇ ਹੀ ਮੋਹਾਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈਆਂ। ਦੂਜੇ ਪਾਸੇ ਮੌਸਮ ਵਿਭਾਗ ਨੇ ਦੇਸ਼ ਦੇ 17 ਰਾਜਾਂ 'ਚ ਅਗਲੇ 3 ਤੋਂ 4 ਦਿਨ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ।