ਬਾਬਾ ਬਕਾਲਾ ਦੇ ਲੋਕਾਂ ਲਈ ਬਰਸਾਤ ਬਣੀ ''ਕਾਲ'', ਰੋਟੀ ਤੋਂ ਹੋਏ ਮੁਥਾਜ, ਪ੍ਰਸ਼ਾਸਨ ਖਾਮੋਸ਼

Wednesday, Sep 20, 2023 - 03:51 PM (IST)

ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ (ਰਮਨ/ਰਾਕੇਸ਼) : ਗੁਰੂ ਨਗਰੀ ਵਿਚ ਤੀਜੇ ਦਿਨ ਬਾਰਿਸ਼ ਕਾਰਨ ਮੌਸਮ ਵਿਚ ਅਚਾਨਕ ਤਬਦੀਲੀ ਆਈ ਹੈ, ਜਿਸ ਕਾਰਨ ਜਿਥੇ ਸ਼ਹਿਰੀ ਹਲਕਿਆਂ ’ਚ ਲੋਕ ਬਾਰਿਸ਼ ਦਾ ਆਨੰਦ ਲੈ ਰਹੇ ਹਨ, ਉਥੇ ਹੀ ਦਿਹਾਤੀ ਹਲਕਿਆਂ ਵਿਚ ਇਹ ਬਾਰਿਸ਼ ਗਰੀਬਾਂ ਲਈ ‘ਕਾਲ’ ਬਣ ਚੁੱਕੀ ਹੈ। ਬਾਰਿਸ਼ ਨਾਲ ਗਰੀਬ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਕ ਪਾਸੇ ਜਿੱਥੇ ਉਨ੍ਹਾਂ ਦੇ ਘਰਾਂ ਦੀ ਛੱਤਾਂ ਡਿੱਗ ਗਈਆਂ ਹਨ, ਉਥੇ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ 27.6 ਡਿਗਰੀ ਤਾਪਮਾਨ ਅਤੇ 28.2 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ। ਮੌਸਮ ਵਿਚ ਆਏ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਅਤੇ ਜਿਸ ਤਰ੍ਹਾਂ ਮਾਰਚ ਮਹੀਨੇ ਵਿਚ ਗਰਮੀ ਨੇ ਦਸਤਕ ਦਿੱਤੀ ਸੀ, ਉਸੇ ਤਰ੍ਹਾਂ ਇਸ ਵਾਰ ਵੀ ਸਰਦੀ ਜਲਦੀ ਆਉਣ ਵਾਲੀ ਹੈ। ਸ਼ਹਿਰ ਵਿਚ ਸਵੇਰ ਤੋਂ ਦੁਪਹਿਰ ਤੱਕ ਪਏ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਲੋਕ ਸੜਕਾਂ ’ਤੇ ਪਏ ਟੋਇਆਂ ਦਾ ਸ਼ਿਕਾਰ ਹੁੰਦੇ ਦੇਖੇ ਗਏ। ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਲੋਕ ਪ੍ਰਸ਼ਾਸਨ ਨੂੰ ਕੋਸ ਰਹੇ ਹਨ।

ਇਹ ਵੀ ਪੜ੍ਹੋ : ਪੁਰਾਣੇ ਸੰਸਦ ਭਵਨ ਦੀਆਂ ਵਿਸ਼ੇਸ਼ ਯਾਦਾਂ

ਹਲਕਾ ਪੱਛਮੀ ਦੀਆਂ ਕਈ ਵਾਰਡਾਂ ਦਾ ਬੁਰਾ ਹਾਲ
ਇਕ ਪਾਸੇ ਜਿੱਥੇ ਸ਼ਹਿਰ ਵਿਚ ਬੀਮਾਰੀਆਂ ਨਾਲ ਲੋਕਾਂ ਦਾ ਬੁਰਾ ਹਾਲ ਹੈ, ਉੱਥੇ ਹੀ ਜ਼ਿਆਦਾਤਰ ਲੋਕ ਚਿਕਨਗੁਨੀਆ ਅਤੇ ਵਾਇਰਲ ਬੁਖਾਰ ਤੋਂ ਪੀੜਤ ਹਨ, ਦੂਜੇ ਪਾਸੇ ਹਲਕਾ ਪੱਛਮੀ ਦੇ ਕਈ ਵਾਰਡਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਸੀਵਰੇਜ ਸਿਸਟਮ ਉੱਥੇ ਰੁਕਿਆ ਹੋਇਆ ਹੈ। ਬਰਸਾਤ ਨਾਲ ਗਲੀਆਂ ਅਤੇ ਬਾਜ਼ਾਰਾਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ ਪਰ ਹੁਣ ਮੀਂਹ ਪੈਣ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਦੇ ਨਾਲ ਹੀ ਨਿਗਮ ਪ੍ਰਸ਼ਾਸਨ ਵੱਲੋਂ ਵੀ ਕੋਈ ਹੱਲ ਨਹੀਂ ਨਿਕਲ ਰਿਹਾ, ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਸ. ਟੀ. ਪੀ. ਪਲਾਂਟ ਵਿਚ ਮੋਟਰ ਨਾ ਚੱਲਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। 

ਇਹ ਵੀ ਪੜ੍ਹੋ : ਅਨੰਤਨਾਗ ’ਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ

ਪਿੰਡ ਭਿੰਡਰ ਵਾਸੀਆਂ ਨੂੰ ਕੁਦਰਤੀ ਮਾਰ
ਕੁਦਰਤ ਦੀ ਕਰੋਪੀ ਹੋਣ ਦੀ ਕਹਾਵਤ ਨੂੰ ਤਾਂ ਸੁਣਿਆ ਸੀ, ਪਰ ਅੱਜ 'ਜਗ ਬਾਣੀ' ਦੀ ਟੀਮ ਵੱਲੋਂ ਗਰਾਊਂਡ ਜ਼ੀਰੋ ’ਤੇ ਜਾ ਕੇ ਅੱਖੀਂ ਦੇਖਿਆ ਗਿਆ ਕਿ ਵਾਕਿਆ ਹੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਭਿੰਡਰ ਦੇ ਨਿਵਾਸੀ ਸੱਚਮੁੱਚ ਹੀ ਕੁਦਰਤ ਦੀ ਮਾਰ ਝੱਲ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਪਿੰਡ ਭਿੰਡਰ ਸਥਿਤ ਲੋਕਾਂ ਦੇ ਘਰ ਜਾ ਕੇ ਹਾਲਾਤ ਦੇਖੇ ਤਾਂ ਉਸ ਪਿੰਡ ਦੇ ਅਨੇਕਾਂ ਹੀ ਘਰ ਬਾਰਿਸ਼ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਖੇ ਗਏ। ਪਿੰਡ ਭਿੰਡਰ ਦੇ ਅੱਧੀ ਦਰਜਨ ਤੋਂ ਵਧੇਰੇ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਅਤੇ ਕੁਝ ਪਰਿਵਾਰਾਂ ਵੱਲੋਂ ਦੋਬਾਰਾ ਫਿਰ ਤੋਂ ਟੀਨ ਦੀਆਂ ਛੱਤਾਂ ਪਾਈਆਂ ਗਈਆਂ, ਪਰ ਛੱਤਾਂ ਵਿਚੋਂ ਅਜੇ ਵੀ ਵਿਰਲ ਰਹਿ ਜਾਣ ਨਾਲ ਘਰਾਂ ਵਿਚ ਬਰਸਾਤੀ ਪਾਣੀ ਦਾ ਆਉਣਾ ਲਗਾਤਾਰ ਜਾਰੀ ਹੈ।

 

PunjabKesari

 

ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!

ਘਰਾਂ ਵਿਚ ਰੋਟੀ ਬਣਾਉਣ ਲਈ ਵੀ ਯੋਗ ਪ੍ਰਬੰਧ ਨਹੀਂ
ਕਈ ਘਰਾਂ ਵਿਚ ਰੋਟੀ ਬਣਾਉਣ ਲਈ ਵੀ ਯੋਗ ਪ੍ਰਬੰਧ ਨਹੀਂ ਹੈ, ਜਦਕਿ ਕੁਝ ਲੋਕਾਂ ਵੱਲੋਂ ਆਪਣੇ ਵਿਹੜੇ ਵਿਚ ਹੀ ਚੁੱਲ੍ਹਾ ਬਾਲ ਕੇ ਬੱਚਿਆਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਕੁਝ ਅਜਿਹੀਆਂ ਵਿਧਵਾ ਔਰਤਾਂ ਵੀ ਹਨ, ਜਿਨ੍ਹਾਂ ਦੀ ਕਮਾਈ ਦਾ ਸਾਧਨ ਨਹੀਂ ਹੈ ਅਤੇ ਉਹ ਆਪਣੇ ਮਾਸੂਮ ਬੱਚਿਆਂ ਨੂੰ ਲੈ ਕੇ ਬਿਨਾਂ ਛੱਤ ਵਾਲੇ ਘਰਾਂ ’ਚ ਬੈਠੇ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ETT ਅਧਿਆਪਕਾ ਦਾ ਜਾਅਲੀ ਬੀ. ਸੀ. ਸਰਟੀਫਿਕੇਟ ਕੀਤਾ ਰੱਦ

ਸਾਡੀ ਕੋਈ ਸੁਣਵਾਈ ਨਹੀਂ : ਨੇਤਰਹੀਣ ਹਰਭਜਨ
ਇਕ ਹੋਰ ਪੀੜਤ ਹਰਭਜਨ ਸਿੰਘ ਜੋ ਕਿ ਨੇਤਰਹੀਣ ਹੈ ਅਤੇ ਉਸਦਾ ਪਰਿਵਾਰ ਵੀ ਮੰਦਬੁੱਧੀ ਦਾ ਸ਼ਿਕਾਰ ਹੈ, ਨੇ ਦੱਸਿਆ ਕਿ ਉਹ ਕਿਧਰੇ ਵੀ ਜਾਣ ਤੋਂ ਅਸਮਰੱਥ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਅਜਿਹੇ ਪੀੜਤ ਲੋਕਾਂ ਦੀ ਅਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਸੋਸ਼ਲ ਆਗੂ ਚਰਨਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਜੁਲਾਈ ਮਹੀਨੇ ਵਿਚ ਵੀ ਪਈਆ ਭਾਰੀ ਬਰਸਾਤਾਂ ਕਾਰਨ ਇਨ੍ਹਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਸਨ ਅਤੇ ਅਨੇਕਾਂ ਮਕਾਨਾਂ ਨੂੰ ਤਰੇੜਾਂ ਆ ਚੁੱਕੀਆਂ ਹਨ, ਉਦੋਂ ਤੋਂ ਹੀ ਇਹ ਲੋਕ ਮੁਆਵਜ਼ੇ ਦੀ ਮੰਗ ਕਰਦੇ ਆ ਰਹੇ ਹਨ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਰਖਾਸਤਨੁਮਾ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ’ਤੇ ਕਾਰਵਾਰੀ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਹ ਮੰਗ ਪੱਤਰ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਨੂੰ ਕਾਰਵਾਈ ਲਈ ਭੇਜ ਦਿਤਾ ਸੀ।

ਚਰਨਦੀਪ ਸਿੰਘ ਭਿੰਡਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਅਜੇ ਤੱਕ ਇਸ ਸਬੰਧੀ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਉਹ ਅਗਲੇ ਹਫਤੇ ਤੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ ਵਿਚ ਹਨ। ਉਕਤ ਆਗੂ ਨੇ ਦੱਸਿਆ ਕਿ ਮਕਾਨਾਂ ਦੀ ਖਸਤਾ ਹਾਲਤ ਹੋਣ ਦਾ ਮੁੱਖ ਕਾਰਨ ਡਰੇਨ ਅਤੇ ਛੱਪੜ ਦੀ ਸਫਾਈ ਨਾ ਹੋਣਾ ਸਮਝਿਆ ਜਾ ਰਿਹਾ ਹੈ।  ਇਸ ਮਸਲੇ ਨੂੰ ਲੈ ਕੇ ਗਰੀਬ ਵਰਗ ਦੇ ਲੋਕਾਂ ਦਾ ਇਕ ਭਾਰੀ ਇਕੱਠ ਹੋਇਆ, ਜਿਸ ਵਿਚ ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਕੋਸਦਿਆਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਮਸਲੇ ਨੂੰ ਅੱਖੋ-ਪਰੋਲੇ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸ਼ਨ ਦੇ ਕਿਸੇ ਅਧਿਕਾਰੀ ਵੱਲੋਂ ਪਿੰਡ ’ਚ ਪਹੁੰਚ ਕੇ ਇਨ੍ਹਾਂ ਗਰੀਬ ਲੋਕਾਂ ਦੀ ਸਾਰ ਹੀ ਲਈ ਗਈ ਹੈ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News