ਮਾਮੂਲੀ ਬਾਰਿਸ਼ ਨੇ ਖੋਲ੍ਹੀ ਮੰਡੀ ਪ੍ਰਬੰਧਾਂ ਦੀ ਪੋਲ, ਭਿੱਜੀ ਕਣਕ

04/21/2021 2:44:25 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਮੰਗਲਵਾਰ ਬਾਅਦ ਦੁਪਹਿਰ ਆਈ ਮਾਮੂਲੀ ਬਾਰਿਸ਼ ਨੇ ਸਥਾਨਕ ਅਨਾਜ ਮੰਡੀ ਅੰਦਰਲੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਜੀ ਹਾਂ, ਮਾਮੂਲੀ ਬਾਰਿਸ਼ ਨਾਲ ਜਿੱਥੇ ਥੋੜ੍ਹੀ ਠੰਡ ਤਾਂ ਮਹਿਸੂਸ ਕੀਤੀ ਜਾ ਰਹੀ ਹੈ, ਉਥੇ ਹੀ ਮੰਡੀ ਅੰਦਰ ਕਣਕ ਦੀ ਫ਼ਸਲ ਵੀ ਮੀਂਹ ਦੇ ਪਾਣੀ ਦੀ ਭੇਂਟ ਚੜ੍ਹ ਗਈ, ਜਿਸਨੂੰ ਕਿਸਾਨਾਂ ਵੱਲੋਂ ਬਚਾਉਣ ਲਈ ਕਾਫ਼ੀ ਜੱਦੋ ਜਹਿਦ ਕੀਤੀ ਗਈ, ਪਰ ਬਾਰਿਸ਼ ਜਾਂਦੀ-ਜਾਂਦੀ ਕਿਸਾਨਾਂ ਦਾ ਨੁਕਸਾਨ ਜ਼ਰੂਰ ਕਰ ਗਈ ਹੈ।

ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਉਨ੍ਹਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ, ਜਿਸਨੂੰ ਮੀਂਹ ਤੋਂ ਬਚਾਉਣ ਲਈ ਉਹ ਤਰਪਾਲਾਂ ਦਾ ਪ੍ਰਯੋਗ ਕਰ ਰਹੇ ਹਨ ਪਰ ਕੱਲ੍ਹ ਆਈ ਬਾਰਿਸ਼ ਨਾਲ ਉਨਾਂ ਦੀ ਕਣਕ ਕਾਫ਼ੀ ਨੁਕਸਾਨੀ ਗਈ ਹੈ। ਮੀਂਹ ਪੈਂਦੇ ’ਚ ਕਿਸਾਨ ਤੇ ਮੰਡੀ ਕਰਿੰਦੇ ਕਣਕ ਨੂੰ ਬਚਾਉਣ ’ਚ ਲੱਗੇ ਰਹੇ, ਜਦੋਂਕਿ ਕਿਸਾਨ ਮੰਡੀ ਪ੍ਰਬੰਧਾਂ ਨੂੰ ਲੈ ਕੇ ਨਾਖੁਸ਼ ਵੀ ਦਿਖਾਈ ਦਿੱਤੇ।

ਕੀ ਕਹਿਣੈ ਮਾਰਕਿਟ ਕਮੇਟੀ ਦੇ ਸੈਕਟਰੀ ਦਾ
ਇਸ ਸਬੰਧੀ ਮਾਰਕਿਟ ਕਮੇਟੀ ਦੇ ਸੈਕਟਰੀ ਬਲਕਾਰ ਸਿੰਘ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਨਾਲੀਆਂ ਉਪਰ ਬਣੀਆਂ ਜਾਲੀਆਂ ਮਿੱਟੀ ਨਾਲ ਬੰਦ ਹੋਣ ਕਰਕੇ ਇਹ ਦਿੱਕਤ ਆਈ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਦਾ ਪਾਣੀ ਜਾਮ ਹੋਣ ਕਰਕੇ ਇਹ ਸਭ ਕੁੱਝ ਹੋਇਆ ਹੈ, ਜਿਸ ਤੋਂ ਬਾਅਦ ਮੰਡੀ ਅੰਦਰ ਪਾਣੀ ਦੀ ਨਿਕਾਸੀ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ।


Gurminder Singh

Content Editor

Related News