ਪੰਜਾਬ ''ਚ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ

Wednesday, Apr 17, 2019 - 05:51 PM (IST)

ਪੰਜਾਬ ''ਚ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ

ਸਮਰਾਲਾ (ਗਰਗ, ਬੰਗੜ) : ਬੀਤੀ ਰਾਤ ਹੋਈ ਤੇਜ਼ ਬਰਸਾਤ ਅਤੇ ਝੱਖੜ ਮਗਰੋਂ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਗੜੇਮਾਰੀ ਹੋਣ ਕਾਰਨ ਪੱਕ ਕੇ ਤਿਆਰ ਖੜੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਿਸ ਸਦਕਾ ਪ੍ਰਤੀ ਏਕੜ 5 ਕੁਇੰਟਲ ਝਾੜ ਘੱਟ ਨਿਕਲਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਹੁਸ਼ਿਆਰਪੁਰ, ਗੜ੍ਹਸ਼ੰਕਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ ਅਤੇ ਮੁਕਤਸਰ ਜ਼ਿਲਿਆਂ 'ਚ ਭਾਰੀ ਗੜੇਮਾਰੀ ਹੋਣ ਮਗਰੋਂ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਰੀ ਨੁਕਸਾਨ ਦੀਆਂ ਰਿਪੋਰਟਾਂ ਮਗਰੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਇਨ੍ਹਾਂ ਜ਼ਿਲਿਆਂ ਦੇ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ 35 ਹਜ਼ਾਰ ਰੁਪਏ ਫੀ ਏਕੜ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਤੁਰੰਤ ਰਾਹਤ ਰਾਸ਼ੀ ਦੇਣ ਦਾ ਐਲਾਨ ਕਰੇ। 
ਅ੍ਰਪੈਲ ਮਹੀਨੇ 'ਚ ਕਣਕ ਦੀ ਫ਼ਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਵਾਢੀ ਦੇਰੀ ਨਾਲ ਪੈਣ ਕਾਰਨ ਅਜੇ ਖੇਤਾਂ ਵਿਚ ਹੀ ਪੱਕ ਕੇ ਤਿਆਰ ਖੜੀ ਫ਼ਸਲ ਨੂੰ ਮੌਸਮ ਦੀ ਮਾਰ ਨੇ ਵੱਡਾ ਨੁਕਸਾਨ ਪਹੁੰਚਾ ਦਿੱਤਾ ਹੈ। ਮੀਂਹ ਝੱਖੜ ਨੇ ਸੋਨੇ ਵਰਗੀਆਂ ਬਲੀਆਂ ਨੂੰ ਧਰਤੀ 'ਤੇ ਵਿੱਛਾ ਦਿੱਤਾ ਹੈ ਅਤੇ ਕਿਸਾਨ ਕੁਦਰਤ ਦੀ ਇਸ ਕਰੋਪੀ ਕਾਰਨ ਡੂੰਘੀ ਚਿੰਤਾ ਵਿੱਚ ਦਿਖਾਈ ਦੇ ਰਿਹਾ ਹੈ। 
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸੱਕਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ 6-7 ਜ਼ਿਲਿਆਂ 'ਚ ਭਾਰੀ ਨੁਕਸਾਨ ਹੋਇਆ ਹੈ ਅਤੇ ਜਿਨ੍ਹਾਂ ਇਲਾਕਿਆਂ 'ਚ ਗੜੇ ਪਏ ਹਨ, ਉਥੇ ਫ਼ਸਲਾਂ 100 ਫੀਸਦੀ ਨਸ਼ਟ ਹੋ ਗਈਆਂ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰ ਨੁਕਸਾਨ ਦੇ ਅੰਦਾਜ਼ੇ ਲਈ ਗਿਰਦਾਵਰੀ ਕਰਵਾਉਣ ਦੇ ਫੈਸਲੇ ਦੀ ਬਜਾਏ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ 35 ਹਜ਼ਰ ਰੁਪਏ ਪ੍ਰਤੀ ਏਕੜ ਰਾਹਤ ਰਾਸ਼ੀ ਦਾ ਐਲਾਨ ਕਰੇ।


author

Gurminder Singh

Content Editor

Related News