ਅੱਜ ਪੰਜਾਬ ਦੌਰੇ ''ਤੇ ਆਉਣਗੇ ਰਾਹੁਲ ਗਾਂਧੀ, ਕਿਸਾਨਾਂ ਦੇ ਸਮਰਥਨ ''ਚ ਕਰਨਗੇ ਟ੍ਰੈਕਟਰ ਰੈਲੀ
Sunday, Oct 04, 2020 - 02:01 AM (IST)

ਜਲੰਧਰ- ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 4 ਅਕਤੂਬਰ ਦਿਨ ਐਤਵਾਰ ਨੂੰ ਪੰਜਾਬ 'ਚ ਪਾਰਟੀ ਵਰਕਰਾਂ ਦੇ ਧਰਨਿਆਂ 'ਚ ਸ਼ਾਮਲ ਹੋਣਗੇ। ਇਸ ਦੀ ਜਾਣਕਾਰੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਫੇਸਬੁੱਕ ਪੇਜ਼ ਰਾਹੀਂ ਇਕ ਪੋਸਟ ਸ਼ੇਅਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ 4 ਅਕਤੂਬਰ ਨੂੰ ਕੇਂਦਰ ਵਲੋਂ ਲਿਆਏ ਗਏ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਟ੍ਰੈਕਟਰ ਰੈਲੀਆਂ ਕਰਨਗੇ। ਸੂਤਰਾਂ ਮੁਤਾਬਕ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲਣਗੇ ਅਤੇ ਭਲਕੇ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਇਸ ਟ੍ਰੈਕਟਰ ਰੈਲੀ ਦੀ ਸ਼ੁਰੂਆਤ ਕਰਨਗੇ।
ਪਹਿਲੇ ਦਿਨ 4 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਣੀ ਕਲਾਂ ਤੋਂ ਸ਼ੁਰੂ ਹੋਵੇਗੀ ਅਤੇ ਰਾਏਕੋਟ 'ਚ ਜੱਟਪੁਰਾ ਵਿਖੇ ਖਤਮ ਹੋਵੇਗੀ। ਦੂਜੇ ਦਿਨ 5 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਸੰਗਰੂਰ ਤੋਂ ਹੁੰਦੀ ਹੋਈ ਭਵਾਨੀਗੜ੍ਹ ਪੁੱਜੇਗੀ ਅਤੇ ਤੀਜੇ ਦਿਨ 6 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਪਟਿਆਲਾ ਤੋਂ ਸ਼ੁਰੂ ਹੋਵੇਗੀ ਅਤੇ ਇੱਥੋਂ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ।