ਰਾਹੁਲ ਗਾਂਧੀ ਦਾ ਭਾਜਪਾ 'ਤੇ ਵੱਡਾ ਇਲਜ਼ਾਮ, ਪ੍ਰੈੱਸ ਕਾਨਫਰੰਸ 'ਚ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

Tuesday, Jan 17, 2023 - 03:13 PM (IST)

ਰਾਹੁਲ ਗਾਂਧੀ ਦਾ ਭਾਜਪਾ 'ਤੇ ਵੱਡਾ ਇਲਜ਼ਾਮ, ਪ੍ਰੈੱਸ ਕਾਨਫਰੰਸ 'ਚ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਹੁਸ਼ਿਆਰਪੁਰ/ਦਸੂਹਾ : ਕਾਂਗਰਸ ਦੇ ਕੌਮੀਂ ਲੀਡਰ ਰਾਹੁਲ ਗਾਂਧੀ ਦੀ ਯਾਤਰਾ ਅੱਜ ਦਸੂਹਾ ਪੁੱਜੀ ਹੈ ਤੇ ਇਸ ਮੌਕੇ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੱਤਰਕਾਰਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ EVM , ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਭਾਜਪਾ 'ਚ ਸ਼ਮੂਲੀਅਤ, ਕਿਸਾਨਾਂ ਦੀ ਆਮਦਨ ਸਬੰਧੀ, 1984 ਦੇ ਸਿੱਖ ਕਤਲੇਆਮ ਤੋਂ ਇਲਾਵਾ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾਂ ਸੰਬੋਧਨ 'ਚ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮੁੱਖ ਟੀਚਾ ਦੇਸ਼ 'ਚ ਜੋ ਨਫ਼ਰਤ ਤੇ ਹਿੰਸਾ ਫੈਲਾਈ ਜਾ ਰਹੀ ਹੈ, ਉਸਦੇ ਖ਼ਿਲਾਫ਼ ਖੜ੍ਹੇ ਹੋਣਾ ਹੈ। ਇਸ ਤੋਂ ਇਲਾਵਾ ਦੇਸ਼ 'ਚ ਬੇਰੁਜ਼ਗਾਰੀ ਤੇ ਮੰਹਿਗਾਈ ਵਧਦੀ ਜਾ ਰਹੀ ਹੈ ਉਸ ਖ਼ਿਲਾਫ਼ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਤੇ ਇਹ ਯਾਤਰਾ ਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਵਧ ਰਹੀ ਆਮਦਨੀ ਅਸਮਾਨਤਾ ਸਬੰਧੀ ਦੋ ਅੰਕੜਿਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੇਸ਼ 'ਚ 21 ਸਭ ਤੋਂ ਅਮੀਰ ਵਿਅਕਤੀਆਂ ਕੋਲ ਉਨਾ ਹੀ ਪੈਸਾ ਹੈ , ਜਿੰਨਾ 70 ਕਰੋੜ ਹਿੰਦੁਸਤਾਨੀਆਂ ਦੇ ਕੋਲ। ਇਸ ਦੇ ਨਾਲ ਹੀ ਹਿੰਦੁਸਤਾਨ ਦੇ ਸਭ ਤੋਂ ਅਮੀਰ 1 ਫ਼ੀਸਦੀ ਲੋਕਾਂ ਕੋਲ ਦੇਸ਼ ਦਾ 40 ਫ਼ੀਸਦੀ ਧਨ ਹੈ। ਇਨਾਂ ਕਾਰਨਾਂ ਦੇ ਚੱਲਦਿਆਂ ਹੀ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ। 

EVM 'ਤੇ ਬੋਲੇ ਰਾਹੁਲ ਗਾਂਧੀ 

ਸੰਬੋਧਨ ਦੌਰਾਨ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਲੋਕਾਂ ਦੀ ਇਹ ਵਿਚਾਰਧਾਰਾ ਹੈ ਕਿ ਜਦੋਂ ਤੱਕ ਤੱਕ EVM ਹੈ, ਉਸ ਵੇਲੇ ਤੱਕ ਕਾਂਗਰਸ ਸੱਤਾ 'ਚ ਨਹੀਂ ਆ ਸਕਦੀ, ਦਾ ਜਵਾਬ ਦਿੰਦਿਆਂ ਰਾਹੁਲ ਨੇ ਕਿਹਾ ਕਿ EVM ਤਾਂ ਇਕ ਤੱਤ ਹੈ। ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਇੰਸਟੀਚਿਊਂਸ਼ਨਸ 'ਤੇ ਭਾਜਪਾ ਤੇ ਆਰ. ਐੱਸ. ਐੱਸ. ਦਾ ਕੰਟਰੋਲ ਹੈ, ਜਿਨ੍ਹਾਂ 'ਤੇ ਭਾਜਪਾ ਤੇ ਆਰ. ਐੱਸ. ਐੱਸ. ਨੇ ਦਬਾਅ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ। ਰਾਹੁਲ ਨੇ ਕਿਹਾ ਕਿ ਇਹ ਲੜਾਈ ਹੁਣ ਸਿਆਸੀ ਪਾਰਟੀਆਂ ਵਿਚਕਾਰ ਨਹੀਂ ਸਗੋਂ ਜਿਨ੍ਹਾਂ ਇੰਸਟੀਚਿਊਂਸ਼ਨ 'ਤੇ ਕਬਜ਼ਾ ਕੀਤਾ ਹੋਇਆ ਹੈ, ਉਨ੍ਹਾਂ ਲਈ ਹੋ ਰਹੀ ਹੈ।

ਭਾਜਪਾ ਦੇ ਦਬਾਅ ਕਾਰਨ ਕਾਂਗਰਸੀ ਆਗੂਆਂ ਨੇ ਛੱਡੀ ਪਾਰਟੀ - ਰਾਹੁਲ ਗਾਂਧੀ  

2022 'ਚ ਕਾਂਗਰਸ ਦੇ ਕਈ ਆਗੂਆਂ ਤੇ ਵਰਕਰਾਂ ਵੱਲੋਂ ਭਾਜਪਾ 'ਚ ਕੀਤੀ ਸ਼ਮੂਲੀਅਤ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਮੁਤਾਬਕ ਜੋ ਕੋਈ ਵੀ ਕਾਂਗਰਸੀ ਵਰਕਰ ਜਾਂ ਆਗੂ ਭਾਜਪਾ 'ਚ ਸ਼ਾਮਲ ਹੋਏ ਹਨ ਉਹ ਕਿਸੇ ਨਾ ਕਿਸੇ ਦਬਾਅ ਕਾਰਨ ਪਾਰਟੀ ਛੱਡ ਕੇ ਗਏ ਹਨ। ਇਹ ਇਕ ਅਜਿਹਾ ਅੰਦਰੂਨੀ ਦਬਾਅ ਸੀ, ਜੋ ਸੀ. ਬੀ. ਆਈ. , ਈ. ਡੀ. ਵੱਲੋਂ ਬਣਾਇਆ ਗਿਆ ਸੀ ਤੇ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਚੱਲਦਿਆਂ ਅਜਿਹਾ ਹੋਇਆ ਹੈ। ਕਾਂਗਰਸ ਇਸ ਤੋਂ ਖ਼ੁਸ਼ ਵੀ ਹੈ ਕਿ ਅਜਿਹੇ ਵਿਅਕਤੀ ਪਾਰਟੀ ਤੋਂ ਬਾਹਰ ਹਨ। ਜੇਕਰ ਕਾਂਗਰਸ ਦੀ ਹੁਣ ਦੀ ਕਾਰਗੁਜਾਰੀ 'ਤੇ ਗੱਲ ਕੀਤੀ ਜਾਵੇ ਤਾਂ ਸੀਨੀਅਰ ਆਗੂ ਤੋਂ ਲੈ ਕੇ ਛੋਟੇ-ਵੱਡੇ ਵਰਕਰਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ- ਵਿੱਤ ਮੰਤਰੀ ਹਰਪਾਲ ਚੀਮਾ ਮੋਗਾ ਦੀ ਅਦਾਲਤ ’ਚ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

CM ਭਗਵੰਤ ਮਾਨ ਨੂੰ ਰਾਹੁਲ ਗਾਂਧੀ ਦੀ ਸਲਾਹ

ਮੁੱਖ ਮੰਤਰੀ ਮਾਨ 'ਤੇ ਕੀਤੀ ਬਿਆਨਬਾਜ਼ੀ 'ਤੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਦੇ ਬਾਰੇ ਸਲਾਹ ਦਿੱਤੀ ਹੈ। ਪੰਜਾਬ ਨੂੰ , ਪੰਜਾਬ ਤੋਂ ਹੀ ਚਲਾਇਆ ਜਾ ਸਕਦਾ ਹੈ ਕਿਉਂਕਿ ਜੇ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾਵੇਗਾ ਤਾਂ ਲੋਕ ਉਸ ਨੂੰ ਮਨਜ਼ੂਰ ਨਹੀਂ ਕਰਨਗੇ। ਇਸ ਨਾਲ ਪੰਜਾਬੀ ਭੜਕਣਗੇ ਤੇ ਐਕਸ਼ਨ 'ਚ ਆ ਕੇ ਤਿੱਖੀ ਪ੍ਰਤੀਕਿਰਿਆ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬੀਆਂ ਦੇ ਆਪਣੇ ਸੱਭਿਆਚਾਰ ਨੂੰ ਲੈ ਕੇ ਜੋ ਮਾਣ ਹੈ, ਉਸ ਨੂੰ ਚੰਗੀ ਤਰ੍ਹਾਂ ਸਮਝਿਆ ਹੈ।

ਕਿਸਾਨਾਂ ਦੀ ਆਮਦਨ ਵਧਾਉਣ ਦੇ ਹੱਲ 'ਤੇ ਰਾਹੁਲ ਦੇ ਵਿਚਾਰ 

ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ 'ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਤੇ ਇੱਕ ਥਾਂ ਤੋਂ ਨਹੀਂ ਸਗੋਂ ਕਈ ਪਾਸਿਓਂ ਕੀਤਾ ਜਾ ਰਿਹਾ। ਜੋ ਸੁਰੱਖਿਆ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ। ਕਾਂਗਰਸ ਵੱਲੋਂ ਯੂ. ਪੀ. ਏ. ਦੇ ਸਮੇਂ ਕਿਸਾਨਾਂ ਉਹ ਸੁਰੱਖਿਆ ਦਿੱਤੀ ਗਈ ਪਰ ਸਾਡੇ ਵੱਲੋਂ ਵੀ ਉਨਾ ਨਹੀਂ ਕੀਤਾ ਗਿਆ ਜੋ ਕਰਨਾ ਚਾਹੀਦਾ ਸੀ ਕਿਉਂਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਚਾਹੇ ਪੰਜਾਬ 'ਚ ਕਾਂਗਰਸ ਸਰਕਾਰ ਆਵੇ ਜਾਂ ਫਿਰ ਕੇਂਦਰ 'ਚ ਕਾਂਗਰਸ ਵੱਲੋਂ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਸੁਰੱਖਿਆ ਕੀਤੀ ਜਾਵੇਗੀ। ਕਾਂਗਰਸ ਦਾ ਮੁੱਖ ਵਿਜ਼ਨ ਖੇਤੀਬਾੜੀ ਹੈ ਕਿ ਖੇਤੀਬਾੜੀ ਸੈਕਟਰ 'ਚ ਤਕਨਾਲੋਜੀ ਵਿਕਸਿਤ ਕੀਤਾ ਜਾਵੇ , ਕੋਲਡ ਚੈਨ ਬਣਾਈ ਜਾਵੇ ਤੇ ਇਸ ਖੇਤਰ 'ਚ ਨੌਕਰੀਆਂ ਲਿਆਂਦੀਆਂ ਜਾਣ। 

1984 ਸਿੱਖ ਕਤਲੇਆਮ 'ਤੇ ਬੋਲੇ ਰਾਹੁਲ ਗਾਂਧੀ 

1984 'ਚ ਹੋਏ ਸਿੱਖ ਕਤਲੇਆਮ 'ਤੇ ਗੱਲ ਕਰਦਿਆਂ ਰਾਹੁਲ ਨੇ ਆਖਿਆ ਕਿ ਇਸ ਸਬੰਧੀ ਡਾ. ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵੀ ਆਪਣਾ ਸਟੈਂਡ ਦੱਸ ਚੁੱਕੇ ਹਨ ਤੇ ਜੋ ਵੀ ਉਨ੍ਹਾਂ ਨੇ ਕਿਹਾ ਕਿ ਹੈ, ਮੈਂ ਉਸ ਦਾ ਸਮਰਥਨ ਕਰਦਾ ਹੈ। ਇਸ ਸਥਿਤੀ 'ਤੇ ਮੈਂ ਵੀ ਸੰਸਦ 'ਚ ਆਪਣੇ ਵਿਚਾਰ ਰੱਖ ਚੁੱਕਿਆ ਹੈ। 

ਹਿਮਾਚਲ 'ਚ ਡੀਜ਼ਲ ਮਹਿੰਗਾ ਹੋਣ ਦੀ ਗੱਲ 'ਤੇ ਬੋਲੋ ਰਾਹੁਲ 

ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਦੇ ਮੁੱਖ ਮੰਤਰੀਆਂ ਨੂੰ ਖੁੱਲ੍ਹੇ ਹੱਥ ਦਿੱਤੇ ਹਨ। ਹਿਮਾਚਲ 'ਚ ਬੇਸ਼ੱਕ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਪਰ ਮੈਂ ਇਹੀ ਕਹਿਣਾ ਚਾਹੁੰਦਾ ਹੈ ਕਿ ਹਿਮਾਚਲ 'ਚ ਹਾਲ ਹੀ 'ਚ ਸਰਕਾਰ ਬਣੀ ਹੈ, ਉਨ੍ਹਾਂ ਨੂੰ ਥੋੜਾ ਸਮਾਂ ਦਿੱਤਾ ਜਾਵੇ। ਮੈਂ ਦਾਅਵਾ ਕਰਦਾ ਹਾਂ ਕਿ ਸਰਕਾਰ ਵੱਲੋਂ ਲੋਕ ਪੱਖੀ ਨੀਤੀਆਂ ਉਲੀਕੀਆਂ ਜਾਣਗੀਆਂ , ਜਿਸ ਦਾ ਫਾਇਦਾ ਲੋਕਾਂ ਨੂੰ ਸਾਫ਼ ਨਜ਼ਰ ਆਵੇਗਾ। ਇਸ ਤੋਂ ਇਲਾਵਾ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਫਾਇਦੇ ਲਈ ਯੋਜਵਾਨਾਂ ਤਿਆਰ ਕੀਤੀਆਂ ਜਾਣਗੀਆਂ। 

ਸਿੱਖ ਭਾਈਚਾਰੇ ਨਾਲ ਬੇਇੰਤਹਾ ਮੁਹੱਬਤ

ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਦਿਲ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਬਹੁਤ ਸਤਿਕਾਰ ਹੈ। ਪੰਜਾਬੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਲਈ ਮੇਰੇ ਦਿਲ ਵਿੱਚ ਬੇਇੰਤਹਾ ਮੁਹੱਬਤ ਹੈ। ਸਿੱਖ ਭਾਈਚਾਰੇ ਬਿਨਾਂ ਇਹ ਭਾਰਤ, ਭਾਰਤ ਨਹੀਂ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News