ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ ਦੀਆਂ ਚਰਚਾਵਾਂ ਨਾਲ ਕਾਂਗਰਸੀਆਂ ''ਚ ਮਚੀ ਤਰਥੱਲੀ

01/19/2018 8:04:07 AM

ਜਲੰਧਰ(ਚੋਪੜਾ)-ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਪ੍ਰਵਾਨ ਹੋਣ ਨਾਲ ਜਿਥੇ ਕਾਂਗਰਸੀ ਗਲਿਆਰਿਆਂ 'ਚ ਹਲਚਲ ਪੈਦਾ ਹੋ ਗਈ ਹੈ, ਉਥੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ ਦੀਆਂ ਚਰਚਾਵਾਂ ਨੇ ਕਾਂਗਰਸੀਆਂ 'ਚ ਤਰਥੱਲੀ ਮਚਾ ਦਿੱਤੀ ਹੈ। ਰਾਣਾ ਗੁਰਜੀਤ ਦੇ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਦੇ ਬਰਾਬਰ ਖਹਿਰਾ ਵਲੋਂ ਚੰਡੀਗੜ੍ਹ ਵਿਚ ਆਪਣੀ ਸਰਕਾਰੀ ਰਿਹਾਇਸ਼ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਇਨ੍ਹਾਂ ਚਰਚਾਵਾਂ ਨੂੰ ਹੋਰ ਵੀ ਬਲ ਮਿਲ ਗਿਆ ਹੈ। ਕਾਂਗਰਸੀ ਸਸ਼ੋਪੰਜ ਵਿਚ ਹਨ ਕਿ ਕੀ ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਦੀ ਮੀਟਿੰਗ ਨੂੰ ਲੈ ਕੇ ਰਾਣਾ ਦੇ ਅਸਤੀਫੇ ਦੇ ਪ੍ਰਵਾਨ ਹੋਣ ਦੀ ਭਿਣਕ ਖਹਿਰਾ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ ਜਾਂ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਖੇਮੇ 'ਚ ਹੋ ਰਹੀ ਹਰੇਕ ਹਲਚਲ ਦੀ ਪਲ-ਪਲ ਦੀ ਜਾਣਕਾਰੀ ਮੁਹੱਈਆ ਕਰਾਈ ਜਾ ਰਹੀ ਸੀ ਕਿਉਂਕਿ ਦਿੱਲੀ ਵਿਚ ਹੋਈ ਮੀਟਿੰਗ ਦੇ ਮਗਰੋਂ ਕੈਪਟਨ ਅਮਰਿੰਦਰ ਜਦੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਮੁਖਾਤਿਬ ਹੋਏ, ਠੀਕ ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਖਹਿਰਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨੂੰ ਆਪਣੀ ਰਿਹਾਇਸ਼ 'ਤੇ ਆਉਣ ਦਾ ਸੱਦਾ ਦਿੱਤਾ ਹੋਇਆ ਸੀ। ਇਸ ਪ੍ਰੈੱਸ ਕਾਨਫਰੰਸ ਵਿਚ ਖਹਿਰਾ ਨੇ ਜਿੱਥੇ ਰਾਣਾ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਾਏ, ਉਥੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਇਸ ਲਪੇਟ 'ਚ ਲਿਆ।  ਰਾਹੁਲ ਗਾਂਧੀ ਦੇ ਨਿਵਾਸ 'ਤੇ ਹੋਈ ਇੰਨੀ ਵੱਡੀ ਲੀਕੇਜ ਦੇ ਪਿੱਛੇ ਕੀ ਉਨ੍ਹਾਂ ਦੇ ਕਿਸੇ ਭਰੋਸੇਯੋਗ ਸਾਥੀ ਦਾ ਹੱਥ ਹੈ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਰਾਣਾ ਗੁਰਜੀਤ ਦੇ ਮਾਮਲੇ 'ਤੇ ਰਾਹੁਲ ਵਲੋਂ ਸਖਤ ਰੁਖ ਧਾਰ ਕੇ ਖਹਿਰਾ ਦੀ ਕਾਂਗਰਸ ਵਿਚ ਘਰ ਵਾਪਸੀ ਦੀ ਜ਼ਮੀਨ ਤਿਆਰ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਦੋਵੇਂ ਇਕ-ਦੂਸਰੇ ਦੇ ਕੱਟੜ ਸਿਆਸੀ ਵਿਰੋਧੀ ਹਨ। ਦੋਵੇਂ ਆਗੂ ਇਕ ਹੀ ਜ਼ਿਲੇ ਨਾਲ ਸਬੰਧਿਤ ਹਨ ਅਤੇ ਦੋਵਾਂ 'ਚ ਗਲਬੇ ਦੀ ਲੜਾਈ ਨੂੰ ਲੈ ਕੇ ਹਮੇਸ਼ਾ ਤੋਂ 36 ਦਾ ਅੰਕੜਾ ਬਣਿਆ ਰਿਹਾ। ਖਹਿਰਾ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਹੱਥ ਛੱਡ ਕੇ 'ਆਪ' ਵਿਚ ਸ਼ਾਮਲ ਹੋਣ ਦੇ ਪਿੱਛੇ ਵੀ ਇਹੀ ਸਿਆਸੀ ਲੜਾਈ ਵੱਡਾ ਕਾਰਨ ਬਣੀ। ਰਾਣਾ ਤੇ ਖਹਿਰਾ ਦੋਵੇਂ ਚੋਣ ਜਿੱਤ ਕੇ ਵਿਧਾਇਕ ਬਣੇ ਪਰ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਹੋਣਾ ਤੇ ਖਹਿਰਾ ਦੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਚੁਣੇ ਜਾਣਾ ਇਸ ਲੜਾਈ ਦੀ ਅੱਗ ਵਿਚ ਘਿਓ ਪਾਉਣ ਦਾ ਕੰਮ ਕਰ ਗਿਆ। ਕਾਂਗਰਸੀ ਗਲਿਆਰਿਆਂ ਅਨੁਸਾਰ ਲੰਬੇ ਸਮੇਂ ਤਕ ਕਾਂਗਰਸ ਵਿਚ ਰਹਿ ਚੁੱਕੇ ਖਹਿਰਾ ਦਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਟੀਮ ਨਾਲ ਵੀ ਬੜਾ ਸੰਪਰਕ ਰਿਹਾ ਹੈ। ਜਿਸ ਕਾਰਨ ਕਿਆਸਰਾਈਆਂ ਹਨ ਕਿ ਰਾਣਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਖਹਿਰਾ ਦਾ ਸੰਪਰਕ ਰਾਹੁਲ ਨਾਲ ਸਥਾਪਿਤ ਹੋ ਚੁੱਕਾ ਹੈ ਅਤੇ ਖਹਿਰਾ ਨੇ ਹੀ ਰਾਣਾ ਦੇ ਮਾਈਨਿੰਗ ਤੇ ਹੋਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਸਬੰਧਿਤ ਦਸਤਾਵੇਜ਼ ਰਾਹੁਲ ਦਰਬਾਰ ਤਕ ਪਹੁੰਚਾਏ ਹਨ, ਜਿਸ ਉਪਰੰਤ ਰਾਹੁਲ ਗਾਂਧੀ ਨੇ ਰਾਣਾ ਵਿਰੁੱਧ ਸਖਤ ਸਟੈਂਡ ਲੈਂਦਿਆਂ ਕੈਪਟਨ ਅਮਰਿੰਦਰ ਨੂੰ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਦੇ ਹੁਕਮ ਦਿੱਤੇ ਜਦਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਚਹੇਤੇ ਅਤੇ ਖਾਸਮਖਾਸ ਕੈਬਨਿਟ ਮੰਤਰੀ ਨੂੰ ਇਸ ਮੰਝਧਾਰ ਵਿਚੋਂ ਕੱਢਣ ਦੇ ਪੱਖ 'ਚ ਦਿਖਾਈ ਦਿੰਦੇ ਸਨ। 'ਆਪ' ਦੇ ਪੰਜਾਬ ਵਿਚ ਨਿਰੰਤਰ ਡਿੱਗ ਰਹੇ ਗ੍ਰਾਫ ਕਾਰਨ ਕੀ ਖਹਿਰਾ ਘਰ ਵਾਪਸੀ ਕਰਨ ਦੇ ਮੂਡ ਵਿਚ ਹਨ ਅਤੇ ਰਾਹੁਲ ਖੇਮੇ ਵਲੋਂ ਉਨ੍ਹਾਂ ਨੂੰ ਵਾਪਸੀ ਦੀ ਹਰੀ ਝੰਡੀ ਮਿਲ ਚੁੱਕੀ ਹੈ। ਇਨ੍ਹਾਂ ਚਰਚਾਵਾਂ 'ਚ ਕਿੰਨੀ ਸੱਚਾਈ ਹੈ, ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ। 


Related News