ਰਾਹੁਲ ਆਪਣੀ ਕੁਰਸੀ ਬਚਾਉਣ ਲਈ 1984 ਕਤਲੇਆਮ ਦੇ ਮੁਲਜ਼ਮ ਟਾਈਟਲਰ ਤੋਂ ਮੰਗ ਰਿਹੈ ਹਿਮਾਇਤ : ਮਜੀਠੀਆ

Wednesday, May 29, 2019 - 09:38 PM (IST)

ਰਾਹੁਲ ਆਪਣੀ ਕੁਰਸੀ ਬਚਾਉਣ ਲਈ 1984 ਕਤਲੇਆਮ ਦੇ ਮੁਲਜ਼ਮ ਟਾਈਟਲਰ ਤੋਂ ਮੰਗ ਰਿਹੈ ਹਿਮਾਇਤ : ਮਜੀਠੀਆ

ਚੰਡੀਗੜ੍ਹ,(ਅਸ਼ਵਨੀ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਤੇ ਕਾਂਗਰਸ ਪਾਰਟੀ 'ਤੇ ਨਹਿਰੂ-ਇੰਦਰਾ ਗਾਂਧੀ ਦਾ ਕਬਜ਼ਾ ਕਾਇਮ ਰੱਖਣ ਲਈ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਸਮਰਥਨ ਮੰਗ ਰਿਹਾ ਹੈ, ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਜਗਦੀਸ਼ ਟਾਈਟਲਰ ਨੂੰ ਕਾਂਗਰਸ ਪ੍ਰਧਾਨ ਦੀ ਰਿਹਾਇਸ਼ ਦੇ ਬਾਹਰ ਘੁੰਮਦਾ ਵਿਖਾਉਣ ਵਾਲੇ ਵੀਡਿਓ ਕਲਿਪ 'ਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਹ ਹਰਕਤ ਵੇਖ ਕੇ ਸਾਰਿਆਂ ਨੂੰ ਭਾਰੀ ਸਦਮਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਦਿੱਲੀ ਦੇ ਬੁੱਚੜ ਤੇ ਰਾਹੁਲ ਗਾਂਧੀ ਵਿਚਕਾਰ ਬਹੁਤ ਨੇੜਤਾ ਹੈ ਤੇ ਗਾਂਧੀ ਪਰਿਵਾਰ ਨੂੰ ਜਦੋਂ  ਲੋੜ ਹੁੰਦੀ ਹੈ ਤਾਂ ਇਹ 1984 ਦੇ ਦੋਸ਼ੀਆਂ ਦੀ ਮੱਦਦ ਲੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਸਮਝ ਸਕਦੇ ਹਨ ਕਿ ਰਾਹੁਲ ਗਾਂਧੀ ਨੇ ਕਿਉਂ ਹਮੇਸ਼ਾਂ ਜਗਦੀਸ਼ ਟਾਇਟਲਰ ਦਾ ਬਚਾਅ ਕੀਤਾ ਹੈ ਤੇ ਇਸ ਗੱਲ ਦੇ ਪੁਖਤਾ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਕਿ ਜਗਦੀਸ਼ ਟਾਇਟਲਰ ਨੇ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਤੇ ਉਨ੍ਹਾਂ ਦੀਆਂ ਸੰਪਤੀਆਂ ਨੂੰ ਅੱਗਾਂ ਲਾਉਣ ਵਾਲੇ ਕਾਂਗਰਸੀ ਗੁੰਡਿਆਂ ਦੀ ਅਗਵਾਈ ਕੀਤੀ ਸੀ। ਰਾਹੁਲ ਨੇ ਉਸ ਨੂੰ ਪਾਰਟੀ 'ਚੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਹੈ।
ਮਜੀਠੀਆ ਨੇ ਕਿਹਾ ਕਿ ਆਪਣੇ ਪਿਤਾ ਦੇ ਕਰੀਬੀ ਦੋਸਤ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਇਕ ਕੇਸ 'ਚ ਉਮਰ ਕੈਦ ਦੀ ਸਜ਼ਾ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਇਹ ਟਿੱਪਣੀ ਸੀ ਕਿ 1984 ਕਤਲੇਆਮ 'ਚ ਕਿਸੇ ਕਾਂਗਰਸੀ ਆਗੂ ਦੀ ਕੋਈ ਭੂਮਿਕਾ ਨਹੀਂ ਸੀ, ਨੂੰ ਇਸ ਸੰਦਰਭ 'ਚ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਹਮੇਸ਼ਾਂ ਆਪਣੇ ਨੇੜੇ ਰੱਖਿਆ ਹੈ। ਹਾਲ ਹੀ 'ਚ ਉਸ ਨੇ ਇਕ ਦੋਸ਼ੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਹੈ। ਇਹੀ ਕਾਰਨ ਹੈ ਕਿ ਜਗਦੀਸ਼ ਟਾਈਟਲਰ ਨੇ ਮਿਹਰਬਾਨੀ ਦਾ ਮੁੱਲ ਮੋੜਿਆ ਹੈ ਤੇ ਹੁਣ ਰਾਹੁਲ ਦਾ ਸਮਰਥਨ ਕਰਨ ਲਈ ਰਚੇ ਡਰਾਮੇ 'ਚ ਕਾਂਗਰਸ ਪ੍ਰਧਾਨ ਦੀ ਰਿਹਾਇਸ਼ ਅੱਗੇ ਡੇਰੇ ਲਾਈ ਬੈਠਾ ਹੈ।
 


Related News