ਰਾਹੁਲ ਨਾਲ ਨੇੜਤਾ ਦਾ ਚੰਨੀ ਨੂੰ ਮਿਲਿਆ ਲਾਭ, ਮੰਤਰੀ ਤੋਂ ਬਣ ਗਏ ਮੁੱਖ ਮੰਤਰੀ

Monday, Sep 20, 2021 - 06:36 PM (IST)

ਜਲੰਧਰ (ਧਵਨ) : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਗਏ ਅਸਤੀਫੇ ਪਿੱਛੋਂ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਚੱਲੀ ਰੱਸਾਕਸ਼ੀ ’ਚ ਦਲਿਤ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਪਿੱਛੇ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਨੇੜਤਾ ਨੂੰ ਅਹਿਮ ਮੰਨਿਆ ਜਾਂਦਾ ਹੈ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਇਕ ਨੌਜਵਾਨ ਆਗੂ ਹਨ ਅਤੇ ਸ਼ੁਰੂ ਤੋਂ ਹੀ ਰਾਹੁਲ ਦੇ ਨੇੜੇ ਰਹੇ ਹਨ। ਜਦੋਂ ਕਾਂਗਰਸ ਪੰਜਾਬ ਵਿਚ ਵਿਰੋਧੀ ਧਿਰ ’ਚ ਸੀ ਤਾਂ ਉਸ ਸਮੇਂ ਵੀ ਰਾਹੁਲ ਨੇ ਚੰਨੀ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦਾ ਨੇਤਾ ਬਣਵਾਇਆ ਸੀ। ਉਦੋਂ ਪੰਜਾਬ ਕਾਂਗਰਸ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਸੀ। ਉਦੋਂ ਵੀ ਕਾਂਗਰਸ ਵਿਚ ਜੱਟ ਸਿੱਖ ਅਤੇ ਦਲਿਤ ਦਾ ਸੰਤੁਲਨ ਬਣਾ ਕੇ ਚੋਣਾਂ ਲੜੀਆਂ ਗਈਆਂ ਸਨ ਅਤੇ ਕਾਂਗਰਸ ਨੂੰ ਜਿੱਤ ਮਿਲੀ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਦੇ ਵੱਡੇ ਐਲਾਨ

ਕਾਂਗਰਸੀ ਆਗੂਆਂ ਮੁਤਾਬਕ ਹੁਣ ਵੀ ਕਾਂਗਰਸ ਦੀ ਲੀਡਰਸ਼ਿਪ ਨੇ ਅਜਿਹਾ ਹੀ ਦਾਅ ਖੇਡਿਆ ਹੈ। ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਜਦੋਂ ਕਾਂਗਰਸੀ ਆਗੂਆਂ ਦਰਮਿਆਨ ਮਤਭੇਦ ਉੱਭਰ ਕੇ ਸਾਹਮਣੇ ਆ ਰਹੇ ਸਨ ਤਾਂ ਰਾਹੁਲ ਗਾਂਧੀ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਬੈਠਕ ਕੀਤੀ। ਇਸ ਦੌਰਾਨ ਹੀ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਉਣ ਲਈ ਫ਼ੈਸਲਾ ਕੀਤਾ। ਰਾਹੁਲ ਅਤੇ ਸੋਨੀਆ ਦੀ ਬੈਠਕ ਪਿੱਛੋਂ ਇਹ ਸੰਦੇਸ਼ ਹਰੀਸ਼ ਰਾਵਤ ਨੂੰ ਦਿੱਤਾ ਗਿਆ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਸਨ। ਇਸ ਤਰ੍ਹਾਂ ਕਾਂਗਰਸ ਲੀਡਰਸ਼ਿਪ ਨੇ ਆਪਣੇ ਨਜ਼ਦੀਕੀ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਦਿੱਤੇ ਰਾਵਤ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ

ਚੰਨੀ ਰਾਹੁਲ ਦੀ ਪਸੰਦ ਮੰਨੇ ਜਾਂਦੇ ਹਨ। ਇਸ ਤਰ੍ਹਾਂ ਕਾਂਗਰਸ ਨੇ ਮੁੱਖ ਮੰਤਰੀ ਦੇ ਨਾਂ ’ਤੇ ਪੈਦਾ ਹੋ ਰਹੇ ਮਤਭੇਦਾਂ ਨੂੰ ਵੇਖਦੇ ਹੋਏ ਦਲਿਤ ਨੇਤਾ ਨੂੰ ਅੱਗੇ ਕਰ ਦਿੱਤਾ ਤਾਂ ਜੋ ਕੋਈ ਵੀ ਹੋਰ ਨੇਤਾ ਉਸ ਦਾ ਵਿਰੋਧ ਨਾ ਕਰ ਸਕੇ। ਚੰਨੀ ਇਕ ਸੂਝਵਾਨ ਦਲਿਤ ਨੇਤਾ ਮੰਨੇ ਜਾਂਦੇ ਹਨ। ਉਨ੍ਹਾਂ ਕਦੇ ਵੀ ਬੇਲੋੜੀ ਬਿਆਨਬਾਜ਼ੀ ਵਿਵਾਦਾਂ ਨੂੰ ਲੈ ਕੇ ਨਹੀਂ ਕੀਤੀ ਹੈ। ਇਹੀ ਗੱਲ ਉਨ੍ਹਾਂ ਦੇ ਹੱਕ ’ਚ ਗਈ। ਉਹ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਸਨ ਪਰ ਫਿਰ ਵੀ ਬੇਲੋੜੀ ਬਿਆਨਬਾਜ਼ੀ ਤੋਂ ਬਚਦੇ ਰਹੇ। ਵਿਵਾਦਾਂ ਤੋਂ ਦੂਰ ਰਹਿਣ ਕਾਰਨ ਚੰਨੀ ਦੇ ਨਾਂ ’ਤੇ ਮੋਹਰ ਲੱਗੀ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਦਾ ਮਾਸਟਰ ਸਟ੍ਰਾਕ, ਪਹਿਲੀ ਵਾਰ ਦਲਿਤ ਬਣੇਗਾ ਪੰਜਾਬ ਦਾ ਮੁੱਖ ਮੰਤਰੀ


Gurminder Singh

Content Editor

Related News