ਮਹਿੰਗਾਈ ’ਤੇ ਗਵਾਰਾਂ ਵਾਂਗ ਡਰਾਮਾ ਕਰ ਰਹੇ ਰਾਹੁਲ ਤੇ ਪ੍ਰਿਯੰਕਾ ਗਾਂਧੀ : ਤਰੁਣ ਚੁੱਘ
Monday, Feb 22, 2021 - 12:02 AM (IST)
ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਐਤਵਾਰ ਨੂੰ ਮਹਿੰਗਾਈ ’ਤੇ ਰੌਲਾ ਪਾ ਰਹੇ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ’ਤੇ ਜਮ ਕੇ ਹਮਲਾ ਬੋਲਿਆ ਅਤੇ ਕਿਹਾ ਕਿ ਦੋਵੇਂ ਨੇਤਾ ਭੁੱਲ ਗਏ ਕਿ ਯੂ. ਪੀ. ਏ. ਸਰਕਾਰ ਦੇ ਸ਼ਾਸਨਕਾਲ ਦੌਰਾਨ ਮਹਿੰਗਾਈ ਅੱਜ ਦੇ ਮੁਕਾਬਲੇ ਕਈ ਗੁਣਾ ਵਧ ਕੇ ਅਸਮਾਨ ’ਤੇ ਪਹੁੰਚ ਗਈ ਸੀ।
ਚੁੱਘ ਨੇ ਕਿਹਾ ਕਿ ਹਾਲਾਂਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਈ ਪਹਿਲਾਂ ਹੀ ਇਕ ਮੈਕੇਨਿਜ਼ਮ ’ਤੇ ਕੰਮ ਕਰ ਰਹੇ ਹਨ, ਗਾਂਧੀ ਪਰਿਵਾਰ ਦੇ ਮੈਬਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਯੂ. ਪੀ. ਏ. ਸ਼ਾਸਨ ਦੌਰਾਨ ਦਿੱਲੀ ਵਿਚ ਪੈਟਰੋਲ ਦੇ ਮੁੱਲ 112 ਫ਼ੀਸਦੀ ਤਕ ਵਧ ਗਏ ਸਨ, ਜਦੋਂ ਕਿ ਐੱਨ. ਡੀ. ਏ. ਸ਼ਾਸਨ ਦੇ 4 ਸਾਲਾਂ ਵਿਚ ਇਹ ਸਿਰਫ਼ 13 ਫੀਸਦੀ ਹੀ ਵਧੇ ਹਨ। ਡੀਜ਼ਲ ਦੇ ਮੁੱਲ ਵੀ ਐੱਨ. ਡੀ. ਏ. ਸਰਕਾਰ ਦੇ 28 ਫੀਸਦੀ ਦੇ ਮੁਕਾਬਲੇ ਯੂ. ਪੀ. ਏ. ਸਰਕਾਰ ਵਿਚ 160 ਫ਼ੀਸਦੀ ਤਕ ਵਧ ਗਏ ਸਨ।
ਚੁੱਘ ਨੇ ਕਿਹਾ ਕਿ ਯੂ. ਪੀ. ਏ.-2 ਸਰਕਾਰ ਦੌਰਾਨ ਹੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਅੱਗ ਲੱਗੀ। ਪੰਜਾਬ ਸਰਕਾਰ ਨੇ ਪਿਛਲੇ ਸਾਲ ਫਰਵਰੀ ਵਿਚ ਇਕ ਹੀ ਝਟਕੇ ਵਿਚ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ 1 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਧਾ ਦਿੱਤੀ। ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਐੱਨ. ਡੀ.ਏ. ਸਰਕਾਰ ਖਿਲਾਫ਼ ਕੁੱਝ ਬੋਲਣ ਤੋਂ ਪਹਿਲਾਂ ਆਪਣੀਆਂ ਸਰਕਾਰਾਂ ਵੱਲ ਨਜ਼ਰ ਦੌੜਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਇਸ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਵਧਦੀ ਮਹਿੰਗਾਈ ਦੀ ਪੀੜਾ ਨੂੰ ਮੋਦੀ ਜਾਣਦੇ ਹਨ ਅਤੇ ਰਾਹਤ ਲਈ ਦੇਸ਼ ਨੂੰ ਉਨ੍ਹਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ। ਮਹਿੰਗਾਈ ਦੀ ਜਨਨੀ ਕਾਂਗਰਸ ਹੈ ਜਦੋਂ ਕਿ ਭਾਜਪਾ ਨੇ ਮਹਿੰਗਾਈ ਨੂੰ ਹਮੇਸ਼ਾ ਘੱਟ ਕੀਤਾ ਹੈ ਅਤੇ ਗਰੀਬਾਂ ਦੀ ਚਿੰਤਾ ਅਤੇ ਦਰਦ ਹਮੇਸ਼ਾ ਸਮਝਿਆ ਹੈ। ਕੋਰੋਨਾ ਕਾਲ ਵਿਚ 80 ਕਰੋੜ ਲੋਕਾਂ ਨੂੰ 8 ਮਹੀਨੇ ਮੁਫ਼ਤ ਰਾਸ਼ਨ, ਫ੍ਰੀ ਗੈਸ, ਬੈਂਕ ਅਕਾਊਂਟ ਵਿਚ 500 ਰੁਪਏ ਪਾਏ ਸਨ ਤੇ ਕਾਂਗਰਸ ਮਹਿੰਗਾਈ ’ਤੇ ਇਸ ਵੇਲੇ ਗਵਾਰਾਂ ਵਾਂਗ ਡਰਾਮਾ ਕਰ ਰਹੀ ਹੈ।