ਰਾਘਵ ਚੱਡਾ ਨੂੰ ਪੁਲਸ ਦੇ ਅਧਿਕਾਰ ਖੇਤਰ ਤੇ ਨਿਯਮਾਂ ਦੀ ਜਾਣਕਰੀ ਨਹੀਂ : ਜਾਖੜ
Sunday, Jan 31, 2021 - 12:12 AM (IST)
ਜਲੰਧਰ,(ਧਵਨ)– ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਰਾਸ਼ਟਰੀ ਰਾਜਧਾਨੀ ਦੀ ਹੱਦ ’ਤੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਨੂੰ ਤੈਨਾਤ ਕਰਨ ਦੀ ਮੰਗ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਥੋਂ ਤੱਕ ਕਿ ਸੀ. ਬੀ. ਆਈ. ਵੀ ਇਜਾਜ਼ਤ ਤੋਂ ਬਿਨਾਂ ਕਿਸੇ ਸੂਬੇ ’ਚ ਦਾਖਲ ਨਹੀਂ ਹੋ ਸਕਦੀ ਹੈ ਤਾਂ ਪੰਜਾਬ ਪੁਲਸ ਕਿਵੇਂ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ’ਚ ਅਰਾਜਕਤਾ ਵਾਲੀ ਸਰਕਾਰ ਨਹੀਂ ਚਲਾ ਰਹੀ ਹੈ ਜਿਵੇਂ ਕਿ ਦਿੱਲੀ ’ਚ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਸਰਕਾਰ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਜਾਖੜ ਨੇ ਆਪ ਦੇ ਬੁਲਾਰੇ ਰਾਘਵ ਚੱਢਾ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਸ ਨੂੰ ਦਿੱਲੀ ਬਾਰਡਰ ’ਤੇ ਕਿਸਾਨਾਂ ਦੀ ਸੁਰੱਖਿਆ ਲਈ ਤੈਨਾਤ ਕਰ ਦਿੱਤਾ ਜਾਵੇ, ਜਿਨ੍ਹਾਂ ’ਤੇ ਭਾਜਪਾ ਦੇ ਗੁੰਡੇ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਘਵ ਨੂੰ ਪੁਲਸ ਦੇ ਅਧਿਕਾਰ ਖੇਤਰ ਦੇ ਸਿਧਾਂਤ ਅਤੇ ਨਿਯਮਾਂ ਦੀ ਜਾਣਕਰੀ ਨਹੀਂ ਹੈ।
ਜਾਖੜ ਨੇ ਰਾਘਵ ਚੱਢਾ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਸੰਵੇਦਨਸ਼ੀਲ ਹੁੰਦੀ ਸਥਿਤੀ ਨੂੰ ਮਜ਼ਾਕ ’ਚ ਨਾ ਲਓ। ਸੂਬਾ ਪੁਲਸ ਕਿਸ ਤਰ੍ਹਾਂ ਦਿੱਲੀ ਜਾਂ ਕਿਸੇ ਹੋਰ ਸੂਬੇ ’ਚ ਦਾਖਲ ਹੋ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਤੋਂ ਪੰਜਾਬ ਨੂੰ ਵਧਦੇ ਖਤਰੇ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਆਪ’ ਨੇਤਾਵਾਂ ਨੂੰ ਇਨ੍ਹਾਂ ਖਤਰਿਆਂ ਬਾਰੇ ਬਿਲਕੁੱਲ ਵੀ ਪਤਾ ਨਹੀਂ ਹੈ, ਜਾਂ ਤਾਂ ਤੁਸੀਂ ਬਿਲਕੁੱਲ ਅਣਜਾਨ ਹੋ ਜਾਂ ਜ਼ਮੀਨੀ ਹਕੀਕਤ ਤੋਂ ਬੇਖਬਰ ਹੋ।