‘ਅਗਨੀਪਥ’ ਮਾਮਲੇ 'ਚ ਰਾਘਵ ਚੱਢਾ ਨੇ ਰੱਖਿਆ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

Sunday, Jun 19, 2022 - 11:51 AM (IST)

‘ਅਗਨੀਪਥ’ ਮਾਮਲੇ 'ਚ ਰਾਘਵ ਚੱਢਾ ਨੇ ਰੱਖਿਆ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

ਚੰਡੀਗੜ੍ਹ (ਰਮਨਜੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ‘ਅਗਨੀਪਥ’ ਯੋਜਨਾ ਵਾਪਸ ਲੈਣ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਆਪਣੇ ਪੱਤਰ ਵਿਚ ਰਾਘਵ ਚੱਢਾ ਨੇ ਅਗਨੀਪਥ ਯੋਜਨਾ ਦੀਆਂ ਕਈ ਕਮੀਆਂ ਦੱਸੀਆਂ ਹਨ ਤੇ ਇਨ੍ਹਾਂ ਕਮੀਆਂ ਨੂੰ ਧਿਆਨ ਵਿਚ ਰੱਖ ਕੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਲਈ ਬਿਲਕੁਲ ਵੀ ਚੰਗੀ ਨਹੀਂ ਹੈ। ਇੰਨੇ ਘੱਟ ਸਮੇਂ ਦੀ ਟ੍ਰੇਨਿੰਗ ਨਾਲ ਸੈਨਾ ਦੀ ‘ਕੁਆਲਿਟੀ ਆਫ਼ ਸਰਵਿਸ’ ’ਤੇ ਬੁਰਾ ਅਸਰ ਪਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ-ਲੇਹ ਫਲਾਈਟ ਰੱਦ ਹੋਣ 'ਤੇ ਮੁਸਾਫ਼ਰਾਂ ਦਾ ਹੰਗਾਮਾ, ਖ਼ਰਾਬ ਮੌਸਮ ਕਾਰਨ ਲਿਆ ਗਿਆ ਫ਼ੈਸਲਾ

ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 14 ਜੂਨ, 2022 ਨੂੰ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਉਦੋਂ ਤੋਂ ਹੀ ਦੇਸ਼ ਭਰ ’ਚ ਨੌਜਵਾਨਾਂ ਵਲੋਂ ਇਸ ਯੋਜਨਾ ਖ਼ਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ। ਦੇਸ਼ ਦੀ ਫ਼ੌਜ ਵਿਚ ਕੰਮ ਕਰਨਾ ਤੇ ਆਪਣਾ ਪੂਰਾ ਜੀਵਨ ਉਸ ਲਈ ਨਿਛਾਵਰ ਕਰਨਾ ਹਜ਼ਾਰਾਂ ਨੌਜਵਾਨਾਂ ਦਾ ਸੁਫ਼ਨਾ ਹੁੰਦਾ ਹੈ। ਉਨ੍ਹਾਂ ਨੇ ਇਸ ਯੋਜਨਾ ਦੀਆਂ ਪੰਜ ਮੁੱਖ ਕਮੀਆਂ ਗਿਣਵਾਈਆਂ ਤੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਅਗਨੀਵੀਰਾਂ ਦਾ ਮਨ ਸ਼ਾਂਤ ਨਹੀਂ ਹੋਵੇਗਾ, ਜਿਹੜਾ ਦੇਸ਼ ਦੀ ਸੇਵਾ ਲਈ ਬੇਹੱਦ ਜ਼ਰੂਰੀ ਹੈ। ‘ਆਪ ਨੇਤਾ’ ਨੇ ਆਪਣੇ ਪੱਤਰ ਵਿਚ 6 ਮਹੀਨੇ ਦੀ ਟ੍ਰੇਨਿੰਗ ਨੂੰ ਵੀ ਗਲਤ ਦੱਸਿਆ ਤੇ ਲਿਖਿਆ ਕਿ ਇਸ ਕ੍ਰੈਸ਼ ਕੋਰਸ ਨਾਲ ਸੈਨਾ ਦੀ ਸਮਰੱਥਾ ਤੇ ਗੁਣਵੱਤਾ ’ਤੇ ਵੀ ਬੁਰਾ ਅਸਰ ਪਵੇਗਾ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 3-4 ਹੋਰ ਸਾਬਕਾ ਕਾਂਗਰਸੀ ਮੰਤਰੀ ਰਾਡਾਰ 'ਤੇ, CM ਮਾਨ ਤੱਕ ਪੁੱਜੀਆਂ ਫਾਈਲਾਂ

ਸਰਕਾਰ ਨੂੰ ਆਪਣੀ ਬੈਲੇਂਸ ਸ਼ੀਟ ਕਿਸੇ ਹੋਰ ਪਾਸਿਓਂ ਸੁਧਾਰਨੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਕੁੱਝ ਪਾਇਲਟ ਪ੍ਰਾਜੈਕਟ ਚਲਾਏ ਜਾਣੇ ਚਾਹੀਦੇ ਹਨ ਤੇ ਫਿਰ ਉਨ੍ਹਾਂ ਦੇ ਨਤੀਜੇ ਦੇਖਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਤੁਰੰਤ ਵਾਪਸ ਲੈਣ ਤੇ ਦੇਸ਼ ਦੇ ਨੌਜਵਾਨਾਂ ’ਤੇ ਇਸ ਤਰ੍ਹਾਂ ਦੇ ‘ਟ੍ਰਾਇਲ ਬਾਏ ਫਾਇਰ’ ਨੂੰ ਬੰਦ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਯੋਜਨਾ ਦਾ ਪੂਰੀ ਤਰ੍ਹਾਂ ਵਿਰੋਧੀ ਕਰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News