ਅਹਿਮ ਖ਼ਬਰ: ਰਾਧਾ ਸੁਆਮੀ ਸਤਿਸੰਗ ਘਰਾਂ ’ਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਮੁਲਤਵੀ

01/13/2022 4:12:33 PM

ਜਲੰਧਰ (ਗੁਲਸ਼ਨ)– ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਆਪਣੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਸਥਿਤ ਸਤਿਸੰਗ ਘਰਾਂ ਵਿਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਹਨ। 

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਸ਼ੁਰੂਆਤ ਤੋਂ ਹੀ ਡੇਰਾ ਬਿਆਸ ਅਤੇ ਸਤਿਸੰਗ ਘਰਾਂ ਵਿਚ ਹੋਣ ਵਾਲੇ ਸਤਿਸੰਗ ਰੱਦ ਚੱਲ ਰਹੇ ਸਨ। ਹੁਣ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਦਿਆਂ ਸਤਿਸੰਗ ਘਰਾਂ ਵਿਚ ਹਫ਼ਤਾਵਾਰੀ ਸਤਿਸੰਗ ਸ਼ੁਰੂ ਕੀਤੇ ਗਏ ਸਨ ਪਰ ਇਕ ਵਾਰ ਫਿਰ ਮਹਾਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਫ਼ੈਲਣ ਲੱਗਾ ਹੈ, ਜਿਸ ਕਾਰਨ ਅਹਿਤਿਆਤ ਵਜੋਂ ਸਾਰੇ ਹਫ਼ਤਾਵਾਰੀ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: CM ਚੰਨੀ ਦਾ ਵੱਡਾ ਬਿਆਨ, PM ਮੋਦੀ ਦੇ ਦੌਰੇ ਦੌਰਾਨ ਲਾਠੀਚਾਰਜ ਹੁੰਦਾ ਤਾਂ ਪੰਜਾਬ ਦੇ ਹਾਲਾਤ ਖ਼ਰਾਬ ਹੋ ਜਾਂਦੇ

ਜਾਣੋ ਕੀ ਹੈ ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਕੋਰੋਨਾ ਵਾਇਰਸ ਨੇ ਪੰਜਾਬ ’ਚ ਖ਼ਤਰਨਾਕ ਰੂਪ ਧਾਰ ਲਿਆ ਹੈ, ਜਿਸ ਨਾਲ ਬੁੱਧਵਾਰ 10 ਲੋਕਾਂ ਦੀ ਜਾਨ ਚਲੀ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 6481 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 906, ਲੁਧਿਆਣਾ ’ਚ 724, ਜਲੰਧਰ ’ਚ 654, ਐੱਸ. ਏ. ਐੱਸ. ਨਗਰ ’ਚ 974, ਪਠਾਨਕੋਟ ’ਚ 522, ਅੰਮ੍ਰਿਤਸਰ ’ਚ 480, ਫਤਿਹਗੜ੍ਹ ਸਾਹਿਬ ’ਚ 145, ਗੁਰਦਾਸਪੁਰ ’ਚ 264, ਹੁਸ਼ਿਆਰਪੁਰ ’ਚ 571, ਬਠਿੰਡਾ ’ਚ 172, ਰੋਪੜ ’ਚ 285, ਤਰਨਤਾਰਨ ’ਚ 61, ਫਿਰੋਜ਼ਪੁਰ ’ਚ 111, ਸੰਗਰੂਰ ’ਚ 101, ਮੋਗਾ ’ਚ 24, ਕਪੂਰਥਲਾ ’ਚ 183, ਬਰਨਾਲਾ ’ਚ 40, ਫਾਜ਼ਿਲਕਾ ’ਚ 52, ਸ਼ਹੀਦ ਭਗਤ ਸਿੰਘ ਨਗਰ 71, ਫਰੀਦਕੋਟ 45, ਮਾਨਸਾ 61,  ਮੁਕਤਸਰ ’ਚ 35 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਕੇਸਾਂ ਸਬੰਧੀ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਨਿਰਦੇਸ਼

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 6,36,243 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16702 ਲੋਕਾਂ ਦੀ ਮੌਤ ਹੋ ਚੁੱਕੀ ਹੈ। 592760 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫ਼ਿਊ ਲਗਾਇਆ ਹੋਇਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News