ਮੁੱਖ ਮੰਤਰੀ ਚੰਨੀ ਵੱਲੋਂ PM ਮੋਦੀ ਨੂੰ ਲਿਖੀ ਚਿੱਠੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ

Tuesday, Nov 30, 2021 - 03:56 PM (IST)

ਚੰਡੀਗੜ੍ਹ : ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਿਖੀ ਚਿੱਠੀ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਤੰਜ ਕੱਸਿਆ ਹੈ। ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਚਾਹੁੰਦੇ ਹਨ ਕਿ ਗੈਰ-ਕਾਂਗਰਸੀ ਕੇਂਦਰ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫੀ 'ਤੇ ਕਾਂਗਰਸ ਦੇ ਵਾਅਦੇ ਦਾ 50 ਫੀਸਦੀ ਪੂਰਾ ਕਰੇ। 5 ਮਹੀਨਿਆਂ ਦੀ ਸਰਕਾਰ ’ਚ ਇਕ 25 ਫੀਸਦੀ ਮੁੱਖ ਮੰਤਰੀ ਨੇ ਖੁੱਲੇ ਤੌਰ ’ਤੇ ਮੰਨਿਆ ਕਿ ਲੋਕ ਉਨ੍ਹਾਂ ਦੇ ਸ਼ਬਦਾਂ ’ਤੇ ਸਿਰਫ 50 ਫੀਸਦੀ ਭਰੋਸਾ ਕਰ ਸਕਦੇ ਹਨ।
PunjabKesari

ਇਹ ਵੀ ਪੜ੍ਹੋ : ਕੇਜਰੀਵਾਲ ਦਾ ਸੁਖਬੀਰ ਬਾਦਲ ਨੂੰ ਵੱਡਾ ਸਵਾਲ, ਕਿਹਾ-CM ਚੰਨੀ ਖ਼ਿਲਾਫ ਇਕ ਵੀ ਲਫ਼ਜ਼ ਕਿਉਂ ਨਹੀਂ ਬੋਲਦੇ

PunjabKesari

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਪੰਜਾਬ ਦੇ ਕਿਸਾਨਾਂ ਨੂੰ ਦੋਹਰਾ ਝਟਕਾ ਦੇਣਾ ਚਾਹੁੰਦੀ ਹੈ। 2017 ਦੀਆਂ ਚੋਣਾਂ ਵੇਲੇ ਉਸ ਵੇਲੇ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਸ ਝਾਂਸੇ ’ਚ ਫਸਾਇਆ ਸੀ ਕਿ ਕਾਂਗਰਸ ਸਰਕਾਰ ਉਨ੍ਹਾਂ ਦਾ ਪੂਰਾ ਕਰਜ਼ਾ ਮੁਆਫ ਕਰੇਗੀ। ਹੁਣ ਕਿਸਾਨਾਂ ਨੂੰ ਧੋਖਾ ਦੇਣ ਤੇ ਉਨ੍ਹਾਂ ਨਾਲ ਵਿਸ਼ਵਾਘਾਤ ਕਰਨ ਤੋਂ ਚੰਨੀ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਇਸ ਝਾਂਸੇ ’ਚ ਲਿਆਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਕਰਜ਼ਾ ਕੇਂਦਰ ਸਰਕਾਰ ਵੱਲੋਂ ਮੁਆਫ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ’ਤੇ ਕਿਸਾਨਾਂ ਦੇ ਨਾਲ ਨਾਲ ਮਨੁੱਖਤਾ ਖਿਲਾਫ ਵੀ ਅਪਰਾਧ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਚੰਨੀ ਦੀ ਚਿੱਠੀ ਕਾਗਜ਼ ਦੇ ਉਸ ਟੁਕੜੇ ਤੋਂ ਵੱਧ ਨਹੀਂ, ਜਿਸ ’ਤੇ ਇਹ ਛਾਪੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਰਿਕਾਰਡ ਦਾ ਹਿੱਸਾ ਹੈ ਕਿ ਕਾਂਗਰਸ ਪਾਰਟੀ ਨੇ ਹੀ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ, ਨਾ ਕਿ ਕੇਂਦਰ ਸਰਕਾਰ ਨੇ ਅਜਿਹਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੂਰਨ ਕਰਜ਼ਾ ਮੁਆਫੀ ਨੂੰ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਵੀ ਬਣਾਇਆ ਗਿਆ ਸੀ ਤੇ ਇਹ ਕਾਂਗਰਸ ਪਾਰਟੀ ਦੀ ਸਰਕਾਰ ਹੀ ਹੈ, ਜਿਸ ਦੀ ਜ਼ਿੰਮੇਵਾਰੀ ਇਸ ਨੂੰ ਪੂਰਾ ਕਰਨ ਦੀ ਬਣਦੀ ਹੈ, ਨਾ ਕਿ ਕੇਂਦਰ ਸਰਕਾਰ ਦੀ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਅੱਧੀ ਜ਼ਿੰਮੇਵਾਰੀ ਚੁੱਕਣ ਲਈ ਆਖਣਾ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਚਿੱਠੀ ਦੀ ਕੋਈ ਤੁੱਕ ਨਹੀਂ ਬਣਦੀ ਤੇ ਇਸ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਚਿੱਠੀ ਨਾਲ ਕਾਂਗਰਸ ਪਾਰਟੀ ਨੂੰ ਇਸ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਅੱਧੀ ਜ਼ਿੰਮੇਵਾਰੀ ਨਾ ਚੁੱਕਣ ਦਾ ਬਹਾਨਾ ਮਿਲ ਜਾਵੇਗਾ ਤੇ ਉਹ ਰਾਜਨੀਤੀ ਕਰਦੀ ਰਹੇਗੀ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਪਵਿੱਤਰ ਵਾਅਦੇ ਨੂੰ ਪੂਰਾ ਕਰਨ ਤੋਂ ਨਾ ਭੱਜਣ। ਉਨ੍ਹਾਂ ਕਿਹਾ ਕਿ ਚੰਨੀ ਨੇ ਆਪਣੀ ਚਿੱਠੀ ਵਿਚ ਮੰਨਿਆ ਹੈ ਕਿ ਕਾਂਗਰਸ ਪਾਰਟੀ ਆਪਣਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਲਾਗੂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਇਸ ਮਾਮਲੇ ’ਤੇ ਝੂਠੇ ਦਾਅਵੇ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿਚ ਪ੍ਰਵਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਹਜ਼ਾਰਾਂ ਕਿਸਾਨਾਂ ਨੁੰ ਖੁਦਕੁਸ਼ੀਆਂ ਦੇ ਰਾਹ ਪਾਇਆ ਕਿਉਂਕਿ ਉਹ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਚੰਨੀ ਨੇ ਇਹ ਵੀ ਮੰਨਿਆ ਹੈ ਕਿ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਤੋਂ ਵਸੂਲੀਆਂ ਕੀਤੀਆਂ ਜਾ ਰਹੀਆਂ ਹਨ। ਬਾਦਲ ਨੇ ਕਿਹਾ ਕਿ ਸਵੈਮਾਣ ਵਾਲੇ ਕਿਸਾਨ ਕਦੇ ਵੀ ਕਾਂਗਰਸ ਸਰਕਾਰ ਜਾਂ ਇਸ ਦੇ ਮੁੱਖ ਮੰਤਰੀ ’ਤੇ ਮੁੜ ਵਿਸਾਹ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਚੰਨੀ ਦੇ ਤਰਕ ਦੇ ਮੁਤਾਬਕ ਤਾਂ ਉਹ ਪਲਟੀ ਮਾਰ ਗਏ ਹਨ ਤੇ ਹੁਣ ਕਾਂਗਰਸ ਵੱਲੋਂ ਕੀਤੇ ਵਾਅਦਿਆਂ ’ਚੋਂ 50 ਫੀਸਦੀ ਦੀ ਜ਼ਿੰਮੇਵਾਰੀ ਕੇਂਦਰ ਵਿਖੇ ਗੈਰ-ਕਾਂਗਰਸੀ ਸਰਕਾਰਾਂ ਸਿਰ ਪਾਈ ਜਾਵੇਗੀ।

ਕੱਲ੍ਹ ਨੂੰ ਇਹ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਹ ਵੀ ਆਖ ਸਕਦੇ ਹਨ ਕਿ ਉਹ ਬਿਜਲੀ ਦਰਾਂ ਵਿਚ 3 ਰੁਪਏ ਕਟੌਤੀ ਸਮੇਤ ਲੋਕਾਂ ਲਈ ਐਲਾਨੀਆਂ ਰਾਹਤਾਂ ’ਚੋਂ ਅੱਧਾ ਭਾਰ ਆਪਣੇ ਸਿਰ ਲੈਣ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਪੰਜਾਬੀ ਕਾਂਗਰਸ ਪਾਰਟੀ ਵੱਲੋਂ ਕੀਤੇ ਜਾਂਦੇ ਵਾਅਦਿਆਂ ਨੁੰ ਅੱਧਾ ਕਰਨਾ ਸ਼ੁਰੂ ਕਰ ਦੇਣਗੇ। ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਇਹ ਜ਼ੋਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਝੂਠੇ ਇਨਸਾਨਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਅੱਜ ਇਹ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਪਾਰਟੀ ’ਤੇ ਸੱਚ ਬੋਲਣ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਸਕੀਮ ਹੁਣ ਸਰਕਾਰੀ ਪੱਧਰ ’ਤੇ ਮਰ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਸਮੇਤ ਲੋਕਾਂ ਨਾਲ ਕੀਤੇ ਹੋਰ ਵਾਅਦਿਆਂ ਦਾ ਵੀ ਇਹੋ ਹਸ਼ਰ ਹੋਣ ਵਾਲਾ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News