ਪ੍ਰਦੁਮਨ ਮਾਮਲੇ ਦੇ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ, 95 ਫ਼ੀਸਦੀ ਸਕੂਲਾਂ ਦੀਆਂ ਵੈਨਾਂ ''ਚ ਲੇਡੀ ਅਟੈਂਡੈਂਟ ਨਹੀਂ

Tuesday, Sep 12, 2017 - 11:28 AM (IST)

ਪ੍ਰਦੁਮਨ ਮਾਮਲੇ ਦੇ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ, 95 ਫ਼ੀਸਦੀ ਸਕੂਲਾਂ ਦੀਆਂ ਵੈਨਾਂ ''ਚ ਲੇਡੀ ਅਟੈਂਡੈਂਟ ਨਹੀਂ

ਅੰਮ੍ਰਿਤਸਰ (ਨੀਰਜ) - ਰਯਾਨ ਸਕੂਲ ਗੁਰੂ ਗ੍ਰਾਮ 'ਚ ਮਾਸੂਮ ਬੱਚੇ ਪ੍ਰਦੁਮਨ ਦੇ ਨਾਲ ਕੰਡਕਟਰ ਵੱਲੋਂ ਬਦਫੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਹਰ ਕੋਈ ਸਦਮੇ 'ਚ ਹੈ ਤੇ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ । ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ ਪਰ ਇਹ ਵੇਖਿਆ ਜਾਣਾ ਚਾਹੀਦਾ ਹੈ ਕਿ ਕੀ ਪ੍ਰਸ਼ਾਸਨ ਨੇ ਇਸ ਘਟਨਾ ਤੋਂ ਕੋਈ ਸਬਕ ਲਿਆ ਹੈ? ਸਕੂਲ ਵੈਨਾਂ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਅੱਜ ਵੀ 95 ਫ਼ੀਸਦੀ ਸਕੂਲ ਵੈਨਾਂ 'ਚ ਮਹਿਲਾ ਅਟੈਂਡੈਂਟ ਜਾਂ ਕੰਡਕਟਰ ਨਹੀਂ ਹੈ ਜਦੋਂ ਕਿ ਸਾਰੀਆਂ ਸਕੂਲ ਵੈਨਾਂ 'ਚ ਕੋਈ ਨਾ ਕੋਈ ਛੋਟੀ ਬੱਚੀ ਜ਼ਰੂਰ ਸਵਾਰ ਹੁੰਦੀ ਹੈ ਜੋ ਆਪਣੇ ਘਰੋਂ ਪੜ੍ਹਨ ਲਈ ਸਕੂਲ ਜਾਂਦੀ ਹੈ। ਕੁਝ ਨਾਮੀ ਸਕੂਲਾਂ ਤੋਂ ਇਲਾਵਾ ਜ਼ਿਆਦਾਤਰ ਸਕੂਲਾਂ ਦੀਆਂ ਵੈਨਾਂ 'ਚ ਕੋਈ ਵੀ ਮਹਿਲਾ ਅਟੈਂਡੈਂਟ ਜਾਂ ਕੰਡਕਟਰ ਨਹੀਂ ਹੈ। ਇੰਨਾ ਹੀ ਨਹੀਂ ਜ਼ਿਲਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਸੇਫ ਸਕੂਲ ਵੈਨ ਮੁਹਿੰਮ ਵੀ ਇਸ ਸਮੇਂ ਠੰਡੇ ਬਸਤੇ 'ਚ ਪਾਇਆ ਜਾ ਚੁੱਕਿਆ ਹੈ ਕਿਉਂਕਿ ਇਕ ਤਾਂ ਵਿਧਾਨ ਸਭਾ ਚੋਣ ਤੇ ਇਸ ਦੇ ਬਾਅਦ ਨਵੀਂ ਸਰਕਾਰ ਬਣਨ ਦੇ ਬਾਅਦ ਇਸ ਮੁਹਿੰਮ 'ਤੇ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਗਿਆ। ਅੱਜ ਲੋੜ ਹੈ ਇਸ ਮੁਹਿੰਮ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਕਿਉਂਕਿ ਕੋਈ ਵੀ ਮਾਤਾ-ਪਿਤਾ ਇਹ ਸਹਿਣ ਨਹੀਂ ਕਰਨਗੇ ਕਿ ਉਸ ਦੇ ਬੱਚੇ ਜਾਂ ਬੱਚੀ ਦੇ ਨਾਲ ਪ੍ਰਦੁਮਨ ਵਰਗੀ ਘਟਨਾ ਵਾਪਰੇ। 
ਇਸ ਸਬੰਧੀ ਮਾਣਯੋਗ ਹਾਈ ਕੋਰਟ, ਸੀ.ਬੀ.ਐੱਸ.ਈ. ਦੇ ਇਲਾਵਾ ਚਾਈਲਡ ਸੇਫਟੀ ਕਮਿਸ਼ਨ ਵੱਲੋਂ ਵੀ ਜ਼ਿਲਾ ਪ੍ਰਸ਼ਾਸਨ ਤੇ ਸਕੂਲਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਸੇਫ ਸਕੂਲ ਵੈਨ ਮੁਹਿੰਮ ਦੇ ਨਿਯਮਾਂ ਦੀ ਪਾਲਣਾ ਕਰਨ, ਇੰਨਾ ਹੀ ਨਹੀਂ ਇਸ ਮਾਮਲੇ 'ਚ ਹਾਈ ਕੋਰਟ ਦੀ ਟੀਮ ਵੀ ਖੁਦ ਚੈਕਿੰਗ ਕਰ ਚੁੱਕੀ ਹੈ ਪਰ ਕੁਝ ਸਮਾਂ ਤੇਜ਼ ਰਹਿਣ ਦੇ ਬਾਅਦ ਇਸ ਮੁਹਿੰਮ ਨੂੰ ਮੌਜੂਦਾ ਹਾਲਾਤ 'ਚ ਠੰਡੇ ਬਸਤੇ 'ਚ ਪਾਇਆ ਜਾ ਚੁੱਕਿਆ ਹੈ। 
ਦੋ ਨਾਮੀ ਸਕੂਲਾਂ ਨੂੰ ਹਾਈ ਕੋਰਟ ਨੇ ਜਾਰੀ ਕੀਤਾ ਸੀ ਨੋਟਿਸ
ਅੰਮ੍ਰਿਤਸਰ : ਸੇਫ ਸਕੂਲ ਵੈਨ ਮੁਹਿੰਮ ਤਹਿਤ ਸਖ਼ਤ ਕਾਰਵਾਈ ਕਰਦੇ ਹੋਏ ਮਾਣਯੋਗ ਹਾਈ ਕੋਰਟ ਨੇ ਸ਼ਹਿਰ ਦੇ ਦੋ ਵੱਡੇ ਸਕੂਲਾਂ ਨੂੰ ਸੇਫ ਸਕੂਲ ਵੈਨ ਪਾਲਿਸੀ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਸੀ। ਇਨ੍ਹਾਂ 'ਚੋਂ ਇਕ ਸਕੂਲ ਜੀ.ਟੀ. ਰੋਡ ਉਤੇ ਹੈ ਤੇ ਸੀ.ਬੀ.ਐੱਸ.ਈ. ਨਾਲ ਸੰਬੰਧਿਤ ਹੈ ਜਦੋਂ ਕਿ ਦੂਜਾ ਸਕੂਲ ਅੰਮ੍ਰਿਤਸਰ ਕੈਂਟ 'ਚ ਆਈ.ਸੀ.ਐੱਸ.ਈ. ਨਾਲ ਸੰਬੰਧਿਤ ਹੈ।  ਇੰਨਾ ਹੀ ਨਹੀਂ ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਜ਼ਰੀਏ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਦੇ ਬਾਅਦ ਪ੍ਰਸ਼ਾਸਨ ਵੱਲੋਂ ਵੀ ਨਾ ਸਿਰਫ ਸਕੂਲਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਗਿਆ ਸਗੋਂ ਸਮੂਹ ਸਕੂਲ ਮੁਖੀਆਂ ਤੇ ਪ੍ਰਬੰਧਕਾਂ ਦੇ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਆਪਣੇ-ਆਪਣੇ ਸਕੂਲਾਂ 'ਚ ਚੱਲਣ ਵਾਲੀਆਂ ਵੈਨਾਂ ਤੇ ਹੋਰ ਗੱਡੀਆਂ ਦਾ ਵੇਰਵਾ ਦੇਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲਾ ਸਿੱਖਿਆ ਅਧਿਕਾਰੀ, ਐੱਸ.ਡੀ.ਐੱਮ. ਤੇ ਡੀ.ਟੀ.ਓ. ਮੌਜੂਦਾ ਸਮੇਂ 'ਚ ਆਰ.ਟੀ.ਓ. ਨੂੰ ਸੇਫ ਸਕੂਲ ਵੈਨ ਮੁਹਿੰਮ ਚਲਾਉਣ ਤੇ ਸਕੂਲਾਂ 'ਚ ਚੈਕਿੰਗ ਕਰਨ ਦੇ ਹੁਕਮ ਹਨ। 
ਸਕੂਲਾਂ ਨੂੰ ਤਿੰਨ ਕੈਟਾਗਰੀ 'ਚ ਦੇਣਾ ਹੁੰਦਾ ਹੈ ਵੈਨਾਂ ਦਾ ਵੇਰਵਾ 
ਅੰਮ੍ਰਿਤਸਰ : ਸਕੂਲਾਂ ਨੇ ਤਿੰਨ ਕੈਟਾਗਰੀ 'ਚ ਆਪਣਾ-ਆਪਣਾ ਵੇਰਵਾ ਦੇਣਾ ਹੈ ਜੋ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਵੱਲੋਂ ਆਇਆ ਹੈ। ਪਹਿਲੀ ਕੈਟਾਗਰੀ 'ਚ ਲਿਖਣਾ ਹੋਵੇਗਾ ਕਿ ਸੰਬੰਧਿਤ ਸਕੂਲ ਵੈਨ ਦਾ ਮਾਲਕ ਸਕੂਲ ਹੈ ਤੇ ਸੰਬੰਧਿਤ ਵੈਨ ਸਕੂਲ ਵੱਲੋਂ ਖਰੀਦੀ ਗਈ ਹੈ । ਦੂਜੀ ਕੈਟੇਗਰੀ 'ਚ ਲਿਖ ਕੇ ਦੇਣਾ ਹੋਵੇਗਾ ਕਿ ਸਕੂਲ ਨੇ ਕੰਟਰੈਕਟ ਉਤੇ ਸਕੂਲ ਵੈਨ ਰੱਖੀ ਹੋਈ ਹੈ। ਇਹ ਦੂਜਾ ਪ੍ਰੋਫਾਰਮਾ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਆਮ ਤੌਰ 'ਤੇ ਜਦੋਂ ਟ੍ਰਾਂਸਪੋਰਟ ਵਿਭਾਗ ਕਿਸੇ ਸਕੂਲ ਵੈਨ ਨੂੰ ਫੜਦਾ ਹੈ ਤਾਂ ਸਕੂਲ ਪ੍ਰਬੰਧਕ ਇਹ ਕਹਿ ਕੇ ਪੱਲਾ ਝਾੜ ਲੈਂਦਾ ਹੈ ਕਿ ਇਹ ਵੈਨ ਉਨ੍ਹਾਂ ਦੀ ਨਹੀਂ ਹੈ ਪਰ ਇਕ ਵਾਰ ਦੂਜੀ ਕੈਟੇਗਰੀ 'ਚ ਲਿਖ ਕੇ ਦੇਣ ਦੇ ਬਾਅਦ ਸਕੂਲ ਪ੍ਰਬੰਧਕ ਆਪਣਾ ਪੱਲਾ ਨਹੀਂ ਝਾੜ ਸਕਣਗੇ। ਇਸ ਵੇਰਵੇ 'ਚ ਤੀਜੀ ਕੈਟਾਗਰੀ 'ਚ ਇਹ ਲਿਖ ਕੇ ਦੇਣਾ ਹੋਵੇਗਾ ਕਿ ਬੱਚਿਆਂ ਦੇ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ 'ਤੇ ਸਕੂਲ ਵੈਨ ਲਗਾ ਰੱਖੀ ਹੈ, ਇਸ ਕੈਟੇਗਰੀ 'ਚ ਸਾਰੀ ਜ਼ਿੰਮੇਵਾਰੀ ਬੱਚਿਆਂ ਦੇ ਮਾਪਿਆਂ 'ਤੇ ਆ ਜਾਵੇਗੀ।  
ਸਕੂਲ ਵੈਨ ਚਾਲਕਾਂ ਨੂੰ ਪੂਰਾ ਮੌਕਾ ਦੇ ਚੁੱਕਿਆ ਹੈ ਪ੍ਰਸ਼ਾਸਨ
ਅੰਮ੍ਰਿਤਸਰ : ਸਕੂਲ ਵੈਨਾਂ ਦੇ ਮਾਮਲੇ 'ਚ ਦੱਸਦੇ ਚਲੀਏ ਕਿ ਸ਼ੁਰੂਆਤ 'ਚ ਜਦੋਂ ਟ੍ਰਾਂਸਪੋਰਟ ਵਿਭਾਗ ਵੱਲੋਂ ਸਕੂਲ ਵੈਨਾਂ ਨੂੰ ਬੰਦ ਕੀਤਾ ਜਾ ਰਿਹਾ ਸੀ ਤਾਂ ਸਕੂਲ ਵੈਨ ਯੂਨੀਅਨ ਨੇ ਪ੍ਰਸ਼ਾਸਨ ਵਲੋਂ ਵੈਨਾਂ ਨੂੰ ਠੀਕ ਕਰਨ ਲਈ ਸਮਾਂ ਮੰਗਿਆ ਸੀ ਉਸ ਸਮੇਂ ਦੇ ਅਨੁਸਾਰ ਦੀਵਾਲੀ 2015 ਤੱਕ ਦੀ ਰਿਆਇਤ ਦੇ ਦਿੱਤੀ ਗਈ ਸੀ ਤੇ ਉਸ ਦੇ ਬਾਅਦ ਵੀ ਰਿਆਇਤ ਕੀਤੀ ਗਈ ਹੈ। ਮੁਹਾਵਾ ਸਕੂਲ ਵੈਨ ਹਾਦਸਾ ਜਿਸ 'ਚ ਸੱਤ ਛੋਟੇ ਬੱਚਿਆਂ ਦੀ ਮੌਤ ਹੋ ਗਈ ਸੀ ਉਸ ਦੇ ਬਾਅਦ ਪ੍ਰਸ਼ਾਸਨ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਹੁਣ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹੁਣ ਤੱਕ ਬੰਦ ਕੀਤੀਆਂ ਜਾ ਚੁੱਕੀਆਂ ਹਨ 250 ਸਕੂਲ ਵੈਨਾਂ
ਅੰਮ੍ਰਿਤਸਰ : ਸੇਫ ਸਕੂਲ ਵੈਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ ਦੋ ਸਾਲਾਂ ਦੌਰਾਨ 250 ਤੋਂ ਜ਼ਿਆਦਾ ਸਕੂਲ ਵੈਨਾਂ ਨੂੰ ਬੰਦ ਕੀਤਾ ਜਾ ਚੁੱਕਿਆ ਹੈ ਅਤੇ ਬਕਾਇਦਾ ਇਨ੍ਹਾਂ ਵੈਨਾਂ ਦੀ ਲਿਸਟ ਹਾਈ ਕੋਰਟ ਨੂੰ ਦਿੱਤੀ ਗਈ ਹੈ। ਇਹੀ ਕਾਰਨ ਸੀ ਕਿ ਹਾਈ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਅੰਮ੍ਰਿਤਸਰ 'ਚ ਛਾਪੇਮਾਰੀ ਦੌਰਾਨ ਸੇਫ ਸਕੂਲ ਵੈਨ ਪਾਲਿਸੀ ਦੇ ਮਾਮਲੇ 'ਚ ਕਾਫ਼ੀ ਸੰਤੁਸ਼ਟੀ ਵਿਖਾਈ ਹੈ। 
ਕੀ ਹਨ ਸੇਫ ਸਕੂਲ ਵੈਨ ਮੁਹਿੰਮ ਦੇ ਨਿਯਮ
- ਜੇਕਰ ਸਕੂਲ ਵੈਨ ਹਾਦਸਾ ਹੁੰਦਾ ਹੈ ਤਾਂ ਇਸ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਪੂਰਾ ਜ਼ਿੰਮੇਵਾਰ ਮੰਨਿਆ ਜਾਵੇਗਾ । 
- ਸਕੂਲ ਵੈਨ 'ਚ ਮਹਿਲਾ ਅਟੈਂਡੈਂਟ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਵੈਨ 'ਚ ਕੋਈ ਬੱਚੀ ਬੈਠਦੀ ਹੈ ਤਾਂ । 
- ਸਕੂਲ ਵੈਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ । 
- ਸਕੂਲ ਵੈਨ 'ਚ ਸਪੀਡ ਗਰਵਨਰ ਲਗਾ ਹੋਣਾ ਚਾਹੀਦਾ ਹੈ। 
- ਸਕੂਲ ਵੈਨ ਦੇ ਦਰਵਾਜ਼ ਹਾਈਡਰੋਲਿਕ ਹੋਣੇ ਚਾਹੀਦੇ ਹਨ।
- ਸਕੂਲ ਵੈਨ 'ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ। 
- ਸਕੂਲ ਵੈਨ ਰਜਿਸਟਰਡ ਹੋਣੀ ਚਾਹੀਦੀ ਹੈ ਤੇ ਡਰਾਈਵਰ ਦੇ ਕੋਲ ਬਕਾਇਦਾ ਸਕੂਲ ਵੈਨ ਚਲਾਉਣ ਦਾ ਹੀ ਡਰਾਈਵਿੰਗ ਲਾਇਸੰਸ ਹੋਣਾ ਚਾਹੀਦਾ ਹੈ । 
- ਡਰਾਈਵਰ ਦੇ ਨਾਲ ਹੈਲਪਰ ਵੀ ਹੋਣਾ ਚਾਹੀਦਾ ਹੈ। 
- ਸਕੂਲ ਵੈਨ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ।


Related News