ਪੀ. ਯੂ. ਵਿਚ ਹੋਏ ਘਪਲੇ ਹੁਣ ਪਹੁੰਚਣਗੇ ਵਿਜੀਲੈਂਸ ਦੇ ਦਰਬਾਰ

02/11/2018 12:06:03 PM

ਪਟਿਆਲਾ (ਜੋਸਨ)–ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਿਛਲੇ ਸਮੇਂ ਵਿਚ ਹੋਏ ਘਪਲਿਆਂ ਦਾ ਗੂੰਜ ਹੁਣ ਵਿਜੀਲੈਂਸ ਦੇ ਦਰਬਾਰ ਵਿਚ ਸੁਣਾਈ ਦੇਵੇਗੀ। ਵਿਦਿਆਰਥੀ ਜਥੇਬੰਦੀ 'ਸੈਫੀ' ਯੂਨੀਵਰਸਿਟੀ 'ਚ ਹੋਏ ਵੱਖ-ਵੱਖ ਘਪਲਿਆਂ ਨੂੰ ਲੈ ਕੇ ਐੱਸ. ਐੱਸ. ਪੀ. ਵਿਜੀਲੈਂਸ ਨੂੰ ਸੋਮਵਾਰ ਨੂੰ ਇਸ ਸਬੰਧੀ ਮੈਮੋਰੰਡਮ ਦੇਣ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਅਕਾਲੀ-ਭਾਜਪਾ ਰਾਜ ਤੋਂ ਬਾਅਦ ਵੱਖ-ਵੱਖ ਘਪਲਿਆਂ ਨੂੰ ਲੈ ਕੇ ਰਾਮ ਰੌਲਾ ਪਿਆ ਸੀ। ਇਨ੍ਹਾਂ ਘਪਲਿਆਂ ਵਿਚ ਬਿਨਾ ਨੈੱਟ ਪਾਸ ਪ੍ਰੋਫੈਸਰ ਨਿਯੁਕਤ ਕਰਨਾ, ਐੱਸ. ਸੀ./ਬੀ. ਸੀ. ਫਰਜ਼ੀ ਸਰਟੀਫਿਕੇਟ ਬਣਾਉਣਾ, ਕਾਂਸਟੀਚਿਊਟ ਕਾਲਜਾਂ ਦੇ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਨਿਯਮਾਂ ਨੂੰ ਫਾਲੋਅਪ ਨਾ ਕਰਨ ਸਮੇਤ ਹੋਰ ਵੀ ਕਈ ਘਪਲੇ ਯੂਨੀਵਰਸਿਟੀ ਵਿਚ ਸੁਰਖੀਆਂ ਬਣੇ ਹਨ।
'ਸੈਫੀ' ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਇਨ੍ਹਾਂ ਘਪਲਿਆਂ ਨੂੰ ਲੈ ਕੇ ਮੰਗ ਉਠਾਈ ਸੀ ਤੇ ਮਈ 2017 ਵਿਚ ਉਸ ਸਮੇਂ ਦੇ ਯੂਨੀਵਰਸਿਟੀ ਦੇ ਐਕਟਿੰਗ ਵੀ. ਸੀ. ਤੇ ਸੀਨੀਅਰ ਆਈ. ਏ. ਐੱਸ. ਅਫਸਰ ਅਨੁਰਾਗ ਵਰਮਾ ਨੇ ਇਨ੍ਹਾਂ ਘਪਲਿਆਂ ਸਬੰਧੀ ਵੱਖ-ਵੱਖ ਪੜਤਾਲੀਆਂ ਕਮੇਟੀਆਂ ਬਣਾ ਦਿੱਤੀਆਂ ਸਨ, ਜਿਨ੍ਹਾਂ ਨੇ ਆਪਣੀਆਂ ਰਿਪੋਰਟਾਂ ਵੀ ਵੀ. ਸੀ. ਦਫ਼ਤਰ ਨੂੰ ਸੌਂਪ ਦਿੱਤੀਆਂ ਸਨ ਪਰ ਮੁੜ ਕੇ ਇਨ੍ਹਾਂ ਨੂੰ ਅਜੇ ਤੱਕ ਨਾ ਖੋਲ੍ਹਿਆ ਗਿਆ ਹੈ ਅਤੇ ਨਾ ਹੀ ਇਨ੍ਹਾਂ ਤੋਂ ਕੋਈ ਕਾਰਵਾਈ ਹੋਈ ਹੈ। ਵਿਦਿਆਰਥੀ ਜਥੇਬੰਦੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਮੌਜੂਦਾ ਵੀ. ਸੀ. ਡਾ. ਬੀ. ਐੱਸ. ਘੁੰਮਣ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ ਪਰ ਉਨ੍ਹਾਂ ਘਪਲਿਆਂ ਨੂੰ ਲੈ ਕੇ ਗੋਲਮੋਲ ਜਵਾਬ ਹੀ ਦਿੱਤਾ ਹੈ, ਜਿਸ ਕਾਰਨ ਹੁਣ ਇਹ ਮਾਮਲਾ ਵਿਜੀਲੈਂਸ ਦੇ ਦਰਬਾਰ ਪਹੁੰਚੇਗਾ।


Related News