ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਸਰਕਾਰ ਨੇ ਦਿੱਤਾ ਝਟਕਾ

Monday, Nov 20, 2023 - 05:48 PM (IST)

ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਸਰਕਾਰ ਨੇ ਦਿੱਤਾ ਝਟਕਾ

ਪਟਿਆਲਾ/ਸਨੌਰ (ਮਨਦੀਪ ਜੋਸਨ) : ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਸੂਬਾ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਮਹੀਨਾ ਗਰਾਂਟ ਦੇਣ ਦੀ ਥਾਂ ਇਸ ਵਿਚ ਕਟੌਤੀ ਕਰਕੇ ਇਸ ਗ੍ਰਾਂਟ ਨੂੰ 20 ਕਰੋੜ ਕਰ ਦਿੱਤਾ ਹੈ, ਜਿਸ ਦੇ ਨਾਲ ਯੂਨੀਵਰਸਿਟੀ ਮੈਨੇਜਮੈਂਟ ਵਿਚ ਹਾਹਾਕਾਰ ਮਚ ਗਈ ਹੈ। ਪੰਜਾਬੀ ਯੂਨੀਵਰਸਿਟੀ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਕਈ ਮਹੀਨਿਆਂ ਤੋਂ ਤਨਖਾਹ ਪੈਂਡਿੰਗ ਹੋਣ ਕਾਰਨ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਯੂਨੀਵਰਸਿਟੀ ਨੂੰ ਕਰਜ਼ਾਈ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਤਨਖਾਹ ਸਮੇਂ ਅਨੁਸਾਰ ਮਿਲੇਗੀ ਅਤੇ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ 30 ਕਰੋੜ ਰੁਪਏ ਦੀ ਗ੍ਰਾਂਟ ਮਿਲੇਗੀ ਪਰ ਹੁਣ ਯੂਨੀਵਰਸਿਟੀ ਦੀ ਗ੍ਰਾਂਟ 20 ਕਰੋੜ ਕਰ ਦਿੱਤੀ ਗਈ ਹੈ। ਇਸ ਸਬੰਧੀ ਸਰਕਾਰ ਨੇ ਬਕਾਇਦਾ ਯੂਨੀਵਰਸਿਟੀ ਨੂੰ ਪੱਤਰ ਵੀ ਭੇਜ ਦਿੱਤਾ ਹੈ। ਇਸ ਸੰਕਟ ਨਾਲ ਅਗਾਮੀ ਦਿਨਾਂ ਵਿਚ ਯੂਨੀਵਰਸਿਟੀ ਸੰਘਰਸ਼ ਦੇ ਮੈਦਾਨ ਬਣ ਸਕਦੀ ਹੈ।

ਸੀ.ਐੱਮ. ਨੇ ਮਾਰਚ 2023 ’ਚ ਕੀਤਾ ਸੀ 90 ਕਰੋੜ ਜਾਰੀ ਕਰਨ ਦਾ ਐਲਾਨ

ਪੰਜਾਬੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ ਪੰਜਾਬੀ ਯੂਨੀਵਰਸਿਟੀ ਵਿਚ ਆਯੋਜਿਤ ਸਮਾਗਮ ਦੌਰਾਨ ਯੂਨੀਵਰਸਿਟੀ ਨੂੰ ਤਿੰਨ ਮਹੀਨੇ ਲਈ 90 ਕਰੋੜ ਰੁਪਏ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਅਨੁਸਾਰ ਯੂਨੀਵਰਸਿਟੀ ਨੂੰ 6 ਮਹੀਨੇ ਲਈ ਕੁੱਲ 180 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਪਰ ਦੀਵਾਲੀ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਗ੍ਰਾਂਟ ਵਿਚ ਕਟੌਤੀ ਕਰ ਕੇ 20 ਕਰੋੜ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਸੀ.ਐੱਮ. ਦੇ ਐਲਾਨ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਸਾਢੇ 18 ਕਰੋੜ ਦੀ ਗ੍ਰਾਂਟ ਪ੍ਰਤੀ ਮਹੀਨਾ ਸਰਕਾਰ ਤੋਂ ਜਾਰੀ ਹੁੰਦੀ ਸੀ, ਜਦ ਕਿ ਮੁੱਖ ਮੰਤਰੀ ਨੇ ਯੂਨੀਵਰਿਸਟੀ ਨੂੰ ਪੂਰੀ ਤਰ੍ਹਾਂ ਕਰਜ਼ੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀ।

ਪੱਤਰ ਨਾਲ ਸਟਾਫ ’ਚ ਨਿਰਾਸ਼ਾ : ਡਾ. ਰਾਜਦੀਪ ਤੇ ਅਮਨਦੀਪ ਸਿੰਘ

ਪੰਜਾਬ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਯੂਨੀਵਰਸਿਟੀ ਨੂੰ 90 ਕਰੋੜ ਦੀ ਗ੍ਰਾਂਟ ਜਾਰੀ ਕਰਨ ਦੀ ਅਪੀਲ ਕਰਦੇ ਹੋਏ ਪੰਜਾਬੀ ਯੂਨੀਵਵਰਿਸਟੀ ਬਚਾਓ ਮੋਰਚਾ ਦੇ ਮੈਂਬਰ ਡਾ. ਰਾਜਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਮੋਰਚਾ ਦੇ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ 30 ਕਰੋੜ ਰੁਪਏ, ਯਾਨੀ ਕਿ ਤਿੰਨ ਮਹੀਨੇ ਦੀ 90 ਕਰੋੜ ਗਰਾਂਟ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 60 ਕਰੋੜ ਦੀ ਗਰਾਂਟ ਜਾਰੀ ਕਰਨ ਦਾ ਪੱਤਰ ਭੇਜਿਆ ਗਿਆ ਹੈ। ਸਰਕਾਰ ਦੇ ਇਸ ਪੱਤਰ ਨਾਲ ਯੂਨੀਵਰਸਿਟੀ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ । ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੂੰ ਯੂਨੀਵਰਸਿਟੀ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਤੇ ਯੂਨੀਵਰਸਿਟੀ ਨੂੰ 90 ਕਰੋੜ ਦੀ ਗਰਾਂਟ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਯੂਨੀਵਰਸਿਟੀ ਦਾ ਸਾਰਾ ਕੰਮ ਸਹੀ ਢੰਗ ਨਾਲ ਚਲ ਸਕੇ।

ਯੂਨੀਵਰਸਿਟੀ ਕੋਲ ਤਨਖਾਹ ਜਾਰੀ ਕਰਨ ਲਈ ਨਹੀਂ ਹੈ ਬਜਟ : ਅਗਰਵਾਲ

ਪੰਜਾਬੀ ਯੂਨੀਵਰਸਿਟੀ ਦੇ ਫਾਈਨਾਂਸ ਅਫਸਰ (ਐੱਫ.ਓ.) ਪ੍ਰਮੋਦ ਅਗਰਵਾਲ ਨੇ ਕਿਹਾ ਕਿ ਹੁਣ ਯੂਨੀਵਰਸਿਟੀ ਕੋਲ ਤਨਖਾਹ ਜਾਰੀ ਕਰਨ ਲਈ ਬਜਟ ਵੀ ਨਹੀਂ ਹੈ, ਜਿਸ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ 6 ਮਹੀਨੇ ਦੌਰਾਨ ਹਰ ਮਹੀਨੇ ਲਈ 30-30 ਕਰੋੜ ਦੀ ਗ੍ਰਾਂਟ ਜਾਰੀ ਹੁੰਦੀ ਰਹੀ ਹੈ ਪਰ ਹੁਣ ਅਚਾਨਕ ਸਰਕਾਰ ਨੇ ਗ੍ਰਾਂਟ ਵਿਚ ਕਟੌਤੀ ਕਰ ਕੇ 20 ਕਰੋੜ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਰਕਾਰ ਨੂੰ ਗ੍ਰਾਂਟ ਵਿਚ ਵਾਧੇ ਨੂੰ ਲੈ ਕੇ ਪੱਤਰ ਭੇਜਿਆ ਗਿਆ ਹੈ ਪਰ ਸਰਕਾਰ ਵੱਲੋਂ ਕਈ ਜਵਾਬ ਨਹੀਂ ਆਇਆ।


author

Gurminder Singh

Content Editor

Related News