ਹਾਲੇ ਵੀ ਕਿਸਾਨਾਂ ਦੇ ਹੱਕ ''ਚ ਡਟੇ ਪੰਜਾਬੀ ਕਲਾਕਾਰ, ਕਿਹਾ ''ਗੁੰਡਾਗਰਦੀ ਦੇ ਵਿਰੁੱਧ ਵੀ ਇਕੱਠੇ ਖੜ੍ਹਾਂਗੇ''
Tuesday, Sep 29, 2020 - 09:51 AM (IST)
ਗੁਰਦਾਸਪੁਰ (ਬਿਊਰੋ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਖ਼ਿਲਾਫ਼ ਬੀਤੇ ਦਿਨੀਂ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੇ ਗੁਰਦਾਸਪੁਰ ਦੇ ਬਟਾਲਾ ਵਿਖੇ ਅੰਮ੍ਰਿਤਸਰ ਬਟਾਲਾ ਹਾਈਵੇਅ ’ਤੇ ਕਿਸਾਨਾਂ ਦੇ ਹੱਕ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਦੀਪ ਸਿਧੂ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ, ਹਰਜੀਤ ਹਰਮਨ, ਗੁਰੀ ਸਿੰਘ, ਕੰਵਰ ਗਰੇਵਾਲ, ਲੱਖਾ ਸਿਧਾਨਾ ਸਮੇਤ ਦਰਜਨਾਂ ਕਲਾਕਾਰ ਕੇਂਦਰ ਸਰਕਾਰ ਖ਼ਿਲਾਫ਼ ਡਟੇ ਵਿਖਾਈ ਦਿੱਤੇ।
ਨਾਮਵਰ ਪੰਜਾਬੀ ਗਾਇਕਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਆਪਣੇ ਹੱਕਾਂ ਲਈ ਲੜਨਾ ਪਏਗਾ। ਅਸੀਂ ਬਾਅਦ ਵਿਚ ਗਾਇਕ ਅਤੇ ਪਹਿਲਾਂ ਕਿਸਾਨਾਂ ਦੇ ਪੁੱਤਰ ਹਾਂ। ਹੁਣ ਦਿੱਲੀ ਵਿਚ ਜਾ ਕੇ ਉਹ ਡੰਕਾ ਵਜਾਉਣਗੇ। ਉਨ੍ਹਾਂ ਨੇ ਕਿਹਾ ਕਿ ਏਕਤਾ ਵਿਚ ਹੀ ਤਾਕਤ ਹੈ ਅਤੇ ਹੁਣ ਸਾਨੂੰ ਸਾਰਿਆਂ ਨੂੰ ਇਸ ਗੁੰਡਾਗਰਦੀ ਦੇ ਵਿਰੁੱਧ ਖੜ੍ਹੇ ਹੋਣਾ ਪਵੇਗਾ। ਕੇਂਦਰ ਨੂੰ ਆਪਣੀ ਧੱਕੇਸ਼ਾਹੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਵੇਗਾ। ਪੰਜਾਬੀ ਗਾਇਕਾਂ ਦੇ ਪ੍ਰਦਰਸ਼ਨ ਨੂੰ ਲੋਕਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੇ ਸਮਰਥਨ ਕੀਤਾ।
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਨੇ ਵੀ ਕਿਸਾਨਾਂ ਨਾਲ ਡਟ ਕੇ ਸਾਥ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਲਿਆਂਦੇ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਦੇ ਲਈ ਇਕ ਤਿੱਖਾ ਸੰਘਰਸ਼ ਉਲੀਕਿਆ ਹੋਇਆ ਹੈ। ਕਿਸਾਨਾਂ ਨੇ ਕਿਹਾ ਫ਼ਿਲਹਾਲ ਇਹ ਸਾਡਾ ਸੰਕੇਤਕ ਧਰਨਾ ਹੈ ਅਤੇ ਜੇਕਰ ਹੁਣ ਵੀ ਬਿੱਲਾਂ ਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਚੱਲਦਿਆਂ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਹਨ।