ਪੰਜਾਬੀ ਸਿੰਗਰ ਨੇ ਫਿਰ ਪੁਲਸ ਦੇ ਅੱਖੀਂ ਘੱਟਾ ਪਾਇਆ, ਸ਼ੋਅ ਲਈ ਵਿਦੇਸ਼ ਦੌੜਿਆ (ਤਸਵੀਰਾਂ)
Monday, Jul 13, 2015 - 01:06 PM (IST)

ਮੋਹਾਲੀ (ਰਾਣਾ)-ਪੰਜਾਬੀ ਗਾਇਕ ਜਰਨੈਲ ਸਿੰਘ ਉਰਫ਼ ਜੈਲੀ ਖਿਲਾਫ਼ ਚੰਡੀਗੜ੍ਹ ਦੀ ਇਕ ਮਾਡਲ ਨਾਲ ਜਬਰ-ਜ਼ਨਾਹ, ਅਗਵਾ ਕਰਨ, ਬਲੈਕਮੇਲ ਤੇ ਧਮਕਾਉਣ ਜਿਹੇ ਮਾਮਲੇ ਵਿਚ ਪੁਲਸ ਦੀ ਲਾਪ੍ਰਵਾਹੀ ਦੂਜੀ ਵਾਰ ਸਾਮਹਣੇ ਆਈ ਹੈ। ਜਿਥੇ ਕਥਿਤ ਦੋਸ਼ੀ ਜੈਲੀ ਵਲੋਂ ਕੈਨੇਡਾ ਵਿਚ ਇਕ ਸ਼ੋਅ ਕੀਤਾ ਜਾ ਰਿਹਾ ਹੈ, ਉਥੇ ਹੀ ਟਿਕਟਾਂ ਦੀ ਵਿਕਰੀ ਸੋਸ਼ਲ ਸਾਈਟਸ ''ਤੇ ਚੱਲ ਰਹੀ ਹੈ।
ਕਥਿਤ ਦੋਸ਼ੀ ਦੇ ਕੈਨੇਡਾ ਜਾਣ ਤੋਂ ਬਾਅਦ ਹੁਣ ਪੁਲਸ ਜਾਗੀ ਤੇ ਕਿਹਾ ਕਿ ਉਹ ਕਥਿਤ ਦੋਸ਼ੀ ਦੇ ਲੁਕ ਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮੋਹਾਲੀ ਪੁਲਸ ਜੈਲੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਿੰਨੀ ਗੰਭੀਰ ਹੈ। ਉਥੇ ਹੀ ਏਰੀਆ ਡੀ. ਐੱਸ. ਪੀ. ਆਲਮ ਵਿਜੇ ਸਿੰਘ ਨੇ ਵੀ ਜੈਲੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਪਣਾ ਪੱਲਾ ਝਾੜ ਲਿਆ ਹੈ।
ਦੂਜੇ ਪਾਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਦੇ ਵੱਡੇ ਅਧਿਕਾਰੀਆਂ ਵਲੋਂ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਗਈ ਹੈ। ਜੁਝਾਰ ਨਗਰ ਮੋਹਾਲੀ ਵਿਚ ਜਰਨੈਲ ਸਿੰਘ ਉਰਫ਼ ਜੈਲੀ ਸਮੇਤ ਖਰੜ ਦੇ ਸਵਰਨ ਸਿੰਘ ਤੇ ਮੋਹਾਲੀ ਫੇਜ਼-3 ਦੇ ਮਨਿੰਦਰ ਤੇ ਚਰਨਪ੍ਰੀਤ ਖਿਲਾਫ ਮਾਡਲ ਦੀ ਸ਼ਿਕਾਇਤ ''ਤੇ ਪਿਛਲੇ ਸਾਲ 22 ਅਕਤੂਬਰ ਨੂੰ ਸਮੂਹਿਕ ਜਬਰ-ਜ਼ਨਾਹ, ਅਗਵਾ ਕਰਨ, ਵਿਆਹ ਕਰਨ ਦਾ ਦਬਾਅ ਬਣਾਉਂਦਿਆਂ ਅਗਵਾ, ਧਮਕਾਉਣਾ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਸਮੇਤ ਆਈ. ਟੀ. ਐਕਟ ਦੀ ਧਾਰਾ 66 ਵੀ ਪੁਲਸ ਨੇ ਐੱਫ. ਆਈ. ਆਰ. ਵਿਚ ਸ਼ਾਮਲ ਕੀਤੀ ਸੀ।