ਦਿੱਲੀ ਧਰਨੇ ’ਤੇ ਪਹੁੰਚੇ ਗਾਇਕ ਬੱਬੂ ਮਾਨ, ਮੰਚ ’ਤੇ ਆਖੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਇਹ ਗੱਲਾਂ

Friday, Dec 18, 2020 - 05:27 PM (IST)

ਨਵੀਂ ਦਿੱਲੀ (ਬਿਊਰੋ)  — ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਅੱਜ ਸਿੱਘੂ ਬਾਰਡਰ ’ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਬੱਬੂ ਮਾਨ ਪਹੁੰਚੇ। ਇਸ ਦੌਰਾਨ ਬੱਬੂ ਮਾਨ ਨੇ ਮੰਚ ’ਤੇ ਬੋਲਦਿਆਂ ਕਿਹਾ ‘ਕਿਸਾਨ ਅੰਦੋਲਨ ਬਹੁਤ ਵੱਡਾ ਅੰਦੋਲਨ ਬਣ ਚੁੱਕਿਆ ਹੈ। ਹੁਣ ਸ਼ਾਇਦ ਇਸ ਅੰਦੋਲਨ ਦਾ ਨਾਂ ਵੀ ‘ਗਿੰਨੀ ਬੁੱਕ ਵਰਲਡ ਰਿਕਾਰਡਜ਼’ ਆ ਜਾਵੇਗਾ। ਜਦੋਂ ਤੱਕ ਅਸੀਂ ਅਗਵਾਹੀ ’ਚ ਨਹੀਂ ਚੱਲਾਂਗੇ, ਉਦੋਂ ਤੱਕ ਕੋਈ ਵੀ ਅੰਦੋਲਨ ਸਿਖ਼ਰ ’ਤੇ ਨਹੀਂ ਪਹੁੰਚਦਾ। ਹੁਣ ਸਿਆਸੀ ਲੋਕਾਂ ਪਿੱਛੇ ਸਿਆਸੀ ਛੱਡਣੀ ਪੈਣੀ। ਇਸ ਅੰਦੋਲਨ ਨੇ ਆਉਣ ਵਾਲੇ ਸਮੇਂ ਬਹੁਤ ਕੁਝ ਬਦਲਣਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੁਣ ਇਕੋ ਮੰਚ ਹੀ ਬਣਾ ਲਓ ਸਾਰੇ ਗੱਭਰੂ ਤੁਹਾਡੇ ਨਾਲ ਦਰਿਆਵਾਂ ਦੇ ਪਾਣੀ ਵਾਂਗੂ ਚੱਲਣਗੇ। ਇਹ ਲੜਾਈ ਕਿਸੇ ਇਕ ਫਿਰਕੇ ਦੀ ਨਹੀਂ ਹੈ। ਸਾਨੂੰ ਸਾਰੀਆਂ ਮਾੜੀਆਂ ਅਦਾਤਾਂ ਛੱਡਣੀਆਂ ਪੈਣਗੀਆਂ। ਆਪਸੀ ਫੁੱਟਬਾਜ਼ੀਆਂ ਛੱਡਣੀਆਂ ਚਾਹੀਦੀਆਂ ਹਨ। ਕਾਫ਼ਲਾ ਇਕ ਵਾਰ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਇਹ ਵਿਸ਼ਾਲ ਹੁੰਦਾ ਜਾ ਰਿਹਾ ਹੈ।’

PunjabKesari
ਇਸਤੋਂ ਇਲਾਵਾ ਬੱਬੂ ਮਾਨ ਨੇ ਕਿਹਾ, ‘ਹੁਣ ਵੇਲਾ ਆ ਗਿਆ ਹੈ ਕਿ ਅਸੀਂ ਸਾਰੇ ਆਪਣੇ ਘਰਾਂ ਤੋਂ ਸਿਆਸੀ ਝੰਡੇ ਉਤਾਰ ਕੇ ਕਿਸਾਨੀ ਅੰਦੋਲਨ ਦੇ ਝੰਡੇ ਲਾਓ। ਇਹ ਅੰਦੋਲਨ ਇਕ ਵੱਖਰੇ ਸੱਤਰ ’ਤੇ ਪਹੁੰਚ ਗਿਆ। ਬਹੁਤ ਚੀਰਾਂ ਬਾਅਦ ਪੰਜਾਬ ਜਾਗਿਆ ਹੈ, ਰੱਬ ਕਰੇ ਇਹ ਹੁਣ ਇਸੇ ਤਰ੍ਹਾਂ ਜਾਗਦਾ ਰਹੇ। ਨਾ ਮਿਲ ਵਰਤਣ ਲਹਿਰ ਵੀ ਪੰਜਾਬ ਤੋਂ ਸ਼ੁਰੂ ਹੋਈ ਸੀ ਪਰ ਇਸ ਦਾ ਸਿਹਰਾ ਕਿਸੇ ਹੋਰ ਸਿਰ ਜਾ ਬੱਝਾ।’

PunjabKesari

ਬੱਬੂ ਮਾਨ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਖ਼ਾਸ ਪੋਸਟ
ਚਿਰਾਂ ਤੋਂ ਸਾਨੂੰ ਸਿਆਸਤ ਨੇ ਵੰਡਿਆ ਹੋਇਆ ਸੀ। ਧਰਮਾਂ, ਜਾਤਾਂ, ਆਸਤਿਕ, ਨਾਸਤਿਕ ਅਲੱਗ-ਅਲੱਗ ਖ਼ੇਮਿਆਂ ’ਚ ਸਾਨੂੰ ਵੰਡ ਦਿੱਤਾ ਹੈ।
ਨੌਜਵਾਨ ਜਾਗ ਗਏ, ਬਾਬੇ ਕਾਇਮ ਹੋ ਗਏ,
ਜਿਹੜੇ ਮੇਰੇ ਵੀਰ ਦਿੱਲੀ ਨਹੀਂ ਜਾ ਸਕਦੇ ਉਹ ਆਪਣੀ-ਆਪਣੀ ਕਾਰ,
ਸਕੂਟਰ, ਮੋਟਰਸਾਈਕਲ, ਸਾਈਕਲ, ਟਰੈਕਟਰ ਅਤੇ ਘਰਾਂ ਦੇ ਉੱਪਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਝੰਡੇ ਲਾ ਦਿਓ।
ਇਹ ਵਕਤ ਹੁਣ ਸਿਆਸਤਦਾਨਾ ਪਿੱਛੇ ਜ਼ਿੰਦਗੀ ਗਵਾਉਣ ਦਾ ਨਹੀਂ,
ਇਹ ਵਕਤ ਹੈ ਹੁਣ ਇਕੱਠੇ ਹੋਣ ਦਾ।
ਜਰਮਨ ਜੇ ਕੰਧ ਢਾਹ ਸਕਦਾ ਹੈ ਤੇ ਅਸੀਂ ਆਪਣੀ ਇਗੋ (ਆਕੜ) ਕਿਉਂ ਨਹੀਂ ਢਾਹ ਸਕਦੇ,
ਜੇ ਪੂਰਾ ਯੂਰੋਪ ਇਕੱਠਾ ਹੋ ਸਕਦਾ ਹੈ ਤਾਂ ਸਾਰਾ ਏਸ਼ੀਆ ਇਕੱਠਾ ਕਿਉਂ ਨਹੀਂ ਹੋ ਸਕਦਾ।

PunjabKesari

ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ ਹਰਭਜਨ ਮਾਨ 
ਹਰਭਜਨ ਮਾਨ ਇਕ ਫਿਰ ਤੋਂ ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਰਭਜਨ ਮਾਨ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ 'ਅਗਲੇ ਕੁੱਝ ਦਿਨਾਂ ਲਈ ਦਿੱਲੀ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ 'ਚ ਸ਼ਾਮਲ ਹੋਣ ਲਈ ਜਾਂਦਿਆਂ ਰਸਤੇ ਵਿਚ ਜਦ ਮੈਂ ਟਰੈਕਟਰ-ਟ੍ਰਾਲੀਆਂ 'ਚ ਜਾਂਦੇ ਹੋਏ ਲੋਕਾਂ ਦਾ ਜੋਸ਼, ਜਜ਼ਬਾ ਅਤੇ ਉਹਨਾਂ ਨੂੰ ਪੂਰੀ ਚੜਦੀ ਕਲਾ 'ਚ ਦੇਖਦਾ ਤਾਂ ਦਿਲ ਆਪ ਮੁਹਾਰੇ ਕਹਿ ਉੱਠਦਾ ਵਾਹ! ਪੰਜਾਬੀਓ, ਵਾਹ! ਕਿਸਾਨੋ।'
ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਇਹ ਪ੍ਰਦਰਸ਼ਨ ਮਾਰੂ ਖੇਤੀ  ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰ ਰਹੀ ਹੈ ।

PunjabKesari

ਗਾਇਕ ਸਤਵਿੰਦਰ ਬੁੱਗਾ ਨੇ ਦਿੱਤੀ ਸ਼ਰਧਾਂਜਲੀ
ਇਸ ਪ੍ਰਦਰਸ਼ਨ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤਿੰਨ ਹੋਰ ਨੌਜਵਾਨ ਕਿਸਾਨਾਂ ਦਾ ਦਿਹਾਂਤ ਇਸ ਪ੍ਰਦਰਸ਼ਨ ਦੌਰਾਨ ਹੋਇਆ ਹੈ । ਗਾਇਕ ਸਤਵਿੰਦਰ ਬੁੱਗਾ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਇਨ੍ਹਾਂ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਇਨ੍ਹਾਂ ਕਿਸਾਨਾਂ 'ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਦਾ ਰਹਿਣ ਵਾਲਾ ਕਿਸਾਨ ਜੈ ਸਿੰਘ, ਬਠਿੰਡਾ ਦੇ ਹੀ ਪਿੰਡ ਫੱਤਾ ਮਾਲੋਕਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਥਾਣੇ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਸ਼ਾਮਲ ਹੈ ।

PunjabKesari

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

PunjabKesari

ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ 
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor

Related News