ਪੰਜਾਬੀਆਂ ''ਚ ''ਕੋਈ ਗੱਲ ਨਹੀ'' ਵਾਲੀ ਧਾਰਨਾ ਚਿੰਤਾਜਨਕ : ਕੈਪਟਨ

Wednesday, Aug 12, 2020 - 02:03 AM (IST)

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਵਿਚ 'ਕੋਈ ਗੱਲ ਨਹੀਂ' ਵਾਲੀ ਧਾਰਨਾ ਕਾਫੀ ਚਿੰਤਾਜਨਕ ਹੈ। ਇਸੇ ਧਾਰਨਾ ਦੇ ਕਾਰਣ ਟੈਸਟ ਤੇ ਇਲਾਜ ਵਿਚ ਦੇਰੀ ਕਾਰਨ ਸੂਬੇ ਵਿਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਇਕ ਚੰਗੀ ਧਾਰਨਾ ਹੈ ਪਰ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਕੁੱਝ ਮਾਮਲਿਆਂ ਵਿਚ ਇਹ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ। ਇਹ ਗੱਲ ਮੁੱਖ ਮੰਤਰੀ ਨੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਆਯੋਜਿਤ ਵੀਡੀਓ ਕਾਨਫਰੰਸ ਰਾਹੀਂ ਦੇਸ਼ ਦੇ ਉਦਯੋਗਪਤੀਆਂ ਨਾਲ ਚਰਚਾ ਦੌਰਾਨ ਕਹੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬੀ ਸੂਬਾ ਲਹਿਰ ਰਾਹੀਂ ਸਿੱਖ ਬਹੁਮਤ ਵਾਲੇ ਸੂਬੇ ਦੀ ਸਿਰਜਣਾ ਲਈ ਸੂਬੇ ਦਾ ਪੁਨਰਗਠਨ ਕਰਵਾਇਆ ਅਤੇ ਇਨ੍ਹਾਂ ਦੀ ਇਸ ਸਿਆਸਤ ਦੀ ਕੀਮਤ ਪੰਜਾਬ ਨੂੰ ਸਨਅਤੀ ਪੱਟੀ ਗੁਆ ਕੇ ਉਤਾਰਨੀ ਪਈ। ਉਨ੍ਹਾਂ ਕਿਹਾ ਕਿ ਪਾਣੀ ਦੇ ਸੰਕਟ ਨੇ ਖੇਤੀਬਾੜੀ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਸੂਬੇ ਨੂੰ ਮੁਸ਼ਕਲ ਸਥਿਤੀ ਵਿਚ ਪਾ ਦਿੱਤਾ ਹੈ। ਧਰਤੀ ਹੇਠਲੇ ਪਾਣੀ ਵਿਚ ਗਿਰਾਵਟ ਦੇ ਚਲਦਿਆਂ ਖੇਤੀਬਾੜੀ ਦੇ ਹੁਣ ਟਿਕਾਊ ਵਿਕਾਸ ਦਾ ਖੇਤਰ ਨਾ ਰਹਿਣ ਕਾਰਨ ਉਨ੍ਹਾਂ ਦੀ ਸਰਕਾਰ ਨੇ
ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ ਨੂੰ ਉਦਯੋਗ ਅਤੇ ਖੇਤੀ ਸੈਕਟਰ 'ਚ ਮੋਹਰੀ ਬਣਾਉਣ ਲਈ ਵਚਨਬੱਧ ਹਨ ਅਤੇ ਚਾਹੁੰਦੇ ਹਨ ਕਿ ਪੰਜਾਬ ਅੱਗੇ ਆ ਕੇ ਇਸ ਦੀ ਅਗਵਾਈ ਕਰੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਜ਼ਮੀਨੀ ਪੱਧਰ 'ਤੇ ਸੂਬੇ 'ਚ 65000 ਕਰੋੜ ਰੁਪਏ ਦਾ ਨਿਵੇਸ਼ ਅਤੇ ਚਾਰ ਵੱਡੇ ਉਦਯੋਗਿਕ ਪਾਰਕਾਂ ਦੇ ਆਉਣ ਨਾਲ ਪੰਜਾਬ ਪਹਿਲਾਂ ਹੀ ਵੱਡੇ ਕਾਰਪੋਰੇਟ ਦਿੱਗਜ਼ਾਂ ਲਈ ਆਪਣੀਆਂ ਬੇਮਿਸਾਲ ਨਿਵੇਸ਼ ਸੰਭਾਵਨਾਵਾਂ ਦੀ ਪੇਸ਼ਕਸ਼ ਕਰਕੇ ਆਪਣੇ ਆਪ ਨੂੰ ਸਿੱਧ ਕਰ ਚੁੱਕਾ ਹੈ।

ਕੋਵਿਡ ਵਿਚ 2500 ਕਰੋੜ ਦਾ ਨਿਵੇਸ਼ ਪ੍ਰਾਪਤ ਹੋਇਆ
ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਦੌਰਾਨ ਵੀ ਸੂਬੇ ਨੂੰ ਤਕਰੀਬਨ 2500 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਹਟਾਉਣ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿਚ ਪਰਤ ਰਹੇ ਹਨ ਅਤੇ ਲੁਧਿਆਣਾ ਵਿਚ 2.34 ਲੱਖ ਯੂਨਿਟ ਪਹਿਲਾਂ ਹੀ ਕਾਰਜਸ਼ੀਲ ਹਨ। ਇਹ ਦਰਸਾਉਂਦਾ ਹੈ ਕਿ ਸਰਕਾਰ ਅਤੇ ਸੂਬੇ ਦੇ ਉਦਯੋਗਾਂ ਨੇ ਹਮੇਸ਼ਾ ਪ੍ਰਵਾਸੀ ਮਜ਼ਦੂਰਾਂ ਦਾ ਖਿਆਲ ਰੱਖਿਆ ਹੈ।

ਉਦਯੋਗਪਤੀਆਂ ਨੇ ਕੀਤੇ ਵਿਚਾਰ ਸਾਂਝੇ

ਇਸ ਦੌਰਾਨ ਉਦਯੋਗ ਜਗਤ ਦੇ ਮੋਹਰੀ ਆਗੂਆਂ ਨੇ ਵੱਖ-ਵੱਖ ਸਿਫਾਰਸ਼ਾਂ/ਸੁਝਾਅ ਅਤੇ ਚਿੰਤਾਵਾਂ ਜ਼ਾਹਰ ਕੀਤੀਆਂ। ਹਿੰਦੁਸਤਾਨ ਯੂਨੀਲੀਵਰ ਦੇ ਸੰਜੀਵ ਮਹਿਤਾ ਨੇ ਕਰਮਚਾਰੀਆਂ ਵਿਚ ਕੋਵਿਡ ਦੇ ਮਾਮਲਿਆਂ ਵਿਚ ਵਾਧਾ ਹੋਣ ਦੀ ਸਥਿਤੀ ਵਿਚ ਉਦਯੋਗ ਨਾਲ ਤਾਲਮੇਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਵਿਚ ਇਕ ਨਾਮਜ਼ਦ ਵਿਅਕਤੀ ਦੀ ਨਿਯੁਕਤੀ ਅਤੇ ਵਰਕਰਾਂ ਲਈ 12 ਘੰਟਿਆਂ ਦੀਆਂ ਸ਼ਿਫਟਾਂ ਵਿਚ ਕੰਮ ਕਰਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ।
ਬਾਇਓਕਨ ਦੇ ਕਿਰਨ ਮਜੂਮਦਾਰ ਸ਼ਾਹ ਨੇ ਕਿਹਾ ਕਿ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਪੰਜਾਬ ਕੋਲ ਡਿਜੀਟਲ ਹੈਲਥਕੇਅਰ ਅਤੇ ਸਿਸਟਮ ਵਿਚ ਨਿਵੇਸ਼ ਕਰਨ ਦੇ ਬਹੁਤ ਮੌਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਉਨ੍ਹਾਂ ਦੀ ਸਰਕਾਰ ਲਈ ਇਕ ਪ੍ਰਮੁੱਖ ਤਰਜੀਹ ਵਾਲਾ ਖੇਤਰ ਹੈ ਅਤੇ ਉਨ੍ਹਾਂ ਨੇ ਇਸ ਲਈ ਕੇਂਦਰ ਸਰਕਾਰ ਕੋਲੋਂ ਸਹਾਇਤਾ ਵੀ ਮੰਗੀ ਸੀ। ਟੈੱਕ ਮਹਿੰਦਰਾ ਦੇ ਸੀ.ਪੀ. ਗੁਰਨਾਨੀ, ਜਿਨ੍ਹਾਂ ਦੀ ਕੰਪਨੀ ਅਗਲੇ ਸਾਲ ਸੂਬੇ ਵਿਚ ਪਲਾਕਸ਼ਾ ਯੂਨੀਵਰਸਿਟੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਨੇ ਸੂਬਾ ਸਰਕਾਰ ਦੇ ਸਹਿਯੋਗ ਅਤੇ ਵਿਕਾਸ ਲਈ ਪਟਿਆਲਾ, ਲੁਧਿਆਣਾ ਅਤੇ ਮੋਹਾਲੀ ਵਿਚ ਨਵੇਂ ਕੇਂਦਰਾਂ ਦੀ ਸਥਾਪਨਾ ਦੀ ਬੇਨਤੀ ਕੀਤੀ, ਜਿਸ ਨਾਲ ਚੀਨ 'ਤੇ ਨਿਰਭਰਤਾ ਘਟੇਗੀ।
ਵੋਲਵੋ ਕੰਪਨੀ ਦੇ ਵਿਨੋਦ ਅਗਰਵਾਲ ਨੇ ਆਟੋਮੋਟਿਵ ਸਨਅਤ ਲਈ ਇਕ ਸਪੱਸ਼ਟ ਸੂਬਾਈ ਨੀਤੀ ਦੀ ਮੰਗ ਕੀਤੀ, ਜਿਸ ਲਈ ਪੰਜਾਬ ਵਿਚ ਅਜੇ ਵੀ ਅਥਾਹ ਸੰਭਾਵਨਾ ਹੈ। ਉਨ੍ਹਾਂ ਨੇ ਨੌਜਵਾਨਾਂ ਲਈ ਸਿਖਲਾਈ ਕੇਂਦਰ ਬਣਾਉਣ ਬਾਰੇ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸਿਖਲਾਈ ਪੂਰੀ ਹੋਣ 'ਤੇ ਨੌਜਵਾਨਾਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਲਈ ਆਟੋ ਲੈਬਾਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਨੇ ਡੀ.ਐੱਲ.ਐੱਫ. ਡਿਵੈਲਪਰਜ਼ ਲਿਮਟਿਡ ਦੇ ਰਾਜੀਵ ਤਲਵਾੜ ਵਲੋਂ ਉਠਾਏ ਨੁਕਤੇ 'ਤੇ ਸਹਿਮਤੀ ਜਤਾਈ ਕਿ ਸ਼ਹਿਰੀਕਰਨ ਲਈ ਕਿਫਾਇਤੀ ਕਿਰਾਏ 'ਤੇ ਮਕਾਨ ਜ਼ਰੂਰੀ ਹੈ। ਉਬੇਰ ਦੇ ਪਵਨ ਵੈਸ ਨੇ ਇਲੈਕਟ੍ਰਿਕ ਥ੍ਰੀ-ਵ੍ਹੀਲਰਸ ਨੂੰ ਜਲਦੀ ਅਪਨਾਉਣ ਦੀ ਮੰਗ ਕੀਤੀ । ਐਮਾਜ਼ੌਨ ਵੈੱਬ ਸਰਵਿਜ਼ ਦੇ ਰਾਹੁਲ ਸ਼ਰਮਾ ਨੇ ਕੈਪਟਨ ਸਰਕਾਰ ਵਲੋਂ ਪੰਜਾਬ ਵਿਚ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ 'ਤੇ ਖੁਸ਼ੀ ਜ਼ਾਹਰ ਕੀਤੀ।

 


Deepak Kumar

Content Editor

Related News