ਪੰਜਾਬੀ ਮਾਂ ਬੋਲੀ ਦੇ ਮਾਮਲੇ ''ਤੇ ਅਕਾਲੀ ਕਿਉਂ ਚੁੱਪ!

09/19/2019 4:30:36 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬੀ ਮਾਂ ਬੋਲੀ ਦੇ ਮਾਮਲੇ 'ਚ ਹਿੰਦੀ ਦਿਵਸ ਮੌਕੇ ਹਿੰਦੀ ਸਾਹਿਤਕਾਰਾਂ ਵਲੋਂ ਪੰਜਾਬੀ ਬਾਰੇ ਬੋਲੇ ਕੌੜੇ ਸ਼ਬਦਾਂ ਦੀ ਭਾਵੇਂ ਦੇਸ਼-ਵਿਦੇਸ਼ 'ਚ ਬੈਠੇ ਪੰਜਾਬੀਆਂ ਨੇ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਕੈਪਟਨ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਹਰਕਤ 'ਚ ਆ ਗਈ ਹੈ ਪਰ ਪੰਜਾਬੀ ਦੀ ਮਾਂ ਪਾਰਟੀ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਤੇ ਪਹਿਲਾਂ ਚੁੱਪ ਰਿਹਾ ਪਰ ਕੱਲ ਇਸ ਮਾਮਲੇ 'ਤੇ ਦੋ ਸ਼ਬਦ ਬੋਲੇ ਕਿ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਪਛਾਣ ਸਬੰਧੀ ਆਪਣੀ ਮਜ਼ਬੂਤ ਸਿਧਾਂਤਕ ਵਚਨਬੱਧਤਾ ਦੁਹਰਾਉਂਦਾ ਹੈ, ਜਦੋਂ ਕਿ ਇਨ੍ਹਾਂ ਸ਼ਬਦਾਂ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਲਈ ਅੱਗੇ ਕੁਝ ਨਹੀਂ ਬੋਲੇ, ਜਦੋਂ ਕਿ ਇਹ ਮੁੱਦਾ ਪੰਜਾਬ, ਦੇਸ਼-ਵਿਦੇਸ਼ 'ਚ ਜੰਗਲ ਦੀ ਅੱਗ ਵਾਂਗ ਫੈਲ ਗਿਆ।

ਪੰਜਾਬੀਆਂ ਅਤੇ ਸਰਕਾਰ ਨੇ ਵੀ ਇਸ ਮਾਮਲੇ 'ਤੇ ਤਿੱਖੇ ਤੇਵਰ ਦਿਖਾਏ ਪਰ ਇਸ ਮਾਮਲੇ 'ਤੇ ਅਕਾਲੀ ਪੰਜ ਦਿਨਾਂ ਬਾਅਦ ਬੋਲੇ, ਜਦੋਂ ਕਿ ਲੋਕਾਂ ਨੂੰ ਇਹ ਆਸ ਸੀ ਕਿ ਅਕਾਲੀ ਪਾਰਟੀ ਇਸ ਮੁੱਦੇ 'ਤੇ ਮੋਹਰੀ ਹੋ ਕੇ ਪੰਜਾਬ 'ਚ ਧਰਨੇ, ਰੋਸ ਮੁਜ਼ਾਹਰੇ ਕਰ ਕੇ ਆਪਣੀ ਗੱਲ ਅਤੇ ਪੰਜਾਬੀ ਲੇਖਕਾਂ ਦੇ ਪਿੱਛੇ ਚਟਾਨ ਵਾਂਗ ਖੜ੍ਹਦੀ ਪਰ 5 ਦਿਨ ਇਹ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਜ਼ਰੂਰ ਬਣਿਆ ਅਤੇ ਇਸ ਮਾਮਲੇ 'ਤੇ ਅਕਾਲੀ ਚੁੱਪ ਹੀ ਰਹੇ। ਮੀਡੀਆ 'ਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪੰਜਾਬ 'ਚ ਉੱਠੀ ਲਹਿਰ ਇਸ ਗੱਲ ਦਾ ਸੰਕੇਤ ਦੇ ਗਈ ਕਿ ਪੰਜਾਬੀ ਆਪਣੀ ਮਾਂ ਬੋਲੀ ਲਈ ਸਿਰ-ਧੜ ਦੀ ਬਾਜ਼ੀ ਲਾਉਣ ਲਈ ਤਿਆਰ ਹਨ।


Babita

Content Editor

Related News