ਪੰਜਾਬੀ ਦੇ ਕਤਲ ਕਾਂਡ ਦੀ ਸੁਲਝੀ ਗੁੱਥੀ, ਅਮਰੀਕੀ ਪੁਲਸ ਨੇ ਹਿਰਾਸਤ ਵਿਚ ਲਿਆ ਕਾਤਲ

Wednesday, May 13, 2020 - 09:55 AM (IST)

ਪੰਜਾਬੀ ਦੇ ਕਤਲ ਕਾਂਡ ਦੀ ਸੁਲਝੀ ਗੁੱਥੀ, ਅਮਰੀਕੀ ਪੁਲਸ ਨੇ ਹਿਰਾਸਤ ਵਿਚ ਲਿਆ ਕਾਤਲ

ਵਾਸ਼ਿੰਗਟਨ- ਐੱਫ. ਬੀ. ਆਈ. ਅਤੇ ਲਾਸ ਵੇਗਾਸ ਮੈਟਰੋਪੋਲੀਟਨ ਪੁਲਸ ਵਿਭਾਗ ਨੇ 7 ਸਾਲ ਪਹਿਲਾਂ ਕਤਲ ਹੋਏ ਪੰਜਾਬੀ ਦੇ ਕਾਤਲ ਨੂੰ ਹਿਰਾਸਤ ਵਿਚ ਲਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ 27 ਸਾਲਾ ਮਨਪ੍ਰੀਤ ਘੁੰਮਣ ਸਿੰਘ, ਜੋ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਕਿਸ਼ਨੇਵਲੀ ਦਾ ਵਸਨੀਕ ਸੀ, ਦਾ ਕਤਲ ਕਰ ਦਿੱਤਾ ਗਿਆ ਸੀ। ਮਨਪ੍ਰੀਤ ਕੈਲੀਫੋਰਨੀਆ ਦੇ ਇਕ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ ਤੇ ਇਕ ਅਣਪਛਾਤੇ ਹਮਲਾਵਰ ਨੇ ਉਸ ਨੂੰ 6 ਅਗਸਤ, 2013 ਨੂੰ ਗੋਲੀ ਮਾਰ ਦਿੱਤੀ ਸੀ ਤੇ ਮਨਪ੍ਰੀਤ ਸਦਾ ਲਈ ਆਪਣੇ ਪਰਿਵਾਰ ਤੋਂ ਵਿੱਛੜ ਗਿਆ।

ਕਈ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਅਤੇ ਪੁਲਸ ਨੇ ਮਨਪ੍ਰੀਤ ਦੇ ਕਤਲ ਦੇ ਦੋਸ਼ ਵਿਚ ਮੰਗਲਵਾਰ ਨੂੰ 34 ਸਾਲਾ ਸੀਨ ਡੋਨੋਹੋਏ ਨੂੰ ਗ੍ਰਿਫਤਾਰ ਕੀਤਾ । ਲਾਸ ਵੇਗਾਸ ਵਿਚ ਰਹਿਣ ਵਾਲਾ ਡੋਨੋਹੋਏ ਘਟਨਾ ਸਮੇਂ ਕੈਲੀਫੋਰਨੀਆ ਵਿਚ ਸਾਊਥ ਲੇਕ ਟਾਹੋਏ ਸਿਟੀ ਵਿਚ ਰਹਿੰਦਾ ਸੀ। ਸਾਊਥ ਲੇਕ ਟਾਹੋਏ ਪੁਲਸ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਘਟਨਾ ਵਾਲੇ ਦਿਨ ਇਕ ਅਣਪਛਾਤਾ ਵਿਅਕਤੀ ਆਪਣੇ ਚਿਹਰੇ ਉੱਤੇ ਮਾਸਕ ਪਾ ਕੇ ਯੂ. ਐੱਸ. ਗੈਸ ਸਟੇਸ਼ਨ ਵਿਚ ਦਾਖਲ ਹੋਇਆ ਅਤੇ ਉੱਥੋਂ ਦੇ ਕਰਮਚਾਰੀ ਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂਂ ਪੁਲਸ ਨੇ ਲੰਬੇ ਸਮੇਂ ਤੱਕ ਜਾਂਚ ਕੀਤੀ ਤੇ ਹੁਣ ਕਾਤਲ ਨੂੰ ਹਿਰਾਸਤ ਵਿਚ ਲਿਆ। ਹੁਣ ਅਗਲੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।


author

Lalita Mam

Content Editor

Related News