ਪੰਜਾਬੀ ਭਰਾਵਾਂ ਨੇ ਮਲੇਸ਼ੀਆ ''ਚ ਜੋੜੇ ਦਾ ਕੀਤਾ ਬੇਰਹਿਮੀ ਨਾਲ ਕਤਲ

09/22/2019 8:53:40 PM

ਮਾਛੀਵਾੜਾ ਸਾਹਿਬ, (ਟੱਕਰ)— ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ 2 ਸਕੇ ਨੌਜਵਾਨ ਭਰਾ ਸਾਗਰ ਸ਼ਰਮਾ ਤੇ ਸ਼ੁਭਮ ਸ਼ਰਮਾ ਨੂੰ ਮਲੇਸ਼ੀਆ ਵਿਖੇ ਉੱਥੋਂ ਦੀ ਪੁਲਸ ਨੇ ਬਜ਼ੁਰਗ ਪਤੀ-ਪਤਨੀ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਕਥਿਤ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਸਾਗਰ ਸ਼ਰਮਾ ਤੇ ਸ਼ੁਭਮ ਸ਼ਰਮਾ ਮਲੇਸ਼ੀਆ ਵਿਖੇ ਇਕ ਕੰਪਨੀ 'ਚ ਬਤੌਰ ਸਕਿਊਰਿਟੀ ਗਾਰਡ ਵਜੋਂ ਨੌਕਰੀ ਕਰਦੇ ਸਨ ਅਤੇ ਉਥੇ ਹੀ ਸ਼ਹਿਰ ਸੁਬਾਂਗ ਜਯਾ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਇਸ ਮਕਾਨ ਵਿਚ ਹੀ ਇਕ ਬਜ਼ੁਰਗ ਪਤੀ-ਪਤਨੀ ਲਿਮ ਕੋਕ ਹੋ (79) ਤੇ ਟੈਨ ਸਿਯੂ ਮੀ (52) ਵੀ ਰਹਿ ਰਹੇ ਸਨ। ਮਲੇਸ਼ੀਆ ਦੀ ਪੁਲਸ ਅਧਿਕਾਰੀ ਓ.ਸੀ.ਪੀ.ਡੀ. ਅਸਿਸਟ ਕਾਮ ਬਹਾਰੂਦੀਨ ਮੱਤ ਤਇਅਬ ਅਨੁਸਾਰ 23 ਅਗਸਤ ਨੂੰ ਦੁਪਹਿਰ 10 ਤੋਂ 12 ਵਜੇ ਦਰਮਿਆਨ ਪਹਿਲਾਂ ਬਜ਼ੁਰਗ ਲਿਮ ਕੋਕ ਨੂੰ ਕਤਲ ਕਰ ਕੇ ਇਕ ਬੈਗ ਵਿਚ ਪਾ ਕੇ ਮੋਟਰਸਾਈਕਲ 'ਤੇ ਲੱਦ ਕੇ ਆਲਮ ਮੇਗਾਹ ਐਲਆਰਟੀ ਸਟੇਸ਼ਨ ਨੇੜੇ ਇਕ ਨਾਲੇ ਵਿਚ ਸੁੱਟ ਦਿੱਤਾ। ਉਸ ਦਿਨ ਹੀ 2 ਘੰਟੇ ਬਾਅਦ ਜਦੋਂ ਉਸ ਦੀ ਪਤਨੀ ਰੈਸਟੋਰੈਂਟ ਤੋਂ ਨੌਕਰੀ ਕਰ ਕੇ ਪਰਤੀ ਤਾਂ ਉਸ ਨੂੰ ਵੀ ਚਾਕੂਆਂ ਨਾਲ ਮਾਰ ਕੇ ਉਸ ਦੀ ਲਾਸ਼ ਨੂੰ ਇਕ ਥੈਲੇ 'ਚ ਪਰਸੀਰਨ ਕੁਆਲਾ ਸਲੈਂਗੌਰ ਵਿਖੇ ਇਕ ਡਰੇਨ ਵਿਚ ਸੁੱਟ ਦਿੱਤਾ। ਪੁਲਸ ਅਨੁਸਾਰ ਜਦੋਂ ਇਨ੍ਹਾਂ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ 26 ਅਗਸਤ ਨੂੰ ਬਰਾਮਦ ਹੋਈਆਂ ਤਾਂ ਦੋਹਾਂ ਦੇ ਗਲੇ ਕੱਟੇ ਹੋਏ ਸਨ ਅਤੇ ਉਸ ਦੇ ਪਤੀ ਦੇ ਸਰੀਰ 'ਤੇ 7 ਤੇਜ਼ਧਾਰ ਹਥਿਆਰ ਨਾਲ ਵਾਰ ਦੇ ਨਿਸ਼ਾਨ ਸਨ ਜਦਕਿ ਪਤਨੀ ਦੇ ਸਰੀਰ 'ਤੇ 13 ਨਿਸ਼ਾਨ ਪਾਏ ਗਏ।
ਮਲੇਸ਼ੀਆ ਪੁਲਸ ਵਲੋਂ ਇਸ ਘਿਨੌਣੇ ਕਤਲ ਦੇ ਕਥਿਤ ਦੋਸ਼ ਹੇਠ ਦੋਵਾਂ ਸਕੇ ਭਰਾਵਾਂ ਸਾਗਰ ਸ਼ਰਮਾ ਤੇ ਸ਼ੁਭਮ ਸ਼ਰਮਾ ਨੂੰ 29 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਨ੍ਹਾਂ ਕੋਲੋਂ ਇਕ ਚਾਕੂ, ਮੋਬਾਇਲ ਫੋਨ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ। ਪੁਲਸ ਵੱਲੋਂ ਅਜੇ ਤੱਕ ਕਤਲ ਦੇ ਸਪੱਸ਼ਟ ਕਾਰਣਾਂ ਦਾ ਪਤਾ ਨਹੀਂ ਲੱਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦਾ ਇਸ ਬਜ਼ੁਰਗ ਜੋੜੇ ਨਾਲ ਮਕਾਨ ਦੇ ਕਿਰਾਏ ਨੂੰ ਲੈ ਕੇ ਤਕਰਾਰ ਹੋਇਆ ਸੀ। ਮਲੇਸ਼ੀਆ ਪੁਲਸ ਵੱਲੋਂ ਇਨ੍ਹਾਂ ਦੋਵਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ ਅਤੇ ਜੇਕਰ ਇਨ੍ਹਾਂ ਦੋਵੇਂ ਸਕੇ ਭਰਾਵਾਂ 'ਤੇ ਕਤਲ ਦਾ ਦੋਸ਼ ਸਿੱਧ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ।
 


KamalJeet Singh

Content Editor

Related News