ਪੰਜਾਬ ’ਚ ਹੁਣ ਇਕ ਦਿਨ ’ਚ 9 ਹਜ਼ਾਰ ਤਕ ਹੋਣਗੇ ਕੋਰੋਨਾ ਦੇ ਟੈਸਟ : ਸੋਨੀ
Wednesday, Jun 03, 2020 - 07:48 PM (IST)
ਪਟਿਆਲਾ,(ਰਾਜੇਸ਼)- ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਕੋਰੋਨਾ ਖ਼ਿਲਾਫ਼ ਜੰਗ ਨੂੰ ਸੂਬੇ ਭਰ ’ਚ ਜ਼ਮੀਨੀ ਪੱਧਰ ਤਕ ਲੈ ਕੇ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਵਾਇਰਸ ਦੇ ਟੈਸਟਾਂ ’ਚ ਹੋਰ ਤੇਜ਼ੀ ਲਿਆਉਣ ਲਈ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਵਾਇਰਲ ਰਿਸਰਚ ਅਤੇ ਡਾਇਆਗਨੋਸਟਿਕ ਲੈਬ ’ਚ 56 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ। ਸੋਨੀ ਨੇ ਇਸੇ ਲੈਬ ’ਚ ਡੇਢ ਕਰੋਡ਼ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਨਵੀਂ ਅਤਿ-ਆਧੁਨਿਕ ਤਕਨੀਕ ਵਾਲੀ ਪੂਰੀ ਤਰ੍ਹਾਂ ਖੁਦ ਚੱਲਣ ਵਾਲੀ ਮਸ਼ੀਨ ਐੱਮ. ਜੀ. ਆਈ. ਐੱਸ. ਪੀ. 960 ਦੀ ਵੀ ਸ਼ੁਰੂਆਤ ਕਰਵਾਈ, ਜਿਸ ਨਾਲ ਇੱਥੇ ਹੁਣ ਕੋਵਿਡ-19 ਦੇ ਰੋਜ਼ਾਨਾ ਕੀਤੇ ਜਾਣ ਵਾਲੇ ਟੈਸਟਾਂ ਦੀ ਗਿਣਤੀ ਨੂੰ 700 ਤੋਂ ਵਧਾ ਕੇ 3000 ਦੇ ਕਰੀਬ ਲਿਜਾਇਆ ਜਾਵੇਗਾ।
ਆਪਣੇ ਵੀਡੀਓ ਸੰਦੇਸ਼ ’ਚ ਪਰਨੀਤ ਕੌਰ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ’ਚ ਕੋਰੋਨਾ ਵਾਇਰਸ ਦੇ ਟੈਸਟਾਂ ਦੀ ਰੋਜ਼ਾਨਾ ਗਿਣਤੀ ਵਧਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਨੇ ਲੋਕ ਨਿਰਮਾਣ ਅਤੇ ਜਨ ਸਿਹਤ ਵਿਭਾਗ ਵੱਲੋਂ ਲਾਕਡਾਉਨ ਦੌਰਾਨ ਰਿਕਾਰਡ ਸਮੇਂ ਕੇਵਲ 20 ਦਿਨਾਂ ’ਚ ਲੈਬ ਦੀ ਮੁਰੰਮਤ ਕਰ ਕੇ ਇਸ ਦੀ ਸ਼ੁਰੂਆਤ ਕੀਤੇ ਜਾਣ ਲਈ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵਧਾਈ ਦਿੱਤੀ।
ਸੋਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਟੈਸਟਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ’ਤੇ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ’ਚ ਸਭ ਤੋਂ ਪਹਿਲਾਂ ਪੰਜਾਬ ਦੇ ਮੈਡੀਕਲ ਕਾਲਜਾਂ ’ਚ ਵਿਦੇਸ਼ਾਂ ਤੋਂ ਮੰਗਵਾ ਕੇ ਅਤਿ-ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ, ਜਿਸ ਨਾਲ ਹੁਣ ਪੰਜਾਬ ’ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਟੈਸਟਾਂ ਦੀ ਸਮਰੱਥਾ 9000 ਦੇ ਕਰੀਬ ਹੋ ਗਈ ਹੈ ਅਤੇ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ।
ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ (ਮੰਤਰੀ ਰੈਂਕ) ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਕੌਂਸਲਰ ਅਤੇ ਬਲਾਕ ਕਾਂਗਰਸ ਪ੍ਰਧਾਨ ਅਤੁਲ ਜੋਸ਼ੀ, ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾਡ਼ੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਮੈਡੀਕਲ ਐਜੂਕੇਸ਼ਨ ਅਤੇ ਖੋਜ਼ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ, ਵੀ. ਆਰ. ਡੀ. ਐੱਲ. ਲੈਬ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰੁਪਿੰਦਰ ਬਖ਼ਸ਼ੀ ਸਮੇਤ ਹੋਰ ਡਾਕਟਰ ਵੀ ਹਾਜ਼ਰ ਸਨ।