ਪੰਜਾਬ ''ਚ 2950 ਹੈਲਥ ਤੇ ਵੈੱਲਨੈੱਸ ਕਲੀਨਿਕ ਖੋਲ੍ਹੇ ਜਾਣਗੇ : ਸਿੱਧੂ
Saturday, Jun 22, 2019 - 07:25 PM (IST)

ਮੋਹਾਲੀ(ਰਾਣਾ)— ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ 'ਚ ਕੁੱਲ 2950 ਹੈਲਥ ਐਂਡ ਵੈੱਲਨੈੱਸ ਕਲੀਨਿਕ ਖੋਲੇ ਜਾਣਗੇ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਹੂਲਤਾਂ ਮਿਲ ਸਕਣ। ਇਨ੍ਹਾਂ 'ਚੋਂ 840 ਕਲੀਨਿਕਾਂ ਨੇ ਪਹਿਲਾਂ ਹੀ ਲੋਕਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਦੋਂ ਕਿ ਬਾਕੀ ਰਹਿੰਦੇ ਕਲੀਨਿਕ ਵੀ ਜਲਦੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ।
ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਸੋਹਾਣਾ ਸਮੇਤ ਹੋਰ ਕਈ ਪਿੰਡਾਂ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਸਿਹਤ ਸਹੂਲਤਾਂ ਨੂੰ ਵਿਸ਼ਵ ਪੱਧਰ ਦੇ ਹਾਣ ਦੀਆਂ ਬਣਾਉਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ, ਜਿਸ ਤਹਿਤ ਇਸ ਸਾਲ ਹੁਣ ਤੱਕ 80 ਨਵੀਆਂ ਐਂਬੂਲੈਂਸਾਂ ਨੂੰ ਸੇਵਾ 'ਚ ਲਾਇਆ ਗਿਆ ਹੈ। ਨਵੀਆਂ ਐਂਬੂਲੈਂਸਾਂ ਜੁੜਨ ਨਾਲ ਲੋਕਾਂ ਨੂੰ ਕਿਸੇ ਐਮਰਜੈਂਸੀ ਵੇਲੇ ਮਦਦ ਦੀ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ। ਇਨ੍ਹਾਂ ਐਂਬੂਲੈਂਸਾਂ 'ਚ ਸਾਰੀਆਂ ਆਧੁਨਿਕ ਡਾਕਟਰੀ ਸਹੂਲਤਾਂ ਦਿੱਤੀਆਂ ਗਈਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਦੋ ਖੇਤਰਾਂ ਨੂੰ ਪੰਜਾਬ ਸਰਕਾਰ ਬੇਹੱਦ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਦੀ ਹਾਲਤ ਵੀ ਸੁਧਾਰੀ ਜਾਵੇਗੀ ਤੇ ਖਾਲੀ ਪਈਆਂ ਸਾਰੀਆਂ ਆਸਾਮੀਆਂ ਭਰੀਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪਿੰਡ ਪੱਧਰ 'ਤੇ ਹੀ ਮਿਲ ਸਕਣ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡ ਸਨੇਟਾ 'ਚ ਚੰਡੀਗੜ ਦੇ ਸੈਕਟਰ 16 ਦੇ ਜਨਰਲ ਹਸਪਤਾਲ ਦੀ ਤਰਜ਼ 'ਤੇ ਵੱਡਾ ਹਸਪਤਾਲ ਬਣਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੂਰ ਦੁਰਾਡੇ ਨਾ ਜਾਣਾ ਪਵੇ।
ਇਸ ਮੌਕੇ ਹਲਕੇ ਦੇ ਮੋਹਤਬਰਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਸਨਮਾਨ ਕੀਤਾ। ਇਕੱਠ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਜੀਤ ਸਿੰਘ ਭੋਲੂ, ਬੂਟਾ ਸਿੰਘ ਸੋਹਾਣਾ, ਜੱਸੀ ਸਰਪੰਚ ਬੱਲੋਮਾਜਰਾ, ਅਮਰਜੀਤ ਸਿੰਘ ਪਹਿਲਵਾਨ ਲਖਨੌਰ, ਸ਼ਿੰਗਾਰ ਮੁਹੰਮਦ, ਸੌਰਵ ਸ਼ਰਮਾ, ਜਸਵਿੰਦਰ ਸਿੰਘ ਜੱਸੀ, ਪਰਮਜੀਤ ਸਿੰਘ ਅਤੇ ਹਰਮਿੰਦਰ ਸਿੰਘ ਹਾਜ਼ਰ ਸਨ।