ਮਾਮਲਾ ਪੰਜਾਬ ਦਾ ਪਾਣੀ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਦਾ, ਕਿਸਾਨਾਂ ਨੇ ਕਾਲੇ ਚੋਲੇ ਪਾ ਕੀਤਾ ਰੋਸ ਮਾਰਚ
Sunday, Jul 24, 2022 - 11:12 AM (IST)

ਅੰਮ੍ਰਿਤਸਰ (ਦਲਜੀਤ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਪੱਧਰ ’ਤੇ ਪਾਣੀਆਂ ਸਬੰਧੀ ਅੰਮ੍ਰਿਤਸਰ ਸਮੇਤ 11 ਥਾਵਾਂ ’ਤੇ ਚੱਲਦੇ ਸੰਘਰਸ਼ ’ਚ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ। ਜਥੇਬੰਦੀ ਵੱਲੋਂ ਕਾਲੇ ਚੋਲੇ ਪਾ ਕੇ ਅਤੇ ਕਾਲੇ ਝੰਡੇ ਫੜ ਕੇ ਧਰਨਾ ਸਟੇਜ ਤੋਂ ਵਰਲਡ ਬੈਂਕ ਦੀ ਨੀਤੀ ਤਹਿਤ ਲਾਰਸਨ ਐਂਡ ਟਰਬੋ ਲਿਮਟਿਡ ਵੱਲੋਂ ਲਗਾਏ ਜਾ ਰਹੇ ਨਹਿਰੀ ਪਾਣੀ ਸਾਫ ਕਰ ਕੇ ਪੀਣਯੋਗ ਬਣਾਉਣ ਦੇ ਪ੍ਰਾਜੈਕਟ ਤੱਕ, ਕਾਰਪੋਰੇਟ ਤੇ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ
ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਵਰਲਡ ਬੈਂਕ ਦੀ ਨੀਤੀ ਤਹਿਤ ਪੰਜਾਬ ਦੇ ਪਾਣੀਆਂ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਸਾਫ ਪਾਣੀ ਦੇ ਨਾਂ ’ਤੇ ਆਮ ਜਨਤਾ ਨੂੰ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਖੁਦ ਕਾਨੂੰਨ ਨੂੰ ਛਿੱਕੇ ਟੰਗ ਕੇ ਫੈਕਟਰੀਆਂ ਰਾਹੀਂ ਪਾਣੀ ਗੰਦਾ ਕਰਵਾਇਆ ਅਤੇ ਪਾਣੀ ਨੂੰ ਸਾਫ ਕਰਨ ਦੇ ਨਾਂ ’ਤੇ ਪ੍ਰਾਈਵੇਟ ਕੰਪਨੀਆਂ ਨੂੰ ਲੁਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਸਰਕਾਰ ਅਤੇ ਵਿਸ਼ਵ ਬੈਂਕ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣਗੀਆਂ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!
ਆਗੂਆਂ ਨੇ ਮੰਗ ਕੀਤੀ ਕਿ ਧਰਤੀ ਹੇਠ ਖ਼ਤਰਨਾਕ ਕੈਮੀਕਲ ਵਾਲਾ ਪਾਣੀ ਪਾਉਣ ਵਾਲੀਆਂ ਫੈਕਟਰੀਆਂ ’ਤੇ ਮਿਸਾਲੀ ਕਾਰਵਾਈ ਕਰਕੇ ਕਾਬੂ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਫੈਕਟਰੀ ਵਿਰੋਧੀ ਨਹੀਂ ਪਰ ਪਾਣੀ ਦੂਸ਼ਿਤ ਕਰਨ ਵਾਲੇ ਕਿਸੇ ਵੀ ਅਦਾਰੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਾ ਸਾਡਾ ਫਰਜ਼ ਬਣਦਾ ਹੈ। ਇਸ ਮੌਕੇ ਜ਼ਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ, ਗੁਰਲਾਲ ਸਿੰਘ ਮਾਨ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਦੀ ਜਗ੍ਹਾ ਪਾਣੀਆਂ ਦੇ ਮਸਲੇ ਹੱਲ ਕਰਨ ਲਈ ਝੋਨੇ ਦੀਆਂ ਬਦਲਵੀਆਂ ਅਤੇ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ’ਤੇ ਗਾਰੰਟੀ ਦਿੱਤੀ ਜਾਵੇ ਤਾਂ ਜੋ ਕਿਸਾਨ ਝੋਨੇ ਦੀ ਫ਼ਸਲ ਦੇ ਚੱਕਰ ’ਚੋਂ ਨਿਕਲ ਸਕੇ। ਇਸ ਮੌਕੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਜਸਮੀਤ ਸਿੰਘ ਰਾਣੀਆਂ, ਸਾਹਿਬ ਸਿੰਘ ਕੱਕੜ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ