ਪੰਜਾਬ ਵਿਧਾਨ ਸਭਾ ਦਾ ''ਮਾਨਸੂਨ ਇਜਲਾਸ'' ਅੱਜ ਤੋਂ, ਕਾਂਗਰਸ ਨੇ ਖਿੱਚੀ ਤਿਆਰੀ
Friday, Aug 24, 2018 - 09:15 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ 'ਮਾਨਸੂਨ ਇਜਲਾਸ' ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 28 ਅਗਸਤ ਤੱਕ ਚੱਲੇਗਾ। ਇਸ ਇਜਲਾਸ ਦੌਰਾਨ ਬੇਅਦਬੀ ਦੀਆਂ ਜਾਂਚ ਰਿਪੋਰਟਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀਆਂ ਵਿਚਕਾਰ ਤਕਰਾਰ ਹੋਣ ਦੇ ਆਸਾਰ ਹਨ। ਉੱਥੇ ਹੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆਪਸੀ ਫੁੱਟ ਤੋਂ ਬਾਅਦ ਪਹਿਲੀ ਵਾਰ ਸਦਨ 'ਚ ਆਉਣਗੇ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੋਵੇਗੀ ਪੇਸ਼
ਇਸ ਇਜਲਾਸ ਦੌਰਾਨ ਕਾਂਗਰਸ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੀਆਂ ਰਿਪੋਰਟ ਪੇਸ਼ ਕਰੇਗੀ। ਇਨ੍ਹਾਂ ਰਿਪੋਰਟਾਂ 'ਚ ਫਰੀਦਕੋਟ ਜ਼ਿਲੇ 'ਚ ਸਾਲ 2015 ਦੌਰਾਨ ਵਾਪਰੀਆਂ ਘਟਨਾਵਾਂ ਖਾਸ ਕਰਕੇ ਪਿੰਡ ਬਰਗਾੜੀ ਦੀ ਬੇਅਦਬੀ ਦੀ ਘਟਨਾ, ਪਿੰਡ ਬਹਿਬਲ ਕਲਾਂ ਜਿੱਥੋਂ ਦੇ 2 ਸਿੱਖ ਨੌਜਵਾਨਾਂ ਦੀ ਮੌਤ ਹੋਈ ਸੀ ਤੇ ਕੋਟਕਪੂਰਾ 'ਚ ਪੁਲਸ ਵਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ ਦੀ ਵੀ ਜਾਂਚ ਕੀਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਰਿਪੋਰਟਾਂ ਦੇ ਵਿਧਾਨ ਸਭਾ 'ਚ ਪੇਸ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੀਕ ਹੋਣ ਤੇ ਅਹਿਮ ਗਵਾਹ ਹਿੰਮਤ ਸਿੰਘ ਦੇ ਮੁਕਰਨ ਦਾ ਮਾਮਲਾ ਵੀ ਵੱਡਾ ਮੁੱਦਾ ਬਣ ਗਿਆ ਹੈ।
ਕਾਂਗਰਸ ਨੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਖਿੱਚੀ ਤਿਆਰੀ
ਜਿੱਥੇ ਅਕਾਲੀ ਦਲ ਨੇ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਨ ਦੀ ਤਿਆਰੀ ਕੀਤੀ ਹੋਈ ਹੈ, ਉੱਥੇ ਹੀ ਕਾਂਗਰਸ ਨੇ ਵੀ ਵਿਰੋਧੀ ਧਿਰਾਂ ਦਾ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਸਰਕਾਰ ਦਾ ਪੱਖ ਰੱਖਣ ਦੀ ਜ਼ਿੰਮੇਵਾਰੀ ਵਿਧਾਇਕਾਂ ਦੀ ਨੌਜਵਾਨ ਬ੍ਰਿਗੇਡ ਦੀ ਰਹੇਗੀ। ਇਸ ਸਬੰਧੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਤੇ ਕੁਲਦੀਪ ਸਿੰਘ ਢਿੱਲੋਂ ਨੂੰ ਅਕਾਲੀਆਂ ਨੂੰ ਘੇਰਨ ਲਈ ਰਿਪੋਰਟ 'ਤੇ ਬਹਿਸ ਦੀ ਪ੍ਰਧਾਨਗੀ ਕਰਨ ਲਈ ਕਿਹਾ ਗਿਆ ਹੈ।
28 ਅਗਸਤ ਤੱਕ ਚੱਲੇਗਾ ਇਜਲਾਸ
ਉਂਝ ਤਾਂ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 24 ਤੋਂ 28 ਅਗਸਤ ਮਤਲਬ ਕਿ 5 ਦਿਨਾਂ ਤੱਕ ਚੱਲੇਗਾ ਪਰ ਸਿਰਫ 2 ਦਿਨ ਹੀ ਸਰਕਾਰੀ ਕੰਮਕਾਜ ਹੋਣਗੇ ਕਿਉਂਕਿ 24 ਅਗਸਤ ਨੂੰ ਇਜਲਾਸ ਦੀ ਸ਼ੁਰੂਆਤ 'ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਨੂੰ ਛੁੱਟੀ ਰਹੇਗੀ। ਇਸ ਤਰ੍ਹਾਂ ਸਰਕਾਰੀ ਕੰਮਕਾਜ ਲਈ ਸਿਰਫ ਸੋਮਵਾਰ ਤੇ ਮੰਗਲਵਾਰ ਦਾ ਦਿਨ ਹੀ ਬਾਕੀ ਰਹਿ ਜਾਂਦਾ ਹੈ।