ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ

Friday, Jan 28, 2022 - 06:42 PM (IST)

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ

ਜਲੰਧਰ (ਸੋਮਨਾਥ)- ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦਲ ਬਦਲੇ ਜਾ ਰਹੇ ਹਨ ਅਤੇ ਬਾਗੀਆਂ ਦੀ ਬੱਲੇ-ਬੱਲੇ ਹੋ ਰਹੀ ਹੈ। ਇਸ ਦੇ ਨਾਲ ਹੀ ਨਸ਼ਾ, ਚੁਣਾਵੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਕੇਸ ਵੀ ਖੁੱਲ੍ਹ ਰਹੇ ਹਨ। ਈ. ਡੀ. ਦੀਆਂ ਕਾਰਵਾਈਆਂ ਨੂੰ ਬਦਲੇ ਦੀ ਰਾਜਨੀਤੀ ਦੱਸਿਆ ਜਾ ਰਿਹਾ ਹੈ। 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਰੀਬ 25 ਦਿਨ ਦਾ ਸਮਾਂ ਬਚਿਆ ਹੈ। ਇਹ ਵਿਧਾਨ ਸਭਾ ਚੋਣ ਜਨਤਾ ਦੇ ਕਿਸ ਮੁੱਦਿਆਂ ’ਤੇ ਲੜੀਆਂ ਜਾ ਰਹੀਆਂ ਹਨ, ਉਹ ਮੁੱਦੇ ਚੁਣਾਵੀ ਨੈਤਿਕਤਾ ਤੋਂ ਲਗਭਗ ਗਾਇਬ ਹਨ ਅਤੇ ਮੁੱਖ ਮੰਤਰੀ ਦੇ ਚਿਹਰੇ ’ਤੇ ਸਿਆਸਤ ਹੋ ਰਹੀ ਹੈ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਹਾਲਾਂਕਿ ਕਾਂਗਰਸ ’ਚ ਅਜੇ ਤੱਕ ਇਹ ਤੈਅ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਫੇਸ ਕੌਣ ਹੋਵੇਗਾ ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੰਘ ਸਿੱਧੂ ? ਮੁੱਖ ਮੰਤਰੀ ਫੇਸ ਦੇ ਐਲਾਨ ਨੂੰ ਲੈ ਕੇ ਕਾਂਗਰਸ ਵੀ ਫਸੀ ਹੋਈ ਪ੍ਰਤੀਤ ਹੁੰਦੀ ਹੈ, ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਰੂਪ ’ਚ ਐਲਾਨ ਕੀਤਾ ਜਾਂਦਾ ਹੈ ਤਾਂ ਦਲਿਤ ਵਰਗ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ ਅਤੇ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਖੁੱਲ੍ਹ ਕੇ ਮੁੱਖ ਮੰਤਰੀ ਫੇਸ ਐਲਾਨ ਕਰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਅਤੇ ਜੱਟ ਵੋਟ ਬੈਂਕ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?

ਮੁੱਖ ਮੰਤਰੀ ਅਹੁਦੇ 'ਤੇ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ੁਰੂ ਹੋਈ ਲੜਾਈ ’ਚ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਕੁਰਸੀ ਤਾਂ ਜਾਂਦੀ ਰਹੀ ਤੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਛੱਡ ਕੇ ਵੱਕਾਰ ਦੀ ਲੜਾਈ ’ਚ ਆਪਣੀ ਪਾਰਟੀ ਤੱਕ ਬਣਾਉਣੀ ਪੈ ਗਈ ਅਤੇ ਹੁਣ ਉਹ ਭਾਜਪਾ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ ਪਰ ਨਵਜੋਤ ਸਿੰਘ ਸਿੱਧੂ ਫਿਰ ਵੀ ਨਾ ਤਾਂ ਮੁੱਖ ਮੰਤਰੀ ਬਣ ਸਕੇ ਤੇ ਨਾ ਹੀ ਅਜੇ ਤੱਕ ਮੁੱਖ ਮੰਤਰੀ ਫੇਸ ਐਲਾਨ ਹੋਏ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸੰਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਫੇਸ ਦੇ ਤੌਰ ’ਤੇ ਚੋਣਾਂ ’ਚ ਉਤਾਰਿਆ ਗਿਆ ਹੈ। ਉੱਥੇ ਹੀ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਐਲਾਨ ਕਰਨ ਵਾਲੀ ਭਾਜਪਾ ਵੀ ਅਜੇ ਤੱਕ ਮੁੱਖ ਮੰਤਰੀ ਫੇਸ ਦਾ ਐਲਾਨ ਨਹੀਂ ਕਰ ਸਕੀ ਹੈ। ਚਾਹੇ ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਵੱਲੋਂ ਮੁੱਖ ਮੰਤਰੀ ਫੇਸ ਦਾ ਐਲਾਨ ਚੋਣ ਨਤੀਜਿਆਂ ਤੋਂ ਬਾਅਦ ਹੋਵੇਗਾ ਪਰ ਵਰਤਮਾਨ ’ਚ ਜਨਤਾ ਦੇ ਮੁੱਦਿਆਂ ’ਤੇ ਕੋਈ ਗੱਲ ਨਹੀਂ ਕਰ ਰਿਹਾ ਹੈ।

2017 ’ਚ ਇਹ ਸਨ ਚੁਣਾਵੀ ਮੁੱਦੇ
ਪੰਜਾਬ ’ਚ 15ਵੀਂ ਵਿਧਾਨ ਸਭਾ ਲਈ 2017 ’ਚ ਚੋਣਾਂ ’ਚ ਨਸ਼ਾ ਮੁੱਖ ਮੁੱਦੇ ਦੇ ਰੂਪ ’ਚ ਉੱਭਰਿਆ ਸੀ। 2014 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਨਸ਼ੇ ਦੇ ਮੁੱਦੇ ਨੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਲਾਂਕਿ ਗਠਜੋੜ ਸਰਕਾਰ ਨੇ ਨਸ਼ੇ ’ਤੇ ਕਾਬੂ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਆਪਣੀਆਂ ਕੋਸ਼ਿਸ਼ਾਂ ’ਚ ਗਠਜੋੜ ਸਰਕਾਰ ਸਫਲ ਨਹੀਂ ਹੋ ਸਕੀ ਤੇ ਅਖੀਰ ਪੰਜਾਬ ਦੀ ਸੱਤਾ ਹੱਥਾਂ ਤੋਂ ਜਾਂਦੀ ਰਹੀ। ਉੱਥੇ ਹੀ ਨਸ਼ੇ ਦਾ ਖ਼ਾਤਮੇ ਲਈ ਗੁਟਕਾ ਸਾਹਿਬ ਦੀ ਸਹੁੰ ਲੈ ਕੇ ਸੱਤਾ ’ਚ ਆਏ ਕੈਪਟਨ ਅਮਰਿੰਦਰ ਸਿੰਘ ਵੀ ਨਸ਼ੇ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾ ਸਕੇ ਤੇ ਪੰਜਾਬ ’ਚ ਨਸ਼ੇ ਨਾਲ ਕਈ ਮੌਤਾਂ ਹੋਣ ਤੋਂ ਬਾਅਦ ਅੱਜ ਵੀ ਇਹ ਮੁੱਦਾ ਕਾਇਮ ਹੈ। ਨਸ਼ੇ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਮੁੱਦਾ ਕਿਸਾਨੀ ਆਤਮ-ਹੱਤਿਆਵਾਂ ਦਾ ਸੀ। ਖੇਤੀਬਾੜੀ ਪ੍ਰਧਾਨ ਪੰਜਾਬ ’ਚ ਚੋਣਾਂ ਦੌਰਾਨ ਕਿਸਾਨਾਂ ਦੇ ਕਰਜ਼ ਦਾ ਮੁੱਦਾ ਹਮੇਸ਼ਾ ਹਾਵੀ ਰਿਹਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਸਾਨਾਂ ਵੱਲੋਂ ਕਰਜ਼ ਕਾਰਨ ਕੀਤੀਆਂ ਜਾ ਰਹੀਆਂ ਆਤਮ-ਹੱਤਿਆਵਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਕੇ ਕੈਪਟਨ ਕੈਪਟਨ ਅਮਰਿੰਦਰ ਸਿੰਘ ਸੱਤਾ ’ਚ ਆਏ ਸਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ

ਨਸ਼ਾ ਅਤੇ ਕਿਸਾਨੀ ਕਰਜ਼ੇ ਤੋਂ ਇਲਾਵਾ ਤੀਜਾ ਮੁੱਦਾ ਵੱਡੇ ਗੈਂਗਸਟਰਾਂ ਅਤੇ ਲਾਅ ਐਂਡ ਆਰਡਰ ਦਾ ਸੀ। ਗੈਂਗਸਟਰਾਂ ਤੇ ਨਸ਼ੇ ਦੇ ਵਧਦੇ ਕਾਰੋਬਾਰ ਕਾਰਨ ਲਾਅ ਐਂਡ ਆਰਡਰ ਦੀ ਹਾਲਤ ’ਤੇ ਸਵਾਲ ਚੁੱਕੇ ਜਾ ਰਹੇ ਸਨ। ਨਾਭਾ ਜੇਲ੍ਹ ਬ੍ਰੇਕ ਕਾਂਡ ਚਿੰਤਾ ਦਾ ਵਿਸ਼ਾ ਬਣ ਗਿਆ ਸੀ। ਸੂਬੇ ’ਚ 57 ਗੈਂਗਸਟਰਾਂ ਅਤੇ 20 ਹਜ਼ਾਰ ਦੇ ਕਰੀਬ ਭਗੌੜੇ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਸਨ। ਚੋਣ ਕਮਿਸ਼ਨ ਨੇ ਵੀ ਗੈਂਗਸਟਰਾਂ ਅਤੇ ਮੁਲਜ਼ਮਾਂ ਦੇ ਮਾਮਲੇ ’ਚ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਨਾਲ ਹੋਰ ਗੈਂਗਸਟਰਾਂ ਦਾ ਸਫ਼ਾਇਆ ਸ਼ੁਰੂ ਹੋ ਗਿਆ ਸੀ ਅਤੇ ਐਨਕਾਊਂਟਰ ਦੇ ਡਰ ਤੋਂ ਗੈਂਗਸਟਰ ਆਪ ਗ੍ਰਿਫ਼ਤਾਰੀਆਂ ਦੇਣ ਲੱਗ ਪਏ ਸਨ ਪਰ ਇਸ ਦੇ ਬਾਵਜੂਦ ਅੱਜ ਵੀ ਗੈਂਗਸਟਰਾਂ ਦੇ ਮਾਡਿਊਲਾਂ ਦੀ ਹਾਜ਼ਰੀ ਦਰਜ ਹੋ ਰਹੀ ਹੈ ਅਤੇ ਪੰਜਾਬ ’ਚ ਅੱਤਵਾਦ ਦਾ ਵੀ ਖ਼ਾਤਮਾ ਨਹੀਂ ਹੋ ਸਕਿਆ ਹੈ। ਸਭ ਤੋਂ ਅਹਿਮ ਮੁੱਦਾ ਬੇਅਦਬੀ ਦਾ ਸੀ। ਪੰਜਾਬ ’ਚ ਕਾਂਗਰਸ ਨੂੰ ਸੱਤਾ ’ਚ ਆਏ 5 ਸਾਲ ਪੂਰੇ ਹੋਣ ਵਾਲੇ ਹਨ ਪਰ ਅੱਜ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਵਰਚੁਅਲ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਪੁੱਛੇ 3 ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News