ਵਿਧਾਨ ਸਭਾ ਚੋਣਾਂ: ਪੰਜਾਬ ਵਿਚ ਪਹਿਲੀ ਵਾਰ ਹੋਣਗੇ ਪੰਜ ਕੋਣੀ ਮੁਕਾਬਲੇ
Monday, Jan 24, 2022 - 11:54 AM (IST)
ਨੂਰਪੁਰਬੇਦੀ (ਅਵਿਨਾਸ਼)- ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਪੰਜ ਕੋਣੀ ਮੁਕਾਬਲੇ ਹੋਣ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ’ਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਕੈਪਟਨ, ਢੀਂਡਸਾ ਗਠਜੋੜ ਅਤੇ 22 ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਇਹ ਪੰਜੇ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਹੀ ਜਿੱਤ ਹੋਵੇਗੀ ਅਤੇ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਪੰਜੇ ਧਿਰਾਂ ਵੱਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜੇ ਧਿਰਾਂ ਦੇ ਆਗੂਆਂ ਵੱਲੋਂ ਹਰ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪੋ ਆਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਅਤੇ ਗ਼ਰੀਬਾਂ ਨੂੰ ਦਿੱਤੀਆਂ ਅਨੇਕ ਸਹੂਲਤਾਂ ਲਈ ਕਾਂਗਰਸੀ ਆਗੂ ਆਪਣੀ ਕਾਂਗਰਸ ਸਰਕਾਰ ਦਾ ਗੁਣਗਾਣ ਕਰ ਰਹੇ ਹਨ।
ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਵੱਡਾ ਹਮਲਾ, ਕਿਹਾ- ‘ਆਪ’ ਦਾ ਬੁਲਬੁਲਾ 2017 ਵਾਂਗ ਜਲਦ ਫਟੇਗਾ
ਦੂਜੇ ਪਾਸੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਮੇਤ ਸੰਯੁਕਤ ਸਮਾਜ ਮੋਰਚਾ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਨਿਕੰਮੀ ਸਰਕਾਰ ਕਹਿ ਕੇ ਭੰਡਣ ’ਤੇ ਲੱਗੇ ਹੋਏ ਹਨ। ਭਾਜਪਾ ਭਾਵੇਂ ਖ਼ੁਦ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਪੁਜ਼ੀਸ਼ਨ ਵਿਚ ਨਹੀਂ ਹੈ ਪਰ ਉਸ ਨੇ ਕਾਂਗਰਸ ਤੋਂ ਬਾਗੀ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ’ਤੇ ਕਾਫ਼ੀ ਹੱਦ ਤਕ ਟੇਕ ਰੱਖੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਆਸ ਹੈ ਕਿ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਨਿਰਾਸ਼ ਆਗੂ ਉਨ੍ਹਾਂ ਵੱਲ ਆ ਸਕਦੇ ਹਨ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਤੋਂ ਨਾਰਾਜ਼ ਆਗੂਆਂ ਨੂੰ ਭਾਜਪਾ ਗਠਜੋੜ ਵਿਚ ਲਿਆਉਣ ਲਈ ਭਾਜਪਾ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਤਾਂ ਕਿ ਅਕਾਲੀ ਦਲ ਬਾਦਲ ਨਾਲ ਰੁੱਸੇ ਹੋਏ ਆਗੂਆਂ ਨੂੰ ਭਾਜਪਾ ਗਠਜੋੜ ਵਿਚ ਸ਼ਾਮਲ ਕੀਤਾ ਜਾ ਸਕੇ। ਪੰਜਾਬ ਵਿਚ ਪੰਜਵੀਂ ਧਿਰ ਵਜੋਂ ਉੱਭਰ ਕੇ ਆਏ ਸੰਯੁਕਤ ਸਮਾਜ ਮੋਰਚਾ ਨੂੰ ਕਈ ਹਲਕਿਆਂ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਮੋਰਚੇ ਦੇ ਆਗੂਆਂ ਨੂੰ ਆਸ ਹੈ ਕਿ ਮੋਰਚਾ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਪੰਜਾਬ ਵਿਚ ਅਗਲੀ ਸਰਕਾਰ ਬਣਾਏਗਾ।
ਇਹ ਵੀ ਪੜ੍ਹੋ: ਪੰਜਾਬ ਤੋਂ ਇਲਾਵਾ ਯੂ.ਪੀ. 'ਚ ਵੀ ਚਰਚਾ ਦਾ ਵਿਸ਼ਾ ਬਣੀ ਵਿਧਾਨ ਸਭਾ ਸੀਟ ਨਵਾਂਸ਼ਹਿਰ
ਭਾਵੇਂ ਕਿ ਅਨੇਕਾਂ ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਕਿਨਾਰਾ ਕੀਤਾ ਹੈ ਅਤੇ ਗੁਰਨਾਮ ਸਿੰਘ ਚਢੂਨੀ ਗਰੁੱਪ ਨਾਲ ਸੰਯੁਕਤ ਸਮਾਜ ਮੋਰਚੇ ਦਾ ਚੋਣ ਗਠਜੋੜ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚੋਣਾਂ ਵਿਚ ਉਤਰੀਆਂ ਪੰਜੇ ਧਿਰਾਂ ਵਿਚ ਆਪਸੀ ਖਿੱਚੋਤਾਣ ਜਾਰੀ ਹੈ, ਜਿਸ ਤੋਂ ਪੰਜੇ ਧਿਰਾਂ ਚਿੰਤਤ ਵੀ ਹਨ। ਚੋਣ ਅਮਲ ਸ਼ੁਰੂ ਹੋਣ ’ਤੇ ਹੀ ਪਤਾ ਚੱਲੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ ਪਰ ਹਾਲ ਦੀ ਘੜੀ ਪੰਜੇ ਧਿਰਾਂ ਪੰਜਾਬ ਵਿਚ ਆਪੋ ਆਪਣੀ ਸਰਕਾਰ ਬਣਾਉਣ ਲਈ ਮੁੱਛਾਂ ਨੂੰ ਤਾਅ ਦੇ ਰਹੀਆਂ ਹਨ।
ਇਹ ਵੀ ਪੜ੍ਹੋ: ਮੁਕੇਰੀਆਂ: ਵਿਆਹ ਤੋਂ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ 'ਚ 2 ਨੌਜਵਾਨਾਂ ਸਣੇ 3 ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ