ਆਜ਼ਾਦੀ ਤੋਂ ਪਹਿਲਾਂ ਦੀ ''ਪੰਜਾਬ ਵਿਧਾਨ ਸਭਾ'' ਦੀ ਕਾਰਵਾਈ ਵੀ ਹੋਵੇਗੀ ਆਨਲਾਈਨ!
Thursday, Nov 01, 2018 - 01:59 PM (IST)

ਚੰਡੀਗੜ੍ਹ : ਪੰਜਾਬ ਦੀ ਵਿਧਾਨ ਸਭਾ ਵੀ ਹੁਣ ਗੋਆ ਅਤੇ ਹਿਮਾਚਲ ਵਿਧਾਨ ਸਭਾ ਦੀ ਤਰ੍ਹਾਂ ਪੇਪਰਲੈੱਸ ਹੋਵੇਗੀ। ਪੂਰੇ ਦੇਸ਼ ਦੀਆਂ ਵਿਧਾਨ ਸਭਾਵਾਂ ਨੂੰ ਪੇਪਰਲੈੱਸ ਕਰਨ ਦੀ ਕੇਂਦਰ ਦੀ ਯੋਜਨਾ 'ਚ ਪੰਜਾਬ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਸਬੰਧੀ ਵਿਧਾਨ ਸਭਾ ਦੀ ਕਾਰਵਾਈ ਦਾ ਡਾਟਾ ਅਪਲੋਡ ਕਰਨ 'ਚ ਪੰਜਾਬ ਦਾ ਕੰਮ ਤਕਰੀਬਨ ਪੂਰਾ ਹੋ ਚੁੱਕਾ ਹੈ, ਜਦੋਂ ਕਿ ਦੂਜੇ ਸੂਬਿਆਂ ਦਾ ਕੰਮ ਅਜੇ ਸ਼ੁਰੂਆਤੀ ਪੱਧਰ 'ਤੇ ਹੀ ਹੈ। ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਲਾਹੌਰ 'ਚ ਹੁੰਦੀ ਸੀ। 1937 ਤੋਂ ਲੈ ਕੇ 1947 ਤੱਕ ਦੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਦਸਤਾਵੇਜ਼ ਅਤੇ ਫੁਟੇਜ ਲਾਹੌਰ ਤੋਂ ਲਿਆਂਦੀ ਗਈ। ਆਜ਼ਾਦੀ ਤੋਂ ਪਹਿਲਾਂ ਦੀ ਸਦਨ ਦੀ ਕਾਰਵਾਈ ਉਰਦੂ 'ਚ ਹੈ।
ਇਸ ਨੂੰ ਵੀ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ। ਦੇਸ਼ 'ਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਕੇਂਦਰ ਵਲੋਂ ਨੇਵਾ ਨਾਂ ਤੋਂ ਇਕ ਪੋਰਟਲ ਬਣਾਇਆ ਗਿਆ ਹੈ। ਇਸ 'ਚ ਸਾਰੇ ਸੂਬੇ ਆਪਣੀਆਂ ਵਿਧਾਨ ਸਭਾਵਾਂ ਦੀ ਕਾਰਵਾਈ ਅਤੇ ਹੋਰ ਜ਼ਰੂਰੀ ਡਾਟਾ ਪਾ ਰਹੇ ਹਨ। ਇਸ ਪੋਰਟਲ ਦੀ ਐਪ ਨੂੰ ਲੋਕ ਆਪਣੇ ਸਮਾਰਟ ਫੋਨ ਨਾਲ ਡਾਊਨਲੋਡ ਕਰ ਕੇ ਵਿਧਾਨ ਸਭਾ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹਨ।