ਸ਼ਾਹੀ ਸ਼ਹਿਰ ਪਟਿਆਲਾ ਤੋਂ ਹੋਵੇਗਾ ਪੰਜਾਬ ਸ਼ਹਿਰੀ ਆਵਾਸ ਯੋਜਨਾ ਦਾ ਆਗਾਜ਼
Saturday, May 05, 2018 - 07:11 AM (IST)

ਚੰਡੀਗੜ੍ਹ (ਅਸ਼ਵਨੀ) - ਲੱਗਭਗ ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਕਾਂਗਰਸ ਸਰਕਾਰ ਹੁਣ ਅਨੁਸੂਚਿਤ ਜਾਤੀ ਅਤੇ ਪਛੜੇ ਵਰਗ ਨਾਲ ਸਬੰਧ ਰੱਖਣ ਵਾਲਿਆਂ ਲਈ 176 ਮੁਫਤ ਘਰ ਬਣਾਏਗੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਪਹਿਲੀ ਨਿਰਮਾਣ ਯੋਜਨਾ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਮੁਫਤ ਘਰ ਦੀ ਯੋਜਨਾ ਦਾ ਆਗਾਜ਼ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੋਮ ਟਾਊਨ ਪਟਿਆਲਾ ਤੋਂ ਕੀਤਾ ਜਾਵੇਗਾ। ਪਟਿਆਲਾ-ਸੰਗਰੂਰ ਰੋਡ 'ਤੇ ਪਸਿਆਣਾ ਦੇ ਨਜ਼ਦੀਕ ਪਿੰਡ ਹਾਜੀਮਾਜਰਾ 'ਚ ਇਸ ਯੋਜਨਾ 'ਤੇ ਕਰੀਬ 925.90 ਲੱਖ ਰੁਪਏ ਖਰਚ ਹੋਣਗੇ।
ਮੁਫਤ ਘਰ ਦੀ ਯੋਜਨਾ ਲਈ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਫੋਰਡੇਬਲ ਹਾਊਸਿੰਗ ਪਾਰਟਨਰਸ਼ਿਪ ਸਕੀਮ ਦਾ ਸਹਾਰਾ ਲਿਆ ਹੈ। ਇਸ ਸਕੀਮ ਵਿਚ ਕੇਂਦਰ ਸਰਕਾਰ ਹਰੇਕ ਘਰ ਲਈ 1.50 ਲੱਖ ਰੁਪਏ ਮਤਲਬ ਕੁਲ 264 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ। ਉਥੇ ਹੀ, ਬਾਕੀ ਦਾ ਪੂਰਾ ਖਰਚ 661.90 ਲੱਖ ਰੁਪਏ ਪੰਜਾਬ ਸਰਕਾਰ ਉਠਾਵੇਗੀ। ਨਾਲ ਹੀ ਘਰ ਦੀ ਉਸਾਰੀ ਲਈ 1.69 ਏਕੜ ਜ਼ਮੀਨ ਮੁਫਤ ਉਪਲੱਬਧ ਕਰਵਾਏਗੀ।
ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਗਰਾਊਂਡ ਫਲੋਰ ਸਮੇਤ ਤਿੰਨ ਮੰਜ਼ਿਲਾ ਇਮਾਰਤ ਦੇ ਹਰੇਕ ਘਰ 'ਤੇ ਕਰੀਬ 5. 26 ਲੱਖ ਰੁਪਏ ਖਰਚ ਆਵੇਗਾ, ਜਿਸ ਦਾ ਕਾਰਪੇਟ ਏਰੀਆ 25. 25 ਵਰਗ ਮੀਟਰ ਹੋਵੇਗਾ।