ਪੰਜਾਬ ਦਾ ਖਜ਼ਾਨਾ ਖਾਲੀ ਨਹੀਂ, ਕਾਂਗਰਸ ਦੀ ਨੀਅਤ ਮਾੜੀ : ਸੁਖਬੀਰ
Monday, Mar 12, 2018 - 06:20 AM (IST)
ਪਟਿਆਲਾ/ਸਮਾਣਾ (ਮਨਦੀਪ ਜੋਸਨ, ਦਰਦ, ਅਨੇਜਾ) - ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਪੰਜਾਬ ਦਾ ਝੂਠਾ, ਧੋਖੇਬਾਜ਼ ਤੇ ਮੱਕਾਰ ਮੁੱਖ ਮੰਤਰੀ ਦਾ ਖਿਤਾਬ ਦਿੱਤਾ ਹੈ। ਸ. ਬਾਦਲ ਅੱਜ ਇੱਥੇ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋ ਰਹੀ 'ਪੋਲ-ਖੋਲ੍ਹ' ਰੈਲੀ ਵਿਚ ਪੁੱਜੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਮੁੱਖ ਮੰਤਰੀ ਦੇ ਜ਼ਿਲੇ ਵਿਚ ਜੁੜੇ ਹਜ਼ਾਰਾਂ ਲੋਕਾਂ ਦਾ ਇਕੱਠ ਦੇਖ ਬਾਗੋ-ਬਾਗ ਹੋਏ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਰਗੜੇ ਲਾਉਂਦਿਆਂ ਕਿਹਾ ਕਿ 50 ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਕਿੰਨੇ ਦੁਖੀ ਹਨ। ਸੂਬਾ ਸਰਕਾਰ ਆਪਣਾ ਆਧਾਰ ਖ਼ਤਮ ਕਰ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੀ ਰਟ ਲਾ ਰਹੀ ਕਾਂਗਰਸ ਸਰਕਾਰ ਦੀ ਆਪਣੀ ਨੀਅਤ ਹੀ ਮਾੜੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਪੰਜਾਬ ਵਿਚ 20 ਹਜ਼ਾਰ ਕਰੋੜ ਰੁਪਿਆ ਲਾ ਕੇ ਸੜਕਾਂ ਦਾ ਜਾਲ ਵਿਛਾਇਆ ਅਤੇ 50 ਹਜ਼ਾਰ ਕਰੋੜ ਲਾ ਕੇ ਥਰਮਲ ਪਲਾਂਟ ਬਣਾਏ। ਕੈਪਟਨ ਕੁਝ ਕਰਨ ਦੀ ਬਜਾਏ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਸਲ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਅਰਾ ਸੀ ਕਿ 'ਰਾਜ ਨਹੀਂ ਸੇਵਾ' ਪਰ ਕੈਪਟਨ ਨੇ ਇਸ ਨੂੰ ਉਲਟ ਕਰ ਦਿੱਤਾ ਹੈ ਤੇ ਉਹ 'ਸੇਵਾ ਨਹੀਂ ਰਾਜ' ਦੇ ਨਾਅਰੇ 'ਤੇ ਤੁਰ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਜਿੱਥੇ ਅਕਾਲੀ ਸਰਕਾਰਾਂ ਦੇ ਕੀਤੇ ਕੰਮ ਗਿਣਾਏ, ਉੱਥੇ ਪੰਜਾਬ ਦੇ ਅਫ਼ਸਰਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਤੁਸੀਂ ਪੰਜਾਬ ਵਿਚ ਹੀ ਰਹਿਣਾ ਹੈ। ਇਸ ਲਈ ਧੱਕੇਸ਼ਾਹੀ ਬੰਦ ਕਰ ਦਿਓ ਨਹੀਂ ਤਾਂ ਮੇਰੇ ਵੱਲੋਂ ਲਾਈ 'ਲਾਲ ਡਾਇਰੀ' ਤੁਹਾਡੇ ਲਈ ਤੁਹਾਡਾ ਕਾਲ ਸਾਬਤ ਹੋਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਨੇਤਾਵਾਂ ਤੇ ਸਰਪੰਚਾਂ 'ਤੇ ਬਿਲਕੁਲ ਵੀ ਝੂਠੇ ਕੇਸ ਸਹਿਣ ਨਹੀਂ ਕਰਾਂਗੇ ਅਤੇ ਇਸਦਾ ਮੂੰਹ ਤੋੜ ਜਵਾਬ ਦੇਵਾਂਗੇ।
ਇਸ ਮੌਕੇ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਰੱਖੜਾ ਸੀਨੀਅਰ ਅਕਾਲੀ ਨੇਤਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਸਨੌਰ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ ਪਟਿਆਲਾ, ਕਬੀਰ ਦਾਸ ਇੰਚਾਰਜ ਨਾਭਾ, ਬੀਬੀ ਵਨਿੰਦਰ ਕੌਰ ਲੂੰਬਾ ਇੰਚਾਰਜ ਸ਼ਤਰਾਣਾ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਇੰਚਾਰਜ ਘਨੌਰ, ਸਤਬੀਰ ਸਿੰਘ ਖੱਟੜਾ ਇੰਚਾਰਜ ਪਟਿਆਲਾ ਦਿਹਾਤੀ, ਹਰਜੀਤ ਸਿੰਘ ਗਰੇਵਾਲ ਭਾਜਪਾ ਪ੍ਰਧਾਨ ਹਲਕਾ ਰਾਜਪੁਰਾ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ਪੰਜਾਬ, ਇੰਦਰਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਰਾਜੂ ਖੰਨਾ ਇੰਚਾਰਜ ਅਮਲੋਹ, ਸੁੱਖੀ ਰੱਖੜਾ ਯੂਥ ਅਕਾਲੀ ਜਨਰਲ ਸਕੱਤਰ, ਜਸਪਾਲ ਸਿੰਘ ਕਲਿਆਣ ਚੇਅਰਮੈਨ, ਰਣਧੀਰ ਸਿੰਘ ਰੱਖੜਾ ਸਾਬਕਾ ਪ੍ਰਧਾਨ, ਨਰਦੇਵ ਸਿੰਘ ਆਕੜੀ ਸਕੱਤਰ ਜਨਰਲ, ਭਗਵਾਨ ਦਾਸ ਜੁਨੇਜਾ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਵਿੱਕੀ ਰਿਵਾਜ਼, ਜਸਵਿੰਦਰ ਸਿੰਘ ਚੀਮਾ, ਅਜੀਤਪਾਲ ਸਿੰਘ ਕੋਹਲੀ ਸਾਬਕਾ ਮੇਅਰ, ਅਮਰਿੰਦਰ ਸਿੰਘ ਬਜਾਜ ਸਾਬਕਾ ਮੇਅਰ, ਬਲਦੇਵ ਸਿੰਘ ਬੱਲੂਆਣਾ ਪ੍ਰਧਾਨ ਸਿੱਖ ਬੁੱਧੀਜੀਵੀ ਕੌਂਸਲ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਕਪੂਰ ਚੰਦ ਬਾਂਸਲ ਪ੍ਰਧਾਨ ਨਗਰ ਕੌਂਸਲ ਸਮਾਣਾ, ਅਸ਼ੋਕ ਮੌਦਗਿੱਲ ਸਮਾਣਾ, ਬੱਬੀ ਬਾਦਲ ਕੌਮੀ ਜਨਰਲ ਸਕੱਤਰ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।
ਲੋਕ ਸਭਾ ਚੋਣਾਂ 'ਚ ਮੋਤੀ ਮਹਿਲ ਨੂੰ ਦੇਵਾਂਗੇ ਕਰਾਰੀ ਹਾਰ
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅੱਜ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਹੋਏ ਇਸ ਇਕੱਠ ਨੇ ਜਿੱਥੇ ਸਮੁੱਚੇ ਪੰਜਾਬ ਦੀਆਂ ਹੁਣ ਤੱਕ ਹੋਈਆਂ 'ਪੋਲ-ਖੋਲ੍ਹ' ਰੈਲੀਆਂ ਤੋਂ ਵੱਧ ਇਕੱਠ ਕੀਤਾ ਹੈ, ਉੱਥੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਪਟਿਆਲਾ ਤੋਂ ਮੋਤੀ ਮਹਿਲ ਨੂੰ ਕਰਾਰੀ ਹਾਰ ਮਿਲੇਗੀ। ਇਸ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਅਮਰਿੰਦਰ ਸਰਕਾਰ ਦਾ ਭੋਗ ਪੈ ਚੁੱਕਿਆ ਹੈ। ਉਸ ਦਾ ਵਿਨਾਸ਼ ਪਟਿਆਲੇ ਤੋਂ ਹੀ ਸ਼ੁਰੂ ਹੋਵੇਗਾ।
ਮੇਰਾ ਜਨਮ ਵੀ ਪਟਿਆਲਾ 'ਚ ਹੋਇਆ, ਮੈਂ ਅਮਰਿੰਦਰ ਤੋਂ ਵੱਧ ਪਟਿਆਲਾ ਦੇ ਲੋਕਾਂ ਨੂੰ ਜਾਣਦਾ
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੇਰਾ ਜਨਮ ਵੀ ਪਟਿਆਲੇ ਜ਼ਿਲੇ ਦਾ ਹੈ ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਪਟਿਆਲੇ ਦੇ ਲੋਕਾਂ ਨੂੰ ਜਾਣਦਾ ਹਾਂ। ਉਨ੍ਹਾਂ ਆਖਿਆ ਕਿ ਮੈਂ ਅਮਰਿੰਦਰ ਤੋਂ ਵੱਧ ਪਟਿਆਲਾ ਵਿਚ ਆਉਂਦਾ ਹਾਂ। ਹੈਰਾਨੀ ਹੈ ਕਿ ਪੂਰੇ ਇਕ ਸਾਲ ਵਿਚ ਕੈਪਟਨ ਅਮਰਿੰਦਰ ਸਿੰਘ ਸਿਰਫ਼ ਇਕ ਵਾਰ ਹੀ ਪਟਿਆਲੇ ਵਿਚ ਦਰਸ਼ਨ ਦੇ ਕੇ ਗਏ ਹਨ, ਜਦਕਿ ਉਨ੍ਹਾਂ ਦੀ ਸਰਕਾਰ ਨੂੰ ਬਣਿਆਂ ਨੂੰ 365 ਦਿਨ ਪੂਰੇ ਹੋਣ ਵਾਲੇ ਹਨ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ 20 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਨੂੰ ਘੇਰਿਆ ਜਾਵੇਗਾ।
ਹਜ਼ਾਰਾਂ ਲੋਕਾਂ ਨੇ ਕਾਂਗਰਸ ਦੀ ਛੁੱਟੀ ਕਰਨ 'ਤੇ ਲਾਈ ਮੋਹਰ : ਰੱਖੜਾ
ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮੁੱਖ ਮੰਤਰੀ ਦਾ ਜ਼ਿਲਾ ਹੋਵੇ ਤੇ ਅੱਜ ਮੁੱਖ ਮੰਤਰੀ ਦਾ ਜਨਮ ਦਿਨ ਹੋਵੇ, ਇਸ ਦੇ ਬਾਵਜੂਦ ਉਨ੍ਹਾਂ ਦੇ ਇਕ ਸੱਦੇ 'ਤੇ ਸਮਾਣਾ ਵਿਖੇ ਪੁੱਜੇ ਹਜ਼ਾਰਾਂ ਲੋਕਾਂ ਨੇ ਕਾਂਗਰਸ ਦੀ ਛੁੱਟੀ ਕਰਨ 'ਤੇ ਮੋਹਰ ਲਾ ਦਿੱਤੀ ਹੈ। ਰੱਖੜਾ ਨੇ ਆਖਿਆ ਕਿ ਬੇਸ਼ੱਕ ਕਾਂਗਰਸ ਵੱਲੋਂ ਅਕਾਲੀ ਸਰਪੰਚਾਂ ਤੇ ਨੇਤਾਵਾਂ 'ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅੱਜ ਦੀ ਰੈਲੀ ਵਿਚ 150 ਤੋਂ ਵੱਧ ਸਾਡੇ ਵਰਕਰਾਂ ਦੀਆਂ ਟਰਾਲੀਆਂ ਤੇ ਵ੍ਹੀਕਲ ਕਾਂਗਰਸ ਦੀ ਸ਼ਹਿ 'ਤੇ ਪੁਲਸ ਨੇ ਰੋਕੇ ਹਨ, ਜੋ ਕਿ ਬਹੁਤ ਹੀ ਧੱਕੇਸ਼ਾਹੀ ਵਾਲੀ ਗੱਲ ਹੈ।
