ਪੰਜਾਬ ’ਚ ਹੁਣ ਹੋਰ ਆਸਾਨੀ ਨਾਲ ਮਿਲਣਗੀਆਂ ਟਰਾਂਸਪੋਰਟ ਸੇਵਾਵਾਂ

Thursday, Jan 14, 2021 - 09:10 AM (IST)

ਚੰਡੀਗੜ੍ਹ, ਅੰਮਿ੍ਰਤਸਰ (ਰਮਨਜੀਤ)- ਪੰਜਾਬ ਵਿਚ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਾਉਣੀ ਅਤੇ ਡਰਾਈਵਿੰਗ ਲਾਇਸੈਂਸ ਬਣਾਉਣੇ ਹੁਣ ਹੋਰ ਜ਼ਿਆਦਾ ਸੌਖੇ ਹੋ ਗਏ ਹਨ। ਟਰਾਂਸਪੋਰਟ ਵਿਭਾਗ ਵਿਚ ਜ਼ਿਆਦਾਤਰ ਸੇਵਾਵਾਂ ਡਿਜੀਟਲਾਈਜ਼ ਕਰਕੇ ਸਾਂਝੇ ਸੇਵਾ ਕੇਂਦਰਾਂ ਨੂੰ ਵੀ ਅਧਿਕਾਰਤ ਕੀਤਾ ਗਿਆ ਹੈ, ਜਿਸ ਨਾਲ ਸੇਵਾ ਦੇਣ ਵਾਲੇ ਕੇਂਦਰਾਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤਕ ਵਧ ਗਈ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਵਿਭਾਗ ਵਿਚ ਜ਼ਿਆਦਾਤਰ ਸੇਵਾਵਾਂ ਡਿਜੀਟਲ ਕਰ ਦਿੱਤੀਆਂ ਗਈਆਂ ਹਨ ਅਤੇ ਲੋਕ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਨੂੰ ਪ੍ਰਾਪਤ ਕਰ ਸਕਦੇ ਹਨ। ਵਾਹਨਾਂ ਦੀ ਰਜਿਸਟ੍ਰੇਸ਼ਨ ਸਬੰਧੀ ਦਰਖਾਸਤਾਂ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਚਾਹਵਾਨ ਘਰ ਬੈਠੇ ਹੀ ‘ਵਾਹਨ ਅਤੇ ਸਾਰਥੀ’ ਵੈੱਬ ਐਪਲੀਕੇਸ਼ਨਾਂ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿਚ 500 ਤੋਂ ਜ਼ਿਆਦਾ ਸੇਵਾ ਕੇਂਦਰਾਂ ਰਾਹੀਂ ਕਿਸੇ ਵੀ ਕੰਮਕਾਰ ਵਾਲੇ ਦਿਨ ਪ੍ਰਤੀ ਦਰਖਾਸਤ ਸਿਰਫ 50 ਰੁਪਏ ਦੀ ਅਦਾਇਗੀ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਅਪਲਾਈ ਕਰਨ ਦੀ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸੇਵਾ ਕੇਂਦਰਾਂ ਤੋਂ ਇਲਾਵਾ ਪਿੰਡਾਂ ਵਿਚ 3 ਹਜ਼ਾਰ ਤੋਂ ਜ਼ਿਆਦਾ ਅਜਿਹੇ ‘ਸਾਂਝ ਸੇਵਾ ਕੇਂਦਰਾਂ’ ਰਾਹੀਂ ਵੀ ਪ੍ਰਤੀ ਦਰਖਾਸਤ 30 ਰੁਪਏ ਦੀ ਅਦਾਇਗੀ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਦਰਖਾਸਤ ਅਪਲਾਈ ਕਰਨ ਦੀ ਸੇਵਾ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਫ 98 ਦਫਤਰਾਂ ਰਾਹੀਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਾਉਣ ਅਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਦਰਖਾਸਤ ਦੇਣ ਦਾ ਪ੍ਰਬੰਧ ਸੀ, ਜੋ ਕਿ ਹੁਣ ਵਧ ਕੇ 3500 ਤੋਂ ਵੀ ਜ਼ਿਆਦਾ ਹੋ ਗਏ ਹਨ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਰਾਏ 
 


Baljeet Kaur

Content Editor

Related News