Punjab Tourism Summit : CM ਮਾਨ ਨੇ ਪੰਜਾਬ ਦੀਆਂ ਸਿਫ਼ਤਾਂ ਦੇ ਬੰਨ੍ਹੇ ਪੁਲ, ਤੁਸੀਂ ਵੀ ਸੁਣੋ Speech (ਵੀਡੀਓ)
Monday, Sep 11, 2023 - 02:09 PM (IST)
ਮੋਹਾਲੀ : ਮੋਹਾਲੀ ਵਿਖੇ 'ਪੰਜਾਬ ਟੂਰਿਜ਼ਮ ਸਮਿੱਟ' ਦਾ ਆਗਾਜ਼ ਹੋ ਚੁੱਕਾ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਸਮਿੱਟ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਅਤੇ ਸੱਤ ਸਮੁੰਦਰੋਂ ਪਾਰ ਆਏ ਨਾਮਵਰ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਜਾਂ ਸ਼ਕਤੀ ਪ੍ਰਦਰਸ਼ਨ ਨਹੀਂ, ਸਗੋਂ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਹੈ। ਜਦੋਂ ਅਸੀਂ ਸਹੁੰ ਚੁੱਕੀ ਤਾਂ ਸਾਡਾ ਸੁਫ਼ਨਾ ਸੀ ਕਿ ਅਸੀਂ ਪੰਜਾਬ ਦਾ ਉਹ ਪੱਖ ਦਿਖਾਉਣਾ ਹੈ, ਜੋ ਲੋਕਾਂ ਨੇ ਅਜੇ ਤੱਕ ਦੇਖਿਆ ਨਹੀਂ ਹੈ। ਇਸ ਲਈ ਅਸੀਂ ਟੂਰਿਜ਼ਮ ਵਿਭਾਗ ਦੇ ਅਫ਼ਸਰਾਂ ਨਾਲ ਗੱਲਬਾਤ ਕਰਕੇ ਇਹ ਫ਼ੈਸਲਾ ਲਿਆ ਕਿ ਪੰਜਾਬ ਨੂੰ ਟੂਰਿਜ਼ਮ ਦੇ ਖੇਤਰ 'ਚ ਸਭ ਤੋਂ ਅੱਗੇ ਲੈ ਕੇ ਜਾਣਾ ਹੈ।
ਇਹ ਵੀ ਪੜ੍ਹੋ : 4 ਬੱਚਿਆਂ ਦੇ ਪਿਓ ਦੀ ਹਸਪਤਾਲ 'ਚ ਅਚਾਨਕ ਮੌਤ, ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ
ਉਨ੍ਹਾਂ ਕਿਹਾ ਕਿ ਮੰਡੀ, ਕਾਂਗੜਾ, ਸ਼ਿਮਲਾ ਆਦਿ ਦਾ ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਨਾਲ ਸਬੰਧ ਹੈ। ਧਾਰਮਿਕ ਟੂਰਿਜ਼ਮ ਪੱਖੋਂ ਪੰਜਾਬ ਦਾ ਕੋਈ ਸਾਨ੍ਹੀ ਨਹੀਂ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਇਕ ਲੱਖ ਲੋਕ ਨਤਮਸਤਕ ਹੋਣ ਆਉਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਨੂੰ ਕੁਦਰਤ ਨੇ ਕੀ-ਕੀ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ, ਜਿੱਥੇ ਹਰ ਪਿੰਡ 'ਚ ਸ਼ਹੀਦ ਨਾਲ ਸਬੰਧਿਤ ਕੋਈ ਨਾ ਕੋਈ ਯਾਦਗਾਰ ਜ਼ਰੂਰ ਹੈ। ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ, ਰਾਮ ਮੰਦਰ, ਵਾਹਗਾ ਬਾਰਡਰ ਅਤੇ ਹੋਰ ਵੀ ਬਹੁਤ ਕੁੱਝ ਦੇਖਣ ਵਾਲਾ ਹੈ। ਸਾਡਾ ਚੱਪਾ-ਚੱਪਾ ਚਰਨਛੋਹ ਪ੍ਰਾਪਤ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ 'ਪੰਜਾਬ ਟੂਰਿਜ਼ਮ ਸਮਿੱਟ' ਦਾ ਆਗਾਜ਼, ਸਟੇਜ 'ਤੇ ਪੁੱਜੇ CM ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਮੇਰੇ ਕੋਲ ਨਿਵੇਸ਼ਕ ਆਉਂਦੇ ਹਨ ਤਾਂ ਪੁੱਛਦੇ ਹਨ ਕਿ ਕੋਈ ਦਿੱਕਤ ਤਾਂ ਨਹੀਂ ਆਵੇਗੀ ਪਰ ਉਹ ਇਕ ਗੱਲ ਕਹਿਣਾ ਚਾਹੁੰਦੇ ਹਨ ਕਿ ਜਿਹੜੇ ਵਿਅਕਤੀ ਨੇ ਇਕ ਵਾਰ ਪੰਜਾਬ 'ਚ ਕੋਈ ਕੰਮ ਸ਼ੁਰੂ ਕਰ ਲਿਆ, ਇਹ ਇੰਨੀ ਬਰਕਤ ਵਾਲੀ ਧਰਤੀ ਹੈ, ਉਸ ਨੂੰ ਕਦੇ ਘਾਟਾ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹਰ ਕੋਨੇ 'ਚ ਸਫ਼ਲ ਪੰਜਾਬੀ ਮਿਲੇਗਾ। ਪੰਜਾਬੀ ਜਿੱਥੇ ਜਾਂਦੇ ਹਨ, ਉੱਥੇ ਆਪਣਾ ਮੁਕਾਮ ਬਣਾ ਲੈਂਦੇ ਹਨ। ਅੱਜ ਵਰਲਡ ਬੈਂਕ ਦਾ ਮੁਖੀ ਪੰਜਾਬੀ ਹੈ। ਅਸੀਂ ਪੂਰੀ ਦੁਨੀਆ ਦੇ ਵੱਡੇ-ਵੱਡੇ ਅਹੁਦਿਆਂ 'ਤੇ ਤਾਇਨਾਤ ਹਾਂ ਕਿਉਂਕਿ ਸਾਡੇ ਕੋਲ ਬੇਹੱਦ ਕੀਮਤੀ ਵਿਰਸਾ ਹੈ। ਸਾਡੇ ਕੋਲ ਸੱਭਿਆਚਾਰ ਹੈ। ਅਲੀਂ ਨੱਚਣ-ਖੇਡਣ ਅਤੇ ਟੱਪਣ ਵਾਲੇ ਲੋਕ ਹਾਂ।
ਕੋਈ ਵਿਆਹ-ਸ਼ਾਦੀ ਪੰਜਾਬੀ ਭੰਗੜੇ ਅਤੇ ਖਾਣੇ ਬਿਨਾਂ ਪੂਰੀ ਨਹੀਂ ਮੰਨੀ ਜਾਂਦੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨੰਬਰ ਵਨ ਦੇਸ਼ ਬਣਾਉਣਾ ਹੈ ਤਾਂ ਪੰਜਾਬ ਨੂੰ ਨੰਬਰ ਵਨ ਬਣਾਉਣਾ ਪਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਪੰਜਾਬ 'ਚ 50,840 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ। ਪੰਜਾਬ ਦੀ ਧਰਤੀ 'ਚ ਕੋਈ ਵੀ ਬੀਜ ਬੀਜ ਦਿਓਗੇ ਤਾਂ ਉੱਗ ਜਾਵੇਗਾ ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਭਾਈਚਾਰਕ ਸਾਂਝ ਨੂੰ ਕੋਈ ਨਹੀਂ ਤੋੜ ਸਕਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8