ਸਰਕਾਰੀਆ ਨੇ ਇਜ਼ਰਾਈਲ ਦੇ ਜਲ ਸਰੋਤ ਮਾਹਿਰਾਂ ਨਾਲ ਕੀਤੀ ਮੁਲਾਕਾਤ

06/15/2019 8:48:39 PM

ਚੰਡੀਗੜ੍ਹ (ਭੁੱਲਰ)— ਸੂਬੇ 'ਚ ਘਟ ਰਹੇ ਪਾਣੀ ਦੇ ਪੱਧਰ ਤੇ ਜਲ ਸ੍ਰੋਤਾਂ ਦੇ ਸੁਚੱਜੇ ਪ੍ਰਬੰਧਨ ਸਬੰਧੀ ਇਕ ਵਿਸਤ੍ਰਿਤ ਵਾਟਰ ਮੈਨੇਜਮੈਂਟ ਮਾਸਟਰ ਪਲਾਨ ਤਿਆਰ ਕਰਨ ਲਈ ਅੱਜ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਇਜ਼ਰਾਈਲ ਤੋਂ ਆਏ ਮਾਹਿਰਾਂ ਦੇ 3 ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ ਮਾਹਿਰਾਂ ਦੀ ਟੀਮ ਨੇ ਜਲ ਸ੍ਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰਲ ਕੇ ਸੂਬੇ 'ਚ ਮੌਜੂਦਾ ਹਾਲਾਤ ਦੌਰਾਨ ਆ ਰਹੀਆਂ ਪਾਣੀ ਸਬੰਧੀ ਚੁਣੌਤੀਆਂ ਤੇ ਮੁਸ਼ਕਿਲਾਂ ਦਾ ਮੁੱਲਾਂਕਣ ਕਰਨ ਸਬੰਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਤਿੰਨ ਦਿਨਾਂ ਦੌਰੇ ਦੌਰਾਨ ਮਾਹਿਰਾਂ ਦੀ ਟੀਮ ਵਲੋਂ ਸੂਬੇ 'ਚ ਮੌਜੂਦ ਜਲ ਸ੍ਰੋਤਾਂ ਅਤੇ ਢਾਂਚੇ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਮਾਹਿਰਾਂ ਦੀ ਟੀਮ 'ਚੋਂ ਅੰਤਰਰਾਸ਼ਟਰੀ ਵਿਸ਼ੇਸ਼ ਪ੍ਰਾਜੈਕਟ ਕੋਆਰਡੀਨੇਟਰ ਆਫ ਮੈਕੋਰੋਟ, ਡਾ. ਡਿਏਗੋ ਬਰਜ਼ਰ, ਪ੍ਰਾਜੈਕਟ ਮੈਨੇਜਰ ਨਿਵ ਪਿੰਟੋ, ਮੇਕੋਰੋਟ ਦੇ ਉੱਤਰੀ ਜ਼ਿਲੇ ਦੇ ਜਲ ਇੰਜੀਨੀਅਰ ਤੋਮਰ ਮਲੋਲ ਨੇ ਸੂਬੇ 'ਚ ਪਾਣੀ ਸਬੰਧੀ ਪੈਦਾ ਹੋ ਰਹੀਆਂ ਮਾਰੂ ਸਥਿਤੀਆਂ ਅਤੇ ਮੁਸ਼ਕਿਲਾਂ ਨਾਲ ਨਜਿੱਠਣ ਲਈ ਮੰਤਰੀ ਨਾਲ ਸੁਝਾਅ ਅਤੇ ਤਰੀਕੇ ਸਾਂਝੇ ਕੀਤੇ।

ਟੀਮ ਦੇ ਮਾਹਿਰਾਂ ਨੇ ਸਰਕਾਰੀਆ ਨੂੰ ਦੱਸਿਆ ਕਿ ਪੰਜਾਬ ਨਾਲ ਸਬੰਧਤ 'ਪਾਣੀ ਦੀ ਮੌਜੂਦਾ ਸਥਿਤੀ ਸਬੰਧੀ ਸਟੱਡੀ', 'ਪਾਣੀ 'ਤੇ ਅਧਾਰਿਤ ਆਰਥਿਕ ਨਿਯਮ', 'ਪ੍ਰੋਜੈਕਸ਼ਨ ਆਫ ਵਾਟਰ ਰਿਸੋਰਸਿਸ', 'ਪ੍ਰੋਜੈਕਸ਼ਨ ਆਫ ਵਾਟਰ ਡਿਮਾਂਡ', 'ਪਾਣੀ ਦੀ ਸਪਲਾਈ ਸਬੰਧੀ ਹੋਰ ਵਸੀਲੇ', 'ਆਰਥਿਕ ਵਿਸ਼ਲੇਸ਼ਣ ਅਤੇ ਮਾਸਟਰ ਪਲਾਨ ਦਾ ਨਿਚੋੜ ਤੇ ਸਿਫਾਰਿਸ਼ਾਂ 'ਤੇ ਆਧਾਰਤ 6 ਰਿਪੋਰਟਾਂ ਜਮ੍ਹਾ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਅਕਤੂਬਰ 2018 'ਚ ਮੁੱਖ ਮੰਤਰੀ, ਪੰਜਾਬ ਕੈ. ਅਮਰਿੰਦਰ ਸਿੰਘ ਦੇ ਇਜ਼ਰਾਈਲ ਦੌਰੇ ਤੋਂ ਬਾਅਦ ਅਪ੍ਰੈਲ 2019 'ਚ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਮੈਕੋਰੋਟ ਅਤੇ ਪੰਜਾਬ ਸਰਕਾਰ 'ਚ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਸੀ। ਇਸ ਸਮਝੌਤੇ ਤਹਿਤ ਕੰਪਨੀ ਮੈਕੋਰੋਟ ਵਲੋਂ ਪ੍ਰਸਤਾਵਿਤ ਸਿਫਾਰਸ਼ਾਂ ਆਉਣ ਵਾਲੇ 18 ਮਹੀਨੇ 'ਚ ਜਮ੍ਹਾ ਕਰਵਾ ਦਿੱਤੀਆਂ ਜਾਣਗੀਆਂ।


Baljit Singh

Content Editor

Related News