ਡੀ.ਜੀ.ਪੀ. ਦਾ ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ

08/10/2021 12:08:29 PM

ਚੰਡੀਗੜ੍ਹ (ਰਮਨਜੀਤ): ਲਗਾਤਾਰ ਕਈ ਸਾਲਾਂ ਤੱਕ ਅੱਤਵਾਦ ਦੀ ਅੱਗ ਝੱਲ ਚੁੱਕੇ ਪੰਜਾਬ ਨੂੰ ਇਕ ਵਾਰ ਫਿਰ ਅੱਤਵਾਦ ਦੇ ਭੈੜੇ ਦੌਰ ਵਿਚ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਸਾਲਾਂ ਦੌਰਾਨ ਕਦੇ ਟਾਰਗੇਟ ਕਿਲਿੰਗ ਰਾਹੀਂ ਦਹਿਸ਼ਤ ਫੈਲਾਉਣ ਅਤੇ ਫੁੱਟ ਪਾਉਣ ਦੇ ਯਤਨ ਕੀਤੇ ਗਏ ਤਾਂ ਕਦੇ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਭੜਕਾ ਕੇ ਅੱਤਵਾਦ ਦੇ ਰਸਤੇ ’ਤੇ ਲਿਜਾਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ਨੂੰ ਪੰਜਾਬ ਪੁਲਸ ਨੇ ਅਸਫ਼ਲ ਕੀਤਾ। ਦੇਸ਼ ਵਿਚ ਪਹਿਲੀ ਵਾਰ ਪੰਜਾਬ ਪੁਲਸ ਨੇ ਹੀ ਡਰੋਨ ਦਾ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ। ਇਸ ਨਾਲ ਨਾ ਸਿਰਫ਼ ਪੰਜਾਬ ਦੇ ਨਾਲ ਲੱਗਦੀ ਅੰਤਰ-ਰਾਸ਼ਟਰੀ ਸਰਹੱਦ ,ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅੰਤਰ-ਰਾਸ਼ਟਰੀ ਸਰਹੱਦਾਂ ’ਤੇ ਡਰੋਨ ਐਕਟੀਵਿਟੀ ਨੂੰ ਲੈ ਕੇ ਏਜੰਸੀਆਂ ਚੌਕਸ ਹੋਈਆਂ। 2017 ਤੋਂ ਬਾਅਦ 45 ਅੱਤਵਾਦੀ ਮਾਡਿਊਲ ਖ਼ਤਮ ਕਰਕੇ 284 ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕ ਫੜ੍ਹੇ ਗਏ।

ਇਹ ਵੀ ਪੜ੍ਹੋ :  ਫਰੀਦਕੋਟ ’ਚ ਸ਼ਰੇਆਮ ਗੁੰਡਾਗਰਦੀ, ਕੁੱਝ ਮੁੰਡਿਆਂ ਵਲੋਂ ਵਿਦਿਆਰਥੀ ’ਤੇ ਰਾਡਾਂ ਨਾਲ ਕੀਤਾ ਹਮਲਾ (ਤਸਵੀਰਾਂ)

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਵਿਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਲਗਾਤਾਰ ਬਿਹਤਰ ਟ੍ਰੇਨਿੰਗ ਅਤੇ ਤਕਨੀਕੀ ਸਹਿਯੋਗ ਨਾਲ ਪੰਜਾਬ ਪੁਲਸ ਵੀ ਅੱਤਵਾਦੀ ਸੰਗਠਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿਚ ਕਾਮਯਾਬ ਹੁੰਦੀ ਰਹੀ ਹੈ। ਫਿਰ ਚਾਹੇ ਟਾਰਗੇਟ ਕਿਲਿੰਗ ਦਾ ਮਾਮਲਾ ਹੋਵੇ ਜਾਂ ਫਿਰ ਡਰੋਨ ਰਾਹੀਂ ਨਸ਼ਾ ਸਮੱਗਲਿੰਗ ਅਤੇ ਹਥਿਆਰਾਂ ਦੀ ਸਪਲਾਈ ਦਾ।ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਡਰੋਨ ਐਕਟੀਵਿਟੀ ਨੂੰ ਪੂਰੀ ਤਰ੍ਹਾਂ ਰੋਕ ਸਕਣਾ ਹਾਲਾਂਕਿ ਅਜੇ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ ਪਰ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਮਦਦ ਅਤੇ ਅੰਤਰ-ਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਵਸਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਪੁਲਸ ਕਾਫ਼ੀ ਹੱਦ ਤਕ ਇਸ ’ਤੇ ਕਾਬੂ ਪਾਉਣ ਵਿਚ ਕਾਮਯਾਬ ਰਹੀ ਹੈ। ਜਿਵੇਂ ਹੀ ਕਿਸੇ ਤਰ੍ਹਾਂ ਦੀ ਡਰੋਨ ਐਕਟੀਵਿਟੀ ਦਾ ਪਤਾ ਚੱਲਦਾ ਹੈ ਤਾਂ ਲੋਕ ਤੁਰੰਤ ਪੁਲਸ ਨੂੰ ਸੂਚਿਤ ਕਰਨ ਲੱਗੇ ਹਨ, ਜਿਸ ਦੇ ਨਾਲ ਕਈ ਗੰਭੀਰ ਮਾਮਲਿਆਂ ਵਿਚ ਬਰਾਮਦਗੀ ਹੋਈ ਹੈ।

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 2 ਮਹੀਨੇ ਬਾਅਦ ਹੋਣਾ ਸੀ ਵਿਆਹ

ਡੀ. ਜੀ. ਪੀ. ਨੇ ਕਿਹਾ ਕਿ ਤਾਜ਼ਾ ਬਰਾਮਦਗੀ ਵੀ ਸਥਾਨਕ ਲੋਕਾਂ ਦੀ ਮਦਦ ਦਾ ਹੀ ਨਤੀਜਾ ਹੈ। ਬਰਾਮਦ ਟਿਫ਼ਿਨ ਬੰਬ ਅਤੇ ਹੈਂਡ ਗ੍ਰਨੇਡ ਦਾ ਇਸਤੇਮਾਲ ਹੋਣ ਸਬੰਧੀ ਸਵਾਲ ਦੇ ਜਵਾਬ ਵਿਚ ਡੀ. ਜੀ. ਪੀ. ਨੇ ਕਿਹਾ ਕਿ ਇਸ ਸਬੰਧੀ ਅਜੇ ਕੋਈ ਵੀ ਇਨਪੁਟ ਹਾਸਲ ਨਹੀਂ ਹੋਈ ਹੈ ਪਰ ਸੰਭਾਵਨਾ ਹੈ ਕਿ ਜਾਂਚ ਦੌਰਾਨ ਛੇਤੀ ਪਤਾ ਲੱਗ ਜਾਵੇਗਾ ਕਿ ਇਹ ਕੰਸਾਈਨਮੈਂਟ ਕਿਸ ਲਈ ਸੀ ਅਤੇ ਕਿਸ ਅੱਤਵਾਦੀ ਸੰਗਠਨ ਨੇ ਸਰਹੱਦ ਪਾਰੋਂ ਭੇਜਿਆ ਸੀ। ਉਨ੍ਹਾਂ ਕਿਹਾ ਕਿ ਹੈਂਡ ਗ੍ਰਨੇਡ ’ਤੇ ਮੈਨਿਊਫੈਕਚਰਿੰਗ ਸਬੰਧੀ ਮਾਰਕਿੰਗ ਮੌਜੂਦ ਹੈ ਪਰ ਅਜੇ ਇਹ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸ ਦੇਸ਼ ਵਿਚ ਬਣੇ ਹਨ। ਇਸ ਤੋਂ ਪਹਿਲਾਂ ਮਿਲੇ ਗ੍ਰਨੇਡ ਵੀ ਇਨ੍ਹਾਂ ਨਾਲ ਮਿਲਦੇ-ਜੁਲਦੇ ਹੀ ਸਨ, ਜਿਨ੍ਹਾਂ ਵਿਚੋਂ ਇਕ ਦਾ ਇਸਤੇਮਾਲ ਜਲੰਧਰ ਦੇ ਮਕਸੂਦਾਂ ਥਾਣੇ ਜਦੋਂ ਕਿ ਦੂਜੇ ਦਾ ਇਸਤੇਮਾਲ ਇਕ ਧਾਰਮਿਕ ਸੰਸਥਾਨ ’ਤੇ ਧਮਾਕੇ ਲਈ ਕੀਤਾ ਗਿਆ ਸੀ।

ਇਹ ਵੀ ਪੜ੍ਹੋ :  ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕਾਂਡ ’ਚ ਇਕ ਗੈਂਗਸਟਰ ਗ੍ਰਿਫ਼ਤਾਰ

ਲਾਵਾਰਿਸ ਵਸਤਾਂ ਨੂੰ ਨਾ ਚੁੱਕੋ, ਪੁਲਸ ਨੂੰ ਦਿਓ ਸੂਚਨਾ
ਆਈ.ਈ.ਡੀ. ਬਾਰੇ ਡੀ.ਜੀ.ਪੀ. ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਕਿਉਂਕਿ ਇਸ ਨੂੰ ਬੱਚਿਆਂ ਦੇ ਬਹੁਤ ਹੀ ਲੁਭਾਵਣੇ ਟਿਫ਼ਿਨ ਬਾਕਸ ਵਿਚ ਫਿੱਟ ਕੀਤਾ ਗਿਆ ਸੀ। ਅੱਤਵਾਦੀ ਸੰਗਠਨ ਕਿਸੇ ਵੀ ਭੀੜ-ਭਾੜ ਵਾਲੇ ਇਲਾਕੇ ਵਿਚ ਇਸ ਨੂੰ ਪਲਾਂਟ ਕਰ ਸਕਦੇ ਸਨ। ਲਾਵਾਰਿਸ ਪਏ ਖੂਬਸੂਰਤ ਕਾਰਟੂਨ ਦੀਆਂ ਸ਼ਕਲਾਂ ਵਾਲੇ ਡਬਲ ਡੈਕਰ ਟਿਫ਼ਿਨ ਬਾਕਸ ਨੂੰ ਕੋਈ ਵੀ ਬੱਚਾ ਜਾਂ ਵੱਡਾ ਚੁੱਕਣ ਲਈ ਲਲਚਾ ਸਕਦਾ ਹੈ, ਜੋ ਧਮਾਕੇ ਦਾ ਕਾਰਨ ਬਣ ਸਕਦਾ ਸੀ। ਡੀ. ਜੀ. ਪੀ. ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਸਥਾਨਾਂ ’ਤੇ ਪਈ ਕਿਸੇ ਵੀ ਤਰ੍ਹਾਂ ਦੀ ਲਾਵਾਰਿਸ ਚੀਜ਼ ਨੂੰ ਨਾ ਛੂਹਣ ਅਤੇ ਉਸ ਬਾਰੇ ਤੁਰੰਤ ਪੁਲਸ ਨੂੰ ਸੂਚਨਾ ਦੇਣ।ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਬਾਸ਼ਿੰਦਿਆਂ ਨੂੰ ਕਿਹਾ ਕਿ ਉਹ ਹਰ ਸਮਾਂ ਸੁਚੇਤ ਰਹਿਣ ਅਤੇ ਰੇਲ ਗੱਡੀ, ਬੱਸ ਜਾਂ ਰੈਸਤਰਾਂ ਸਮੇਤ ਕਿਤੇ ਵੀ ਸ਼ੱਕੀ ਜਾਂ ਲਾਵਾਰਿਸ ਚੀਜ਼ ਨਜ਼ਰ ਆਏ ਤਾਂ ਤੁਰੰਤ ਪੁਲਸ ਨੂੰ ਹੈਲਪਲਾਈਨ ਨੰਬਰ 112 ਜਾਂ 181 ’ਤੇ ਸੰਪਰਕ ਕਰ ਸਕਦੇ ਹਨ।

PunjabKesari

ਪਾਕਿਸਤਾਨ ਦੀ ਈ-ਕਾਮਰਸ ਵੈੱਬਸਾਈਟ ’ਤੇ ਉਪਲਬਧ ਹੈ ਬਰਾਮਦ ਟਿਫਿਨ ਬੰਬ ਵਰਗਾ ਲੰਚ ਬਾਕਸ
ਅੰਮ੍ਰਿਤਸਰ ਵਿਚ ਬਰਾਮਦ ਟਿਫਿਨ ਬੰਬ ਨੂੰ ਲੈ ਕੇ ਸੂਬਾ ਸਰਕਾਰ ਅਲਰਟ ’ਤੇ ਆ ਗਈ ਹੈ। ਸਰਕਾਰ ਵੱਲੋਂ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਦਰਮਿਆਨ ਇਕ ਖਾਸ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਟਿਫਿਨ ਬੰਬ ਪੁਲਸ ਨੂੰ ਬਰਾਮਦ ਹੋਇਆ ਹੈ, ਉਸ ਦਾ ਸਿੱਧਾ ਸਬੰਧ ਪਾਕਿਸਤਾਨ ਨਾਲ ਪਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਟਿਫਿਨ ਆਨਲਾਈਨ ਬਾਜ਼ਾਰ ਵਿਚ ਵਿਕ ਰਿਹਾ ਹੈ। ਬਰਾਮਦ ਕੀਤੇ ਗਏ ਟਿਫਿਨ ਬੰਬ ਦੇ ਉਪਰ ਕਾਰਟੂਨ ਕਰੈਕਟਰ ਮਿਨੀਅਨ ਦੀ ਫੋਟੋ ਲੱਗੀ ਹੈ।
‘ਜਗ ਬਾਣੀ’ ਵੱਲੋਂ ਕੀਤੀ ਗਈ ਤਹਿਕੀਕਾਤ ਵਿਚ ਇਹ ਟਿਫਿਨ ਪਾਕਿਸਤਾਨ ਦੀ ਆਨਲਾਈਨ ਵੈੱਬਸਾਈਟ ’ਤੇ ਵਿਕਰ ਲਈ ਉਪਲਬਧ ਪਾਇਆ ਗਿਆ ਹੈ। ਪਾਕਿਸਤਾਨ ਵਿਚ ਚੱਲਣ ਵਾਲੀ ਈ-ਕਾਮਰਸ ਵੈੱਬਸਾਈਟ ’ਤੇ ਇਹ ਲੰਚ ਬਾਕਸ ਵਿਕਰੀ ਲਈ ਉਪਲਬਧ ਹੈ, ਜਿਸ ਦੀ ਕੀਮਤ ਤਕਰੀਬਨ 400 ਰੁਪਏ ਲਿਖੀ ਗਈ ਹੈ। ਇਸ ਟਿਫਿਨ ਬਾਕਸ ਵਿਚ ਮਿਨੀਅਨ ਤੋਂ ਇਲਾਵਾ ਕੁਝ ਹੋਰ ਕਾਰਟੂਨ ਕਰੈਕਟਰਜ਼ ਦੀਆਂ ਫੋਟੋਆਂ ਵੀ ਉਪਲਬਧ ਹਨ।ਜੋ ਟਿਫਿਨ ਬੰਬ ਅੰਮ੍ਰਿਤਸਰ ਵਿਚ ਬਰਾਮਦ ਹੋਇਆ ਹੈ, ਉਸ ਦੇ ਨਾਲ ਹੂ-ਬ-ਹੂ ਇਸ ਆਨਲਾਈਨ ਉਪਲਬਧ ਟਿਫਿਨ ਬਾਕਸ ਦੀ ਫੋਟੋ ਮੈਚ ਕਰਦੀ ਹੈ। ਇਸ ਵੈੱਬਸਾਈਟ ਦਾ ਸੰਪਰਕ ਨੰਬਰ ਵੀ ਪਾਕਿਸਤਾਨ ਦਾ ਹੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਮੌਜੇਵਾਲਾ ਦੇ ਕਿਸਾਨ ਦੀ ਮੌਤ

ਸੋਸ਼ਲ ਮੀਡੀਆ ’ਤੇ ਵੀ ਇਹ ਵੈੱਬਸਾਈਟ ਸਾਮਾਨ ਵੇਚ ਰਹੀ ਹੈ। ਵੈੱਬਸਾਈਟ ’ਤੇ ਜਿਸ ਈ-ਕਾਮਰਸ ਮੈਨੇਜਰ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਸਦਾ ਨਾਂ ਬਿਲਾਲ ਸ਼ੇਖ ਲਿਖਿਆ ਗਿਆ ਹੈ ਅਤੇ ਉਸਦੀ ਲੋਕੇਸ਼ਨ ਵੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਦੱਸੀ ਗਈ ਹੈ। ਇਹ ਵੈੱਬਸਾਈਟ ਪਾਕਿਸਤਾਨ ਵਿਚ ਈ-ਕਾਮਰਸ ਦਾ ਕੰਮ ਕਰਦੀ ਹੈ ਅਤੇ ਆਨਲਾਈਨ ਸ਼ਾਪਿੰਗ ਲਈ ਇਸ ਵਿਚ ਤਰ੍ਹਾਂ ਦੇ ਪ੍ਰਾਜੈਕਟ ਮੁਹੱਈਆ ਕਰਵਾਏ ਗਏ ਹਨ। ਇਸ ਖੁਲਾਸੇ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਬਰਾਮਦ ਕੀਤੇ ਗਏ ਟਿਫਿਨ ਬੰਬ ਦਾ ਸਿੱਧਾ ਸਬੰਧ ਪਾਕਿਸਤਾਨ ਦੇ ਨਾਲ ਹੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News