ਨਸ਼ਿਆਂ ਦੀ ਦਲਦਲ ’ਚ ਫਸਿਆ ਪੰਜਾਬ, ਹਰ 6ਵਾਂ ਵਿਅਕਤੀ ਨਸ਼ੇ ਦਾ ਸ਼ਿਕਾਰ, ਉੱਜੜ ਰਹੇ ਘਰ

Monday, Jun 26, 2023 - 06:43 PM (IST)

ਸੁਲਤਾਨਪੁਰ ਲੋਧੀ (ਧੀਰ)- ਇਸ ਵੇਲੇ ਪੰਜਾਬ ’ਚ ਨਸ਼ਿਆਂ ਦਾ ਮੁੱਦਾ ਬੜਾ ਗੰਭੀਰ ਬਣਿਆ ਹੋਇਆ ਹੈ ਅਤੇ ਨਸ਼ਿਆਂ ਕਾਰਨ ਜਿੱਥੇ ਪੰਜਾਬ ਦੇ ਹਾਲਾਤ ਖ਼ਰਾਬ ਹੋਏ ਪਏ ਹਨ, ਉੱਥੇ ਹੀ ਰੋਜ਼ਾਨਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਨਸ਼ਿਆਂ ਦਾ ਰੁਝਾਨ ਸਭ ਪਾਸੇ ਇੰਨਾ ਵੱਧ ਗਿਆ ਹੈ ਕਿ ਪੰਜਾਬ ਦਾ ਹਰ 6ਵਾਂ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀ, ਜਿੱਥੇ ਨਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ’ਚ ਨਸ਼ਿਆਂ ਕਾਰਨ ਅਨੇਕਾਂ ਮੌਤਾਂ ਹੋਈਆਂ ਹਨ ਅਤੇ ਸਿਲਸਿਲਾ ਲਗਾਤਾਰ ਜਾਰੀ ਹੈ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਨਸ਼ੇ ਭਾਵੇਂ ਹਰ ਉਮਰ ਵਰਗ ਦੇ ਵਿਅਕਤੀ ਕਰ ਰਹੇ ਹਨ ਪਰ ਨੌਜਵਾਨ ਪੀੜ੍ਹੀ ’ਚ ਇਹ ਰੁਝਾਨ ਸਭ ਤੋਂ ਵੱਧ ਹੈ। ਔਰਤਾਂ ਵੱਲੋਂ ਨਸ਼ਾ ਕੀਤਾ ਜਾਣਾ ਹੋਰ ਵੀ ਫਿਕਰ ਅਤੇ ਚਿੰਤਾ ਵਾਲੀ ਗੱਲ ਹੈ।

ਰੋਜ਼ਾਨਾ ਲੱਖਾਂ ਰੁਪਏ ਦਾ ਕੀਤਾ ਜਾ ਰਿਹੈ ਨਸ਼ਾ
ਸੂਬੇ ’ਚ ਇਕ ਨਜ਼ਰ ਮਾਰੀਏ ਤਾਂ ਰੋਜ਼ਾਨਾ ਲੱਖਾਂ ਰੁਪਏ ਦਾ ਨਸ਼ਾ ਲੋਕ ਕਰ ਰਹੇ ਹਨ ਅਤੇ ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਾਰਨ ਕੰਗਾਲਾਂ ਵਾਲੀ ਬਣ ਚੁੱਕੀ ਹੈ। ਨਸ਼ਿਆਂ ਕਾਰਨ ਵੱਡੀ ਪੱਧਰ ’ਤੇ ਆਰਥਿਕ ਸੱਟ ਵੱਜੀ ਹੈ। ਨਸ਼ਿਆਂ ਕਾਰਨ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਖੇਤੀ ਸੰਦ, ਘਰਾਂ ਦਾ ਸਾਮਾਨ ਅਤੇ ਇੱਥੋਂ ਤੱਕ ਕਿ ਕਈਆਂ ਦੇ ਘਰ ਵੀ ਵਿਕ ਗਏ ਹਨ। ਜ਼ਿੰਮੀਂਦਾਰਾਂ ਦੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾਡ਼ੀਆਂ ਕਰ ਰਹੇ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ, ਚੋਰੀਆਂ ਤੇ ਡਾਕੇ ਮਾਰ ਰਹੇ ਹਨ।

ਇਹ ਵੀ ਪੜ੍ਹੋ- ਦਸੂਹਾ 'ਚ ਸ਼ਰਮਨਾਕ ਘਟਨਾ, 12 ਸਾਲਾ ਕੁੜੀ ਨੂੰ ਖੰਡਰ ਬਣੇ ਰੈਸਟ ਹਾਊਸ 'ਚ ਲੈ ਗਏ 3 ਮੁੰਡੇ, ਕੀਤਾ ਜਬਰ-ਜ਼ਿਨਾਹ

ਨਸ਼ਾਖੋਰੀ ਸਮਾਜ ਨੂੰ ਖਾ ਰਹੀ ਘੁਣ ਵਾਂਗ
ਅੱਜ ਸਾਡੇ ਦੇਸ਼ ’ਚ ਨਸ਼ਿਆਂ ਪ੍ਰਤੀ ਨੌਜਵਾਨਾਂ ਦਾ ਰੁਝਾਨ ਜਿਸ ਤਰ੍ਹਾਂ ਵਧ ਰਿਹਾ ਹੈ, ਸੱਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ’ਚ ਧਸਦੀ ਜਾ ਰਹੀ ਹੈ। ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ, ਜੋ ਇਕ ਸਮਾਜਿਕ ਬੁਰਾਈ ਤੇ ਗੰਭੀਰ ਸਮੱਸਿਆ ਹੈ, ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰੂਆਤ ਭਾਵੇਂ ਫੁਕਰਪੁਣੇ ’ਚ ਕੀਤੀ ਜਾਂਦੀ ਹੈ ਪਰ ਬਾਅਦ ’ਚ ਇਹ ਆਦਤ ਬਣ ਜਾਂਦੀ ਹੈ ਤੇ ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਅਤੇ ਅਨੇਕਾਂ ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ।

ਕਿਉਂ ਵੱਧ ਰਿਹਾ ਨਸ਼ੇ ਦਾ ਰੁਝਾਨ?
ਪਰਿਵਾਰ ’ਚ ਜੇਕਰ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਉਸ ਨੂੰ ਦੇਖ ਕੇ ਹੀ ਘਰ ਦਾ ਕੋਈ ਛੋਟਾ ਬੱਚਾ ਜਾਂ ਮੈਂਬਰ ਵੀ ਨਸ਼ੇ ਦੀ ਵਰਤੋਂ ਕਰਨ ਲੱਗਦਾ ਹੈ। ਮਾਨਸਿਕ ਪ੍ਰੇਸ਼ਾਨੀ, ਘਬਰਾਹਟ, ਵਹਿਮ ਜਾਂ ਬੀਮਾਰੀ ਕਰਕੇ ਵੀ ਕਈ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਹਨ।

ਬੇਰੁਜ਼ਗਾਰੀ ਵਧਾ ਰਹੀ ਨਸ਼ੇ
ਰੋਜ਼ਗਾਰ ਨਾ ਮਿਲਣਾ, ਭਵਿੱਖ ਦੀ ਚਿੰਤਾ, ਪਰਿਵਾਰਕ ਲੜਾਈ-ਝਗੜੇ ਜਾਂ ਕੋਈ ਹੋਰ ਮਜਬੂਰੀ ਕਰਕੇ ਨੌਜਵਾਨਾਂ ’ਚ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ। ਸਰੀਰਕ ਸਮੱਰਥਾ, ਕਾਰਜ ਕੁਸ਼ਲਤਾ, ਜ਼ੋਰ-ਅਜ਼ਮਾਇਸ਼ ਕਰਨ ਜਾਂ ਸਰੀਰਕ ਤੇਜ਼ੀ ਲਿਆਉਣ ਲਈ ਵੀ ਨੌਜਵਾਨ ਨਸ਼ਾ ਕਰਦੇ ਹਨ। ਪਹਿਲੀ ਵਾਰ ’ਚ ਹੀ ਕਿਸੇ ਵੱਡੇ ਨਸ਼ੇ ਦਾ ਸੇਵਨ ਕਰਨ ਲੈਣਾ ਭੁਲਾਉਣਾ ਔਖਾ ਹੋ ਸਕਦਾ ਹੈ ਅਤੇ ਨਸ਼ੇ ਦੀ ਲਤ ਲੱਗਣ ਦਾ ਆਧਾਰ ਵੀ ਬਣ ਸਕਦਾ ਹੈ।

ਇਹ ਵੀ ਪੜ੍ਹੋ-ਜਲੰਧਰ 'ਚ ਵੱਡੀ ਵਾਰਦਾਤ, ਬਸਤੀ ਗੁਜ਼ਾਂ 'ਚ ਕਰਿਆਨਾ ਸਟੋਰ ਮਾਲਕ ਦਾ ਚੜ੍ਹਦੀ ਸਵੇਰ ਕੀਤਾ ਕਤਲ

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ
ਨਸ਼ਿਆਂ ਸਬੰਧੀ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ ਕਿ ਸਿਰਫ਼ ਭਾਰਤ ’ਚ ਹੀ ਤੰਬਾਕੂ ਦੀ ਵਰਤੋਂ ਨਾਲ 8 ਲੱਖ ਲੋਕ ਪ੍ਰਤੀ ਸਾਲ ਮਰ ਜਾਂਦੇ ਹਨ। ਹਰ ਸਾਲ 5 ਲੱਖ ਵਿਅਕਤੀ ਤੰਬਾਕੂਨੋਸ਼ੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣਾ ਹੋ ਜਾਵੇਗੀ। ਸਿਗਰਟ ਜਾਂ ਬੀੜੀ ’ਚ ਜੋ ਤੰਬਾਕੂ ਹੁੰਦਾ ਹੈ, ਜਿਸ ’ਚ ਨਿਕੋਟੀਨ ਹੁੰਦੀ ਹੈ ਜੋ ਸਰੀਰ ’ਚ ਜਾ ਕੇ ਲਹੂ ਦੀਆਂ ਨਾਡ਼ੀਆਂ ਨੂੰ ਸੁਕਾ ਦਿੰਦੀ ਹੈ, ਜਿਸ ਨਾਲ ਲਹੂ ਦਾ ਪ੍ਰਵਾਹ ਬਹੁਤ ਘੱਟ ਜਾਂਦਾ ਹੈ। ਪੰਜਾਬ ’ਚ ਨਸ਼ਿਆਂ ਦਾ 6ਵਾਂ ਦਰਿਆ ਵੱਗਦਾ ਹੈ। ਜਵਾਨੀ ਨਸ਼ਿਆਂ ਨੇ ਖਾ ਲਈ ਹੈ। ਹੁਣ ਪੀ. ਜੀ. ਆਈ. ਦੇ ਸਰਵੇਖਣ ਨੇ ਇਕ ਹੋਰ ‘ਛੇਵਾਂ’ ਸ਼ਬਦ ਜੋੜ ਦਿੱਤਾ। ਪੰਜਾਬ ਦਾ ਹਰ 6ਵਾਂ ਵਿਅਕਤੀ ਨਸ਼ੇੜੀ ਹੈ।

ਨਸ਼ਾ ਛੁਡਾਉਣ ਵਾਲੇ ਮਾਹਿਰ ਡਾਕਟਰਾਂ ਦੀ ਘਾਟ
ਭਾਵੇਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੇ ਸੂਬੇ ਦੇ ਕਈ ਸਰਕਾਰੀ ਹਸਪਤਾਲਾਂ ’ਚ ਆਰਜ਼ੀ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਤਾਂ ਬਣਾਵਾਏ ਸਨ ਪਰ ਦੇਖਿਆ ਜਾਵੇ ਤਾਂ ਇਨ੍ਹਾਂ ਕੇਂਦਰਾਂ ’ਚੋਂ ਜ਼ਿਆਦਾ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਨਸ਼ਾ ਛੁਡਾਉਣ ਵਾਲੇ ਮਾਹਿਰ ਡਾਕਟਰਾਂ ਦੀ ਘਾਟ ਰੜਕ ਰਹੀ ਹੈ। ਡਾਕਟਰਾਂ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾਂ ’ਚ ਹੋਰ ਸਟਾਫ਼ ਅਤੇ ਅਮਲੇ ਫੈਲੋ ਦੀ ਵੀ ਘਾਟ ਹੈ। ਦਵਾਈਆਂ ਵੀ ਲੋੜ ਅਨੁਸਾਰ ਨਹੀ ਮਿਲਦੀਆਂ। ਸਹੀ ਇਲਾਜ ਨਾ ਹੋਣ ਕਾਰਨ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰ ਖਾਲੀ ਪਏ ਰਹਿੰਦੇ ਹਨ।

ਇਹ ਵੀ ਪੜ੍ਹੋ- 

ਪੰਜਾਬ ਦੀ 70 ਫ਼ੀਸਦੀ ਜਵਾਨੀ ਨਸ਼ਿਆਂ ਦੀ ਲਪੇਟ ’ਚ
ਨਸ਼ੇ ਸਾਡੇ ਸਮਾਜ ਅੰਦਰ ਇਕ ਵੱਡੀ ਸਮਾਜਿਕ ਸਮੱਸਿਆ ਵਜੋਂ ਸਿਰ ਚੁੱਕੀ ਖੜ੍ਹੇ ਹਨ। ਪੰਜਾਬ ਦੀ 70 ਫ਼ੀਸਦੀ ਜਵਾਨੀ ਨਸ਼ਿਆਂ ਦੀ ਲਪੇਟ ‘ਚ ਹੈ। ਪੰਜਾਬ ਦੇ 73.5 ਫੀਸਦੀ ਨੌਜਵਾਨ, 65 ਫੀਸਦੀ ਪਰਿਵਾਰ ਤੇ ਹਰੇਕ ਤੀਜਾ ਵਿਦਿਆਰਥੀ ਅੱਜ ਕਿਸੇ ਨਾ ਕਿਸੇ ਰੂਪ ’ਚ ਨਸ਼ਿਆਂ ਦੀ ਗ੍ਰਿਫਤ ’ਚ ਫਸਿਆ ਹੋਇਆ ਹੈ। ਨਸ਼ੇ ਦੀ ਇਸ ਕਰੋਪੀ ਨੇ ਕਈ ਪਿੰਡ ਵਿਧਵਾਵਾਂ ਤੇ ਯਤੀਮਾਂ ਨਾਲ ਭਰ ਦਿੱਤੇ ਹਨ। ਪੰਜਾਬ ਅੰਦਰ ਵੱਗਦਾ ਨਸ਼ਿਆਂ ਦਾ ਇਹ ਦਰਿਆ ਸਾਡੇ ਨੌਜਵਾਨ ਮੋਢਿਆਂ ’ਤੇ ਟਿਕੇ ਭਵਿੱਖੀ ਚਾਵਾਂ ਨੂੰ ਵਹਾਅ ਕੇ ਲੈ ਗਿਆ ਹੈ ਤੇ ਵਸਦੇ ਘਰਾਂ ’ਚ ਸੱਥਰ ਵਿਛਾ ਗਿਆ ਹੈ। ਅੱਖਾਂ ਦੇ ਤਾਰੇ ਨਸ਼ਿਆਂ ਦੀ ਭੇਟ ਚਡ਼੍ਹ ਗਏ ਜਾਂ ਨਸ਼ਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਾਲ-ਵਿਰਾਨ ਕਰ ਦਿੱਤਾ।

ਸਰਕਾਰਾਂ ਅਤੇ ਜ਼ਿੰਮੇਵਾਰ ਨਾਗਰਿਕ ਇਸ ਮਸਲੇ ਦਾ ਹੱਲ ਕੱਢਣ
ਐਡ. ਰਾਜਿੰਦਰ ਸਿੰਘ ਰਾਣਾ, ਸੁਖਦੇਵ ਸਿੰਘ ਨਾਨਕਪੁਰ, ਕੌਂਸਲਰ ਸੰਤਪ੍ਰੀਤ ਸਿੰਘ, ਨਰਿੰਦਰ ਸਿੰਘ ਪੰਨੂ, ਸਰਪੰਚ ਲੱਖੀ ਤਾਸ਼ਪੁਰ ਤੇ ਮਾ. ਨਰੇਸ਼ ਕੋਹਲੀ ਨੇ ਕਿਹਾ ਕਿ ਸਰਕਾਰਾਂ ਤੇ ਜ਼ਿੰਮੇਵਾਰ ਨਾਗਰਿਕਾਂ ਨੂੰ ਮਿਲ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ, ਕਿਉਂਕਿ ਪੰਜਾਬ ਨਸ਼ਿਆਂ ਦੀ ਲਪੇਟ ’ਚ ਹੈ ਤੇ ਨਸ਼ਿਆਂ ਕਾਰਨ ਸੂਬੇ ਦੇ ਹਾਲਾਤ ਬੇਹੱਦ ਮਾੜੇ ਹੋਏ ਪਏ ਹਨ, ਜੇਕਰ ਅਜੇ ਵੀ ਮੌਕਾ ਨਾ ਸੰਭਾਲਿਆ ਗਿਆ ਤਾਂ ਆਉਣ ਵਾਲਾ ਸਮਾਂ ਹੋਰ ਵੀ ਖ਼ਰਾਬ ਹੋਵੇਗਾ ਅਤੇ ਪੰਜਾਬ ਨੂੰ ਖ਼ਾਲੀ ਕਰ ਦੇਵੇਗਾ।

ਇਹ ਵੀ ਪੜ੍ਹੋ-ਅਨੁਰਾਗ ਠਾਕੁਰ ਨੇ ਜਲੰਧਰ BSF ਹੈੱਡ ਕੁਆਰਟਰ 'ਚ ਹਾਕੀ ਟਰਫ ਗਰਾਊਂਡ ਦਾ ਕੀਤਾ ਉਦਘਾਟਨ, ਖੇਡੇ ਸ਼ਾਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News