ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਆਗੂ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਨਿਖ਼ੇਧੀ
Saturday, Oct 08, 2022 - 02:25 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਪਸ਼ੂ-ਪਾਲਣ ਵਿਭਾਗ ਦੇ ਰੂਰਲ ਵੈਟਨਰੀ ਫਾਰਮਾਸਿਸਟਾਂ ਦੇ ਮਾਮਲੇ 'ਚ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜ਼ੀ ਦੀ ਸ਼ਖਤ ਨਿਖ਼ੇਧੀ ਕੀਤੀ ਗਈ ਹੈ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ, ਸੂਬਾ ਜਨਰਲ ਸਕਤੱਰ ਗੁਰਪਰੀਤ ਸਿੰਘ ਨਾਭਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਵੈਟਨਰੀ ਇੰਸਪੈਕਟਰ ਪੰਜਾਬ ਦੀ ਸਮੁੱਚੀ ਕਿਸਾਨ ਲੀਡਰਸ਼ਿਪ ਦਾ ਬੇਹੱਦ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਵੈਟਨਰੀ ਇੰਸਪੈਕਟਰ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੇ ਹਮਾਇਤੀ ਹਨ ਪਰ ਪੰਜਾਬ ਦੀ ਇਕ ਕਿਸਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਸ਼ੂ-ਪਾਲਣ ਵਿਭਾਗ ਦੇ ਰੂਰਲ ਵੈਟਨਰੀ ਫਾਰਮਾਸਿਸਟਾਂ ਨੂੰ ਪੱਕੇ ਕਰਾਉਣ ਲਈ ਬੇਹੱਦ ਗੁੰਮਰਾਹਕੁੰਨ ਬਿਆਨਬਾਜ਼ੀ ਕਰਦਿਆਂ ਪੰਜਾਬ ਸਰਕਾਰ 'ਤੇ ਨਾਜਾਇਜ਼ ਦਬਾਅ ਬਣਾਉਣ ਦੀ ਕੋਸ਼ਿਸ਼ ਬਹੁਤ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਯਮਾਂ ਮੁਤਾਬਕ ਫਾਰਮਾਸਿਸਟ ਦੀ ਆਸਾਮੀ ਲਈ ਸਰਕਾਰੀ ਸੰਸਥਾ ਤੋਂ ਬਗੈਰ ਕੀਤਾ ਕੋਈ ਹੋਰ ਕੋਰਸ ਮੰਨਣਯੋਗ ਨਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਰਿਸ਼ਦਾਂ ਨੂੰ ਸੌਂਪੇ ਗਏ ਹਸਪਤਾਲਾਂ ਵਿਚ ਉਸ ਸਮੇਂ ਠੇਕੇ 'ਤੇ ਰੱਖੇ ਵੈਟਨਰੀ ਡਾਕਟਰਾਂ ਨੇ ਆਪਣੇ ਨਾਲ ਵੈਟਨਰੀ ਫਾਰਮਾਸਿਸਟ ਅਤੇ ਦਰਜਾ ਚਾਰ ਕਾਮੇ ਨੂੰ ਰੱਖਣਾ ਸੀ। ਉਸ ਸਮੇਂ ਜ਼ਿਲ੍ਹਾ ਪਰਿਸ਼ਦਾਂ ਵਿੱਚ ਠੇਕੇ 'ਤੇ ਕੰਮ ਕਰ ਰਹੇ ਡਾਕਟਰਾਂ ਵੱਲੋਂ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗਦਿਆਂ ਜਾਅਲੀ ਡਿਪਲੋਮੇ ਵਾਲੇ ਵੈਟਨਰੀ ਫਾਰਮਾਸਿਸਟ ਭਰਤੀ ਕੀਤੇ ਗਏ। ਕਈ ਥਾਵਾਂ 'ਤੇ ਅਜਿਹੇ ਕਾਰਨਾਮੇ ਹੋਏ ਕਿ ਕਈ ਪਸ਼ੂ ਹਸਪਤਾਲਾਂ 'ਚ ਬਤੌਰ ਦਰਜਾ ਚਾਰ ਕੰਮ ਕਰ ਰਹੇ ਸਫ਼ਾਈ ਸੇਵਕ ਵੀ ਆਪਣੀ ਠੇਕੇ ਦੀ ਨੌਕਰੀ ਕਰਦਿਆਂ ਹੀ ਮੁੱਲ ਦਾ ਸਰਟੀਫਿਕੇਟ ਲਿਆ ਕੇ ਉਸੇ ਸੰਸਥਾ ਵਿੱਚ ਵੈਟਨਰੀ ਫਾਰਮਾਸਿਸਟ ਬਣ ਕੇ ਕੰਮ ਕਰ ਰਹੇ ਹਨ।