PSPCL ਵੱਲੋਂ ਕੁੱਲ 500 ਮੈਗਾਵਾਟ ਸੂਰਜੀ ਊਰਜਾ ਦੀ ਖ਼ਰੀਦ ਲਈ ਦੋ ਟੈਂਡਰ ਜਾਰੀ

Friday, Oct 29, 2021 - 06:39 PM (IST)

PSPCL ਵੱਲੋਂ ਕੁੱਲ 500 ਮੈਗਾਵਾਟ ਸੂਰਜੀ ਊਰਜਾ ਦੀ ਖ਼ਰੀਦ ਲਈ ਦੋ ਟੈਂਡਰ ਜਾਰੀ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ 'ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਕੁੱਲ 500 ਮੈਗਾਵਾਟ ਸੂਰਜੀ ਊਰਜਾ ਦੀ ਖ਼ਰੀਦ ਲਈ ਦੋ ਟੈਂਡਰ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 250-250 ਮੈਗਾਵਾਟ ਦੀ ਸਮਰੱਥਾ ਵਾਲੇ ਇਹ ਦੋ ਸੂਰਜੀ ਊਰਜਾ ਪ੍ਰਾਜੈਕਟ ਵਿੱਚੋਂ ਇਕ-ਇਕ ਭਾਰਤ ਅਤੇ ਪੰਜਾਬ ਵਿੱਚ ਕਿਤੇ ਵੀ ਸਥਿਤ ਹੋਣਗੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਦੇਸ਼ ਭਰ ਦੇ ਬੋਲੀਕਾਰਾਂ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਦੇ ਅਨੁਸਾਰ ਭਾਰਤ ਵਿੱਚ ਕਿਤੇ ਵੀ ਸਥਿਤ ਪ੍ਰਾਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖ਼ਰੀਦ ਸਬੰਧੀ ਟੈਂਡਰ ਦੇ ਤਹਿਤ ‘ਰੀਨਿਊ ਦਿਨਕਰ ਜੋਤੀ ਪ੍ਰਾਈਵੇਟ ਲਿਮਟਿਡ’ ਨੇ 2.33 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 250 ਮੈਗਾਵਾਟ ਸੋਲਰ ਪਾਵਰ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖ਼ਰੀਦ ਸਬੰਧੀ ਟੈਂਡਰ ਦੇ ਤਹਿਤ ‘ਐੱਸ. ਜੇ. ਵੀ. ਐੱਨ. ਲਿਮਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 100 ਮੈਗਾਵਾਟ ਸੂਰਜੀ ਊਰਜਾ ਅਤੇ ‘ਐੱਸ. ਏ. ਈ. ਐੱਲ. ਲਿਮਿਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 50 ਮੈਗਾਵਾਟ ਸੋਲਰ ਪਾਵਰ ਦੀ ਪੇਸ਼ਕਸ਼ ਕੀਤੀ ਹੈ। 

ਇਹ ਵੀ ਪੜ੍ਹੋ: ਪੰਜਾਬ ਪੁਲਸ ’ਚ ਵੱਡਾ ਫੇਰਬਦਲ, 72 IPS ਤੇ PPS ਅਧਿਕਾਰੀਆਂ ਦੇ ਤਬਾਦਲੇ

ਸੀ. ਐੱਮ. ਡੀ. ਨੇ ਇਹ ਵੀ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸ. ਈ. ਸੀ. ਆਈ) ਨਾਲ ਪੀ. ਐੱਸ. ਏ. 'ਤੇ ਵੀ ਹਸਤਾਖ਼ਰ ਕੀਤੇ ਹਨ, ਜਿਸ ਦੇ ਤਹਿਤ ਇਸ ਦਸੰਬਰ ਤੋਂ ਪੀ. ਐੱਸ. ਪੀ. ਸੀ. ਐੱਲ. ਨੂੰ 500 ਮੈਗਾਵਾਟ ਹਾਈਬ੍ਰਿਡ (ਸੂਰਜੀ+ਹਵਾ) ਪਾਵਰ ਪੜਾਅਵਾਰ ਉਪਲੱਬਧ ਹੋਵੇਗੀ ਅਤੇ ਵਿੱਤੀ ਸਾਲ 2021-22 ਦੇ ਅੰਤ ਤੱਕ ਇਸ ਦੇ ਪੂਰੀ ਤਰ੍ਹਾਂ ਉਪਲੱਬਧ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ:  ਰੰਧਾਵਾ ਵੱਲੋਂ ਨਾਕੇ 'ਤੇ ਰੇਡ ਦੌਰਾਨ ਸਸਪੈਂਡ ਕੀਤੇ ਮੁਲਾਜ਼ਮ ਬੋਲੇ, ‘‘ਸਾਡਾ ਤਾਂ ਕੋਈ ਕਸੂਰ ਹੀ ਨਹੀਂ ਸੀ’’ (ਵੀਡੀਓ)

ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਇਸੇ ਤਰ੍ਹਾਂ ਪੀ. ਐੱਸ. ਪੀ. ਸੀ. ਐੱਲ. ਨੇ ਇਸ ਦੇ 66 ਕੇਵੀ ਸਬਸਟੇਸ਼ਨਾਂ ਦੀ ਖ਼ਾਲੀ ਜ਼ਮੀਨ 'ਤੇ 140 ਮੈਗਾਵਾਟ ਦੇ ਸੋਲਰ ਪੀ. ਵੀ. ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਸੀ. ਈ. ਐੱਸ. ਐੱਲ. (ਬਿਜਲੀ ਮੰਤਰਾਲੇ ਅਧੀਨ ਪੀਐਸਯੂਜ਼ ਦਾ ਇੱਕ ਸਾਂਝਾ ਉੱਦਮ) ਨਾਲ ਇਕ ਸਮਝੌਤਾ ਵੀ ਕੀਤਾ ਹੈ ਤਾਂ ਜੋ ਸਾਫ਼-ਸੁਥਰੀ, ਮਿਆਰੀ ਅਤੇ ਕਿਫ਼ਾਇਤੀ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਨੇ ਪਹਿਲਾਂ ਹੀ ਵੱਖ-ਵੱਖ ਪ੍ਰਾਜੈਕਟਾਂ ਤੋਂ ਲਗਭਗ 951 ਮੈਗਾਵਾਟ ਸੂਰਜੀ ਊਰਜਾ ਲਈ ਸਮਝੌਤਾ ਕੀਤਾ ਹੈ ਅਤੇ ਪੀ. ਐੱਸ. ਪੀ. ਸੀ. ਐੱਲ. ਆਪਣੇ ਖ਼ਪਤਕਾਰਾਂ ਨੂੰ ਬਿਹਤਰ ਗੁਣਵੱਤਾ ਦੀ ਮਿਆਰੀ ਅਤੇ ਸਸਤੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਵਾਧੇ ਦੇ ਨਾਲ ਪੀ. ਐੱਸ. ਪੀ. ਸੀ. ਐੱਲ. ਦੀ ਉਤਪਾਦਨ ਸਮਰੱਥਾ 14,500 ਮੈਗਾਵਾਟ ਤੱਕ ਵਧ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News