ਪੰਜਾਬ ਨੇ ਲਾਕਡਾਊਨ ਦੌਰਾਨ ਲੋੜਵੰਦਾਂ ਦੇ ਖਾਣ ਲਈ ਕਣਕ ਤੇ ਚੌਲਾਂ ਦੇ 938 ਰੈਕ ਹੋਰਨਾਂ ਸੂਬਿਆਂ ਨੂੰ ਭੇਜੇ

Thursday, Apr 30, 2020 - 09:27 PM (IST)

ਪੰਜਾਬ ਨੇ ਲਾਕਡਾਊਨ ਦੌਰਾਨ ਲੋੜਵੰਦਾਂ ਦੇ ਖਾਣ ਲਈ ਕਣਕ ਤੇ ਚੌਲਾਂ ਦੇ 938 ਰੈਕ ਹੋਰਨਾਂ ਸੂਬਿਆਂ ਨੂੰ ਭੇਜੇ

ਚੰਡੀਗੜ੍ਹ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 23.5 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਨਾਲ ਭਰੇ 938 ਰੈਕ ਭੇਜੇ ਗਏ ਹਨ ਤਾਂ ਜੋ ਕੋਵਿਡ-19 ਕਾਰਨ ਦੇਸ਼ ਭਰ 'ਚ ਕੀਤੇ ਗਏ ਲਾਕਡਾਊਨ ਦੀ ਇਸ ਸਥਿਤੀ 'ਚ ਗਰੀਬਾਂ ਤੇ ਲੋੜਵੰਦਾਂ ਦਾ ਢਿੱਡ ਭਰਿਆ ਜਾ ਸਕੇ। ਜਦੋਂ ਦੇਸ਼ ਕੋਰੋਨਾ ਵਾਇਰਸ ਤੇ ਆਪਣੇ ਨਾਗਰਿਕਾਂ ਨੂੰ ਖਾਣਾ ਦੇਣ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਤਾਂ ਪੰਜਾਬ, ਦੇਸ਼ ਦਾ ਅੰਨਦਾਤਾ ਹੋਣ ਦੀ ਆਪਣੀ ਸ਼ਾਖ ਨੂੰ ਕਾਇਮ ਰੱਖਦਿਆਂ ਸਾਰੇ ਰਾਜਾਂ ਨੂੰ ਇਸ ਵਿਸ਼ਾਲ ਕਾਰਜ ਨੂੰ ਪੂਰਾ ਕਰਨ 'ਚ ਮਦਦ ਕਰ ਰਿਹਾ ਹੈ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ 'ਚ ਲਾਕਡਾਊਨ ਕੀਤਾ ਗਿਆ ਹੈ ਉਦੋਂ ਤੋਂ ਪੰਜਾਬ ਵੱਲੋਂ ਅਨਾਜ ਦੇ 938 ਰੈਕ ਹੋਰਨਾਂ ਰਾਜਾਂ ਨੂੰ ਭੇਜੇ ਗਏ ਹਨ ਅਤੇ ਇਸ ਤਰ੍ਹਾਂ 26 ਮਾਰਚ ਤੋਂ ਲੈ ਕੇ ਹੁਣ ਤੱਕ ਤਕਰੀਬਨ 23.5 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ 938 ਵਿਸ਼ੇਸ਼ ਰੇਲਗੱਡੀਆਂ ਰਾਹੀਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਭੇਜੇ ਗਏ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਦੇਸ਼ ਦੇ ਦੂਸਰੇ ਸੂਬਿਆਂ ਨੂੰ ਸਮਾਜ ਦੇ ਪਛੜੇ ਵਰਗਾਂ ਦਰਮਿਆਨ ਅਨਾਜ ਦੀ ਵੰਡ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ  ਸੂਬੇ ਦੇ 50 ਫੀਸਦੀ ਪਰਿਵਾਰਾਂ (1,41,44,291 ਲਾਭਪਾਤਰੀ) ਪੀ.ਐਮ.ਜੀ.ਕੇ.ਏ.ਵਾਈ ਅਧੀਨ ਆਉਂਦੇ ਅੰਨਤੋਦਿਆ ਅੰਨ ਯੋਜਨਾ ਅਤੇ ਪਰੀਓਰਿਟੀ ਹਾਉਸ ਹੋਲਡ ਨੂੰ   ਪ੍ਰਤੀ ਵਿਅਕਤੀ ਪ੍ਰਤੀ ਮਹੀਨਾ (ਅਪ੍ਰੈਲ 2020 ਤੋਂ ਜੂਨ 2020 ਤੱਕ) 15 ਕਿਲੋ ਅਨਾਜ ਮੁਫ਼ਤ ਵਿੱਚ ਮੁਹੱਈਆ ਕਰਵਾਇਆ ਹੈ ਇਸ ਤੋਂ ਇਲਾਵਾ 3 ਕਿਲੋ ਦਾਲ ਪ੍ਰਤੀ ਘਰ ਨੂੰ ਬਿਲਕੁਲ ਮੁਫਤ ਦਿੱਤੀ ਗਈ ਹੈ ਜਦਕਿ ਜਿਹੜੇ ਵਿਅਕਤੀ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਨਹੀਂ ਆਉਂਦੇ ਉਨ੍ਹਾਂ ਨੂੰ 15 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ ਜਿਨ੍ਹਾਂ ਵਿਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ  ਵੀ ਬਿਲਕੁਲ ਮੁਫਤ ਵੰਡੇ ਗਏ‌ ਹਨ।
ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ  ਕਰਫਿਊ ਦੋਰਾਨ ਗਰੀਬ ਲੋਕਾਂ ਨੂੰ ਪੱਕਿਆਂ ਹੋਇਆ ਖਾਣਾ ਵੰਡ ਰਹੇ ਐਨ.ਜੀ.ਓਜ  ਅਤੇ ਧਾਰਮਿਕ ਜਥੇਬੰਦੀਆਂ ਨੂੰ ਉ.ਐਮ.ਐਸ.ਐਸ.ਸਕੀਮ ਅਧੀਨ ਅਧੀਨ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰਾਂ ਨੇ ਐਫ.ਸੀ.ਆਈ. ਤੋਂ ਕਣਕ ਅਤੇ ਚੌਲ ਦੁਆਏ ਗੲੇ ਹਨ। ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਵਸਦੀ ਪ੍ਰਵਾਸੀ ਅਬਾਦੀ ਨੂੰ 50000 ਤੋਂ ਜ਼ਿਆਦਾ 5 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਰੀਫਿਲ ਕਰਕੇ ਮੁਫ਼ਤ ਵਿੱਚ ਦਿੱਤੇ ਗਏ ਹਨ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਕਡਾਊਨ ਦੋਰਾਨ ਸੂਬੇ ਵਿਚ 47,12,522 ਲੱਖ ਗੈਸ ਸਿਲੰਡਰ ਦੀ ਸਪਲਾਈ ਸੁਚਾਰੂ ਢੰਗ ਨਾਲ ਵੱਖ-ਵੱਖ ਗੈਸ ਕੰਪਨੀਆਂ ਵਲੋਂ ਕੀਤੀ ਗਈ ਹੈ। ਜਿਸ ਵਿਚੋਂ 35761 ਗੈਸ ਸਿਲੰਡਰ ਆਈ.ਉ.ਸੀ. ਵਲੋਂ 164970 ਐਚ.ਪੀ.ਸੀ.ਐਲ. ਵਲੋਂ ਅਤੇ 283075 ਬੀ.ਪੀ.ਸੀ.ਐਲ. ਵਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਸੂਬੇ ਵਿੱਚ ਉਜਵਲਾ ਯੋਜਨਾ ਅਧੀਨ 8 ਲੱਖ ਤੋਂ ਵੱਧ ਗੈਸ ਸਿਲੰਡਰ ਮੁਫ਼ਤ ਵਿੱਚ ਰੀਫਿਲ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਸ  ਜ਼ਰੂਰੀ ਵਸਤਾਂ  ਸਹੀ ਮੁੱਲ ਤੇ ਮਿਲਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲਗਾਤਾਰ  ਛਾਪੇ ਮਾਰੇ ਜਾ ਰਹੇ ਹਨ ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਵਲੋਂ  ਹੈਲਪ ਲਾਈਨ ਨੰਬਰ  0172-2684000  ਸਥਾਪਤ ਕੀਤਾ ਗਿਆ ਹੈ  ਜਿੱਥੇ ਖਪਤਕਾਰ ਜ਼ਰੂਰੀ ਵਸਤਾਂ ਦੀ ਵਿਕਰੀ ਵੱਧ ਭਾਅ ਤੇ ਹੋਣ ਸਬੰਧੀ ਆਪਣੀ ਸ਼ਿਕਾਇਤ ਦਰਜ  ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਕੋਲ ਇਸ ਨੰਬਰ ਉਤੇ 4 ਸ਼ਿਕਾਇਤਾਂ ਮਿਲੀਆਂ ਹਨ ਜਿਸ ਤੋਂ ਬਾਅਦ ਸੂਬੇ ਭਰ ਵਿਚ 892 ਵਪਾਰਕ ਅਦਾਰਿਆਂ ਉਤੇ ਛਾਪੇ ਮਾਰੇ ਗਏ ਅਤੇ ਵੱਧ ਕੀਮਤ ਵਸੂਲਣ ਵਾਲਿਆਂ ਨੂੰ 7,94,000 ਜੁਰਮਾਨਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੋਰਾਨ ਦੇਸ਼ ਵਾਸੀਆਂ ਨੂੰ ਖੁਰਾਕ ਸੁਰੱਖਿਆ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦੀ ਖਰੀਦ ਲਈ ਵੀ ਅਜਿਹੇ ਉਚਿਤ ਪ੍ਰਬੰਧ ਕੀਤੇ ਹਨ ਜਿਸ ਨਾਲ ਨਾ ਕੇਵਲ ਕਣਕ ਦੀ ਖਰੀਦ ਦਾ ਕਾਰਜ ਸੁਚਾਰੂ ਢੰਗ ਨਾਲ ਚਲ ਰਿਹਾ ਹੈ ਉਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਸੀਜ਼ਨ ਵਿਚ ਘੱਟ ਲੇਬਰ ਅਤੇ ਬੰਦਿਸ਼ਾਂ ਦੇ ਬਾਵਜੂਦ ਕਣਕ ਖਰੀਦ ਦੇ 14 ਦਿਨਾਂ ਵਿਚ ਰਿਕਾਰਡ 6165203 ਮੀਟ੍ਰਿਕ ਟਨ ਕਣਕ ਖਰੀਦ ਲਈ ਹੈ ਜ਼ੋ ਕਿ ਪਿਛਲੇ ਸਾਲ ਨਾਲੋਂ ਕੲੀ ਗੁਣਾਂ ਜ਼ਿਆਦਾ ਹੈ।


author

Bharat Thapa

Content Editor

Related News