ਪੰਜਾਬ 'ਚ 30 ਸਤੰਬਰ ਤੱਕ ਬੰਦ ਰਹਿਣਗੇ ਸਕੂਲ-ਕਾਲਜ, ਸਰਕਾਰ ਵੱਲੋਂ ਹੁਕਮ ਜਾਰੀ
Saturday, Sep 19, 2020 - 03:51 PM (IST)
ਚੰਡੀਗੜ੍ਹ : ਪੰਜਾਬ 'ਚ 21 ਸਤੰਬਰ ਤੋਂ ਸਕੂਲ ਖੁੱਲ੍ਹਣ ਬਾਰੇ ਦੁਚਿੱਤੀ ਨੂੰ ਦੂਰ ਕਰਦਿਆਂ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ ਕਿ ਸੂਬੇ 'ਚ ਸਕੂਲ, ਕਾਲਜ ਅਤੇ ਵਿੱਦਿਅਕ ਅਦਾਰੇ 30 ਸਤੰਬਰ ਤੱਕ ਬੰਦ ਰਹਿਣਗੇ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਅਤੇ ਸਕੂਲਾਂ 'ਚ 50 ਫ਼ੀਸਦੀ ਸਟਾਫ਼ ਬੁਲਾਇਆ ਜਾ ਸਕਦਾ ਹੈ।
ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ 21 ਸਤੰਬਰਤੋਂ 30 ਸਤੰਬਰ ਤੱਕ ਅਨਲਾਕ-4 ਨੂੰ ਲੈ ਕੇ ਸਰਕਾਰ ਵੱਲੋਂ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ 'ਚ ਓਪਨ ਏਅਰ ਥੀਏਟਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ ਪਰ ਇਸ ਦੇ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਪੰਜਾਬ 'ਚ ਫਿਲਹਾਲ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ ਅਤੇ ਹੋਰ ਅਜਿਹੀਆਂ ਥਾਵਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।