ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਦਿੱਲੀ ''ਚ ਹੋ ਰਹੀਆਂ ਨੇ ਟਾਰਗੈੱਟ

12/12/2018 12:36:36 PM

ਜਲੰਧਰ (ਪੁਨੀਤ)— ਏਅਰਪੋਰਟ ਜਾਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੂੰ ਦਿੱਲੀ 'ਚ ਟਾਰਗੈੱਟ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਡਵੇਜ਼ ਯੂਨੀਅਨ ਦੇ ਮੁਲਾਜ਼ਮ ਇਕ ਨਿੱਜੀ ਬੱਸ ਕੰਪਨੀ ਵੱਲੋਂ ਕਰਵਾਈ ਜਾ ਰਹੀ ਸਾਜ਼ਿਸ਼ ਦੱਸ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਏਅਰਪੋਰਟ ਜਾਣ ਵਾਲੀਆਂ ਰੋਡਵੇਜ਼ ਦੀਆਂ 2 ਬੱਸਾਂ ਨੂੰ ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜ਼ਬਤ ਕੀਤਾ ਗਿਆ, ਜਿਨ੍ਹਾਂ ਨੂੰ 8700 ਰੁਪਏ ਜੁਰਮਾਨਾ ਦੇ ਕੇ ਛੁਡਵਾਇਆ ਗਿਆ ਹੈ।

ਇਸ ਪੂਰੇ ਘਟਨਾ ਚੱਕਰ ਨੂੰ ਲੈ ਕੇ ਰੋਡਵੇਜ਼ ਦੇ ਅਧਿਕਾਰੀ ਦਿੱਲੀ ਦੇ ਅਧਿਕਾਰੀਆਂ ਨਾਲ ਸੰਪਰਕ 'ਚ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ ਦਿਲਰਾਜ ਸਿੰਘ , ਜੀ. ਐੱਮ. ਜਲੰਧਰ ਪਰਨੀਤ ਸਿੰਘ ਮਿਨਹਾਸ ਸਣੇ ਟਰਾਂਸਪੋਰਟ ਵਿਭਾਗ ਦੀ ਟੀਮ ਨੇ ਆਪਣਾ ਪੱਖ ਅਧਿਕਾਰੀਆਂ ਸਾਹਮਣੇ ਰੱਖਿਆ ਹੈ। ਇਸ 'ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਬੱਸਾਂ 'ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਗਲਤ ਹੈ।
ਪਿਛਲੇ ਦਿਨੀਂ ਰੋਡਵੇਜ਼ ਵੱਲੋਂ ਏਅਰਪੋਰਟ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਸ਼ੁਰੂ ਹੁੰਦਿਆਂ ਹੀ ਇਹ ਰੂਟ ਵਿਵਾਦਾਂ 'ਚ ਘਿਰ ਗਿਆ ਅਤੇ ਰੋਡਵੇਜ਼ ਦੀ ਕਾਫੀ ਕਿਰਕਿਰੀ ਹੋਈ। ਬੱਸਾਂ ਨੂੰ ਰੋਕ ਕੇ ਹੋਣ ਵਾਲੀ ਚੈਕਿੰਗ ਆਦਿ ਨਾਲ ਏਅਰਪੋਰਟ 'ਤੇ ਜਾਣ ਵਾਲੇ ਯਾਤਰੀਆਂ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਰੋਡਵੇਜ਼ ਪ੍ਰਸ਼ਾਸਨ ਨੂੰ ਖੂਬ ਕੋਸਿਆ। ਫਿਲਹਾਲ ਦਿੱਲੀ ਏਅਰਪੋਰਟ ਦੀ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਮਾਮਲਾ ਸੁਲਝਾਉਣ ਤੋਂ ਬਾਅਦ ਦੁਬਾਰਾ ਚਾਲੂ ਕੀਤਾ ਜਾਵੇਗਾ।

ਹਰਿਆਣਾ ਅਤੇ ਰਾਜਸਥਾਨ ਦੀਆਂ ਬੱਸਾਂ 'ਤੇ ਕਾਰਵਾਈ ਨਹੀਂ
ਹਰਿਆਣਾ ਅਤੇ ਰਾਜਸਥਾਨ ਡਿਪੂ ਦੀਆਂ ਦਿੱਲੀ ਜਾਣ ਵਾਲੀਆਂ ਬੱਸਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਜਦੋਂਕਿ ਉਨ੍ਹਾਂ ਕੋਲ ਵੀ ਉਹੀ ਪਰਮਿਟ ਹੈ ਜੋ ਪੰਜਾਬ ਰੋਡਵੇਜ਼ ਕੋਲ ਹੈ। ਰੋਡਵੇਜ਼ ਡਿਪੂ-1 ਦੇ ਜ਼ਰੀਏ ਪਰਮੀਤ ਸਿੰਘ ਮਿਨਹਾਸ ਨਾਲ ਜਦੋਂ ਇਸ ਸਬੰਧ 'ਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਕੋਲ 'ਸਟੇਜ ਕਰੀਅਰ' ਦਾ ਪਰਮਿਟ ਹੈ, ਪੰਜਾਬ ਰੋਡਵੇਜ਼ ਕੋਲ ਵੀ ਉਹੀ ਪਰਮਿਟ ਹੋਣ ਦੇ ਬਾਵਜੂਦ ਕਾਰਵਾਈ ਕੀਤਾ ਜਾਣਾ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ 'ਚ ਉਹ ਦਿੱਲੀ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ। ਮਾਮਲਾ ਜਲਦ ਸੁਲਝਣ ਦੇ ਆਸਾਰ ਹਨ।


shivani attri

Content Editor

Related News