ਪੰਜਾਬ ''ਚ ਮੌਸਮ ਦੇ ਬਦਲੇ ਮਿਜਾਜ਼, ਬਾਰਿਸ਼ ਦੀ ਸੰਭਾਵਨਾ
Thursday, Feb 14, 2019 - 11:11 AM (IST)
ਜਲੰਧਰ/ਚੰਡੀਗੜ੍ਹ (ਭਾਸ਼ਾ)— ਪੰਜਾਬ ਅਤੇ ਹਰਿਆਣਾ ਦੇ ਵਧੇਰੇ ਇਲਾਕਿਆਂ ਵਿਚ ਬੁੱਧਵਾਰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ ਵਿਖੇ ਘੱਟੋ-ਘੱਟ ਤਾਪਮਾਨ 6.8, ਜਲੰਧਰ ਨੇੜੇ ਆਦਮਪੁਰ ਵਿਚ 8.2, ਅੰਮ੍ਰਿਤਸਰ ਵਿਖੇ 8.6, ਲੁਧਿਆਣਾ ਵਿਖੇ 8.8, ਬਠਿੰਡਾ ਵਿਖੇ 9.2, ਕਰਨਾਲ ਵਿਖੇ 8.4, ਅੰਬਾਲਾ ਵਿਖੇ 10.4 ਅਤੇ ਹਿਸਾਰ ਵਿਖੇ 11.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਵੀਰਵਾਰ ਪੰਜਾਬ ਅਤੇ ਹਰਿਆਣਾ ਦੇ ਵਧੇਰੇ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਹਿਮਾਚਲ ਪ੍ਰਦੇਸ਼ 'ਚ 14 ਅਤੇ 15 ਫਰਵਰੀ ਨੂੰ ਭਾਰੀ ਬਾਰਿਸ਼ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਉਕਤ ਸਮੇਂ ਦੌਰਾਨ ਕਈ ਥਾਵਾਂ 'ਤੇ ਬਰਫਬਾਰੀ ਵੀ ਹੋ ਸਕਦੀ ਹੈ।
ਓਧਰ ਕਸ਼ਮੀਰ ਵਾਦੀ 'ਚ ਕੁਝ ਥਾਵਾਂ 'ਤੇ ਤਾਜ਼ਾ ਬਰਫਬਾਰੀ ਹੋਣ ਅਤੇ ਮੀਂਹ ਪੈਣ ਦੇ ਬਾਵਜੂਦ ਘੱਟੋ-ਘੱਟ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਸ਼ਮੀਰ ਵਾਦੀ 'ਚ ਵੀਰਵਾਰ ਅਤੇ ਸ਼ੁੱਕਰਵਾਰ ਮੌਸਮ ਦੇ ਖਰਾਬ ਰਹਿਣ ਦਾ ਅਨੁਮਾਨ ਲਗਾਇਆ ਹੈ। ਸ਼੍ਰੀਨਗਰ ਵਿਖੇ ਮੰਗਲਵਾਰ ਰਾਤ ਸ਼ੁਰੂ ਹੋਈ ਹਲਕੀ ਬਰਫਬਾਰੀ ਬੁੱਧਵਾਰ ਤੱਕ ਜਾਰੀ ਸੀ।