ਪੰਜਾਬ ਜਾਰੀ ਹੋਇਆ ਓਰੇਂਜ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਵੱਡੀ ਚਿਤਾਵਨੀ
Tuesday, May 02, 2023 - 06:36 PM (IST)
ਚੰਡੀਗੜ੍ਹ : ਵੈਸਟਰਨ ਡਿਸਟਰਬੈਂਸ ਦੇ ਚੱਲਦੇ ਪੰਜਾਬ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿਚ ਓਰੇਂਜ ਅਲਰਟ ਜਾਰੀ ਕੀਤਾ ਹੈ। ਅਜਿਹਾ ਮੌਸਮ ਆਉਣ ਵਾਲੇ ਕੁਝ ਦਿਨਾਂ ਤਕ ਬਣਿਆ ਰਹਿਣ ਦਾ ਅਨੁਮਾਨ ਹੈ। ਜੇ ਮੀਂਹ ਅਤੇ ਤੇਜ਼ ਹਨ੍ਹੇਰੀ ਆਉਂਦੀ ਹੈ ਤਾਂ ਉਸ ਨਾਲ ਖੇਤਾਂ ਵਿਚ ਖੜ੍ਹੀ ਫਸਲ ਦੇ ਨਾਲ-ਨਾਲ ਮੰਡੀਆਂ ਵਿਚ ਰੱਖੀ ਕਣਕ ਦਾ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਨਾਲ ਪੰਜਾਬ ਤੋਂ ਇਲਾਵਾ ਉਤਰ ਭਾਰਤ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਮਈ ਵਿਚ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਜਾਂਦਾ ਹੈ ਅਤੇ ਨਿਊਨਤਮ ਤਾਪਮਾਨ 27 ਡਿਗਰੀ ਦੇ ਕਰੀਬ ਦਰਜ ਕੀਤਾ ਜਾਂਦਾ ਹੈ ਪਰ ਬੇਮੌਸਮੀ ਮੀਂਹਾਂ ਕਾਰਣ ਮੰਗਲਵਾਰ ਸਵੇਰੇ ਲੁਧਿਆਣਾ, ਫਰੀਦਕੋਟ ਅਤੇ ਪਟਿਆਲਾ ਨੂੰ ਛੱਡ ਕੇ ਸਾਰੇ ਸ਼ਹਿਰਾਂ ਦਾ ਤਾਪਮਾਨ 20 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਥਾਣੇ ’ਚ ਤਲਖ ਹੋਏ ਜਵਾਈ ਦੇ ਤਿੱਖੇ ਬੋਲ ਨਾ ਸਹਾਰ ਸਕਿਆ ਸਹੁਰਾ, ਮਿੰਟਾਂ ’ਚ ਵਾਪਰ ਗਈ ਅਣਹੋਣੀ
ਉਥੇ ਹੀ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੋਂ ਘੱਟ ਰਿਹਾ ਹੈ। ਬੀਤੇ ਦਿਨੀਂ ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ 32 ਡਿਗਰੀ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਸੂਬੇ ਵਿਚ ਤੇਜ਼ ਹਨ੍ਹੇਰੀ ਅਤੇ ਹਵਾਵਾਂ ਚੱਲਣ ਦੇ ਆਸਾਰ ਹਨ। ਇਨ੍ਹਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟੇ ਤਕ ਹੋ ਸਕਦੀ ਹੈ। ਜਿਸ ਕਾਰਣ ਹਾਦਸੇ ਵਾਪਰਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਇਸ ਤੋਂ ਇਲਾਵਾ ਮੌਸਮ ਮਾਲਵੇ ਦੇ ਕੁੱਝ ਜ਼ਿਲ੍ਹਿਆਂ ਵਿਚ ਗੜ੍ਹੇ ਪੈਣ ਦੇ ਆਸਾਰ ਬਣ ਰਹੇ ਹਨ ਜਦਕਿ ਮੌਸਮ ਵਿਭਾਗ ਨੇ ਅਗਲੇ ਕੁੱਝ ਘੰਟਿਆਂ ਵਿਚ ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਪਟਿਆਲਾ ਅਤੇ ਐੱਸ. ਏ. ਐੱਸ. ਨਗਰ ਵਿਚ ਮੀਂਹ ਦੇ ਆਸਾਰ ਜ਼ਾਹਰ ਕੀਤੇ ਹਨ।
ਇਹ ਵੀ ਪੜ੍ਹੋ : ਵੱਡੇ ਮੁਲਕਾਂ ’ਚ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਣ ਵਾਲੇ ਨੌਜਵਾਨਾਂ ਲਈ ਅਹਿਮ ਖ਼ਬਰ, ਰੌਂਗਟੇ ਖੜ੍ਹੇ ਕਰੇਗੀ ਇਹ ਰਿਪੋਰਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।