''ਕੋਰੋਨਾ ਵਾਇਰਸ'' ਤੋਂ ਡਰੀ ਪੰਜਾਬ ਸਰਕਾਰ, ''ਹਜ਼ਾਰਾਂ ਕੈਦੀ'' ਕਰੇਗੀ ਰਿਹਾਅ!

Wednesday, Mar 18, 2020 - 06:54 PM (IST)

''ਕੋਰੋਨਾ ਵਾਇਰਸ'' ਤੋਂ ਡਰੀ ਪੰਜਾਬ ਸਰਕਾਰ, ''ਹਜ਼ਾਰਾਂ ਕੈਦੀ'' ਕਰੇਗੀ ਰਿਹਾਅ!

ਚੰਡੀਗੜ੍ਹ : ਪੂਰੀ ਦੁਨੀਆ 'ਤੇ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦਾ ਖੌਫ ਪੰਜਾਬ 'ਚ ਵੀ ਪਾਇਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਜੇਲਾਂ 'ਚੋਂ 5800 ਦੇ ਕਰੀਬ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਸੋਚ-ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਹੈ, ਜਿਸ 'ਚ ਸੂਬੇ ਦੀਆਂ ਜੇਲਾਂ 'ਚ ਕੈਦ ਕਰੀਬ 5800 ਕੈਦੀਆਂ ਨੂੰ ਰਿਹਾਅ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ 'ਚੋਂ 2800 ਕੈਦੀ ਅਜਿਹੇ ਹਨ, ਜੋ ਸਨੈਚਿੰਗ ਵਰਗੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਲਈ ਜੇਲਾਂ 'ਚ ਬੰਦ ਹਨ, ਜਦੋਂ ਕਿ 3000 ਕੈਦੀ ਉਹ ਹਨ, ਜੋ ਕੁਝ ਗ੍ਰਾਮ ਨਸ਼ੇ ਨਾਲ ਫੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਡੀ. ਜੀ. ਪੀ., ਏ. ਡੀ. ਜੀ. ਪੀ. ਅਤੇ ਐੱਸ. ਪੀਜ਼ ਨਾਲ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਸਾਰਿਆਂ ਦੀ ਸਹਿਮਤੀ ਨਾਲ ਕਿਸੇ ਨਤੀਜੇ 'ਤੇ ਪੁੱਜਿਆ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ 'ਚ ਸਮਰੱਥਾ ਤੋਂ ਵੱਧ ਕੈਦੀਆਂ ਦੇ ਮਾਮਲੇ 'ਚ ਖੁਦ ਲਿਆ ਨੋਟਿਸ

PunjabKesari

ਸੁਖਜਿੰਦਰ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਇਹ ਪ੍ਰਸਤਾਵ ਭੇਜਿਆ ਗਿਆ ਹੈ। ਰੰਧਾਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਅਜਿਹੇ ਕੈਦੀਆਂ ਨੂੰ ਛੱਡਣ 'ਤੇ ਵਿਚਾਰ ਕਰ ਰਹੀ ਹੈ, ਜਿਹੜੇ ਸਧਾਰਨ ਅਪਰਾਧ 'ਚ ਸਜ਼ਾਯਾਫਤਾ ਹਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਨਾਲ ਕਾਨੂੰਨ-ਵਿਵਸਥਾ ਨੂੰ ਕੋਈ ਗੰਭੀਰ ਸਮੱਸਿਆ ਖੜ੍ਹੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ?

PunjabKesari
ਜੇਲਾਂ 'ਚ ਭੀੜ ਨੂੰ ਦੇਖਦੇ ਲਿਆ ਜਾ ਸਕਦੈ ਫੈਸਲਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਜੇਲਾਂ 'ਚ ਭੀੜ ਵਰਗੇ ਹਾਲਾਤ ਨਾਲ ਨਜਿੱਠਣ ਲਈ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਕੋਰੋਨਾ ਦੀ ਰੋਕਥਾਮ ਸਬੰਧੀ ਮੰਤਰੀ ਸਮੂਹ ਦੀ ਬੈਠਕ 'ਚ ਇਸ ਮੁੱਦੇ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਂਕਿ ਜੇਲਾਂ 'ਚ ਬੰਦ ਕੈਦੀਆਂ ਨੂੰ ਸਜ਼ਾ ਅਦਾਲਤਾਂ ਵਲੋਂ ਸੁਣਾਈ ਗਈ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਦੇ ਮੁੱਦੇ 'ਤੇ ਅਦਾਲਤੀ ਮਨਜ਼ੂਰੀ ਨੂੰ ਜ਼ਿਆਦਾ ਅਹਿਮੀਅਤ ਦੇਵੇਗੀ। ਹੋਰ ਕੈਦੀਆਂ ਦਾ ਜ਼ਿਕਰ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਸਨੈਚਿੰਗ ਅਤੇ ਜੇਬ ਕੱਟਣ ਦੇ ਦੋਸ਼ 'ਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਇਸ ਆਧਾਰ 'ਤੇ ਰਿਹਾਅ ਕੀਤਾ ਜਾ ਸਕਦਾ ਹੈ ਕਿ ਉਹ ਸਵੇਰੇ-ਸ਼ਾਮ ਜੇਲ 'ਚ ਪੁੱਜ ਕੇ ਆਪਣੀ ਹਾਜਰੀ ਦੇਣ।

ਇਹ ਵੀ ਪੜ੍ਹੋ : ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚੋਂ ਫਰਾਰ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼

ਨਸ਼ੇੜੀਆਂ ਨੂੰ ਰਿਹਾਅ ਕਰਨਾ ਬੇਹੱਦ ਜ਼ਰੂਰੀ
ਜੇਲ ਮੰਤਰੀ ਨੇ ਕਿਹਾ ਕਿ ਜੇਲਾਂ 'ਚ ਬੰਦ ਨਸ਼ੇੜੀ, ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਫੜ੍ਹੇ ਜਾਣ ਕਾਰਨ ਸਜ਼ਾ ਹੋਈ ਹੈ, ਉਨ੍ਹਾਂ ਨੂੰ ਮੌਜੁਦਾ ਹਾਲਾਤ 'ਚ ਜੇਲਾਂ 'ਚੋਂ ਰਿਹਾਅ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਨਸ਼ੇ ਦੇ ਆਦੀ ਲੋਕ ਸਰੀਰਕ ਤੌਰ 'ਤੇ ਬੇਹੱਦ ਕਮਜ਼ੋਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਰੋਗ ਵੀ ਜਲਦੀ ਫੜ੍ਹਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੈਦੀਆਂ ਨੂੰ ਜੇਲਾਂ 'ਚੋਂ ਰਿਹਾਅ ਕਰ ਦਿੱਤਾ ਜਾਣਾ ਜ਼ਰੂਰੀ ਹੈ ਤਾਂ ਜੋ ਬਾਕੀ ਕੈਦੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਜੇਲਾਂ 'ਚ ਬੰਦ ਸਮਰੱਥਾ ਤੋਂ ਜ਼ਿਆਦਾ 'ਕੈਦੀ'
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ 'ਚ ਕੈਦੀਆਂ ਨੂੰ ਰੱਖਣ ਦੀ ਕੁੱਲ ਸਮਰੱਥਾ ਕਰੀਬ 23000 ਦੀ ਹੈ, ਜਦੋਂ ਕਿ ਇਸ ਸਮੇਂ ਜੇਲਾਂ 'ਚ 24600 ਕੈਦੀ ਬੰਦ ਹਨ। ਉਨ੍ਹਾਂ ਕਿਹਾ ਕਿ ਦੋ-ਢਾਈ ਗ੍ਰਾਮ ਹੈਰੋਇਨ ਜਾਂ ਡਰੱਗ ਰੱਖਣ ਦੇ ਦੋਸ਼ੀ ਕੈਦੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਪਰ ਅਜਿਹੇ ਕੈਦੀ, ਜਿਨ੍ਹਾਂ ਨੂੰ ਰਿਹਾਅ ਕੀਤੇ ਜਾਣ ਨਾਲ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਬੁਰਾ ਅਸਰ ਪੈ ਸਕਦਾ ਹੈ, ਉਨ੍ਹਾਂ ਨੂੰ ਜੇਲਾਂ 'ਚ ਹੀ ਬੰਦ ਰੱਖਿਆ ਜਾਵੇਗਾ। ਸੂਬਾ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਲੋਂ ਦੇਸ਼ ਭਰ ਦੀਆਂ ਜੇਲਾਂ 'ਚ ਬੰਦ ਕੈਦੀਆਂ ਬਾਰੇ ਖੁਦ ਨੋਟਿਸ ਲੈਣ ਤੋਂ ਬਾਅਦ ਇਸ ਮੁੱਦੇ 'ਤੇ ਵਿਚਾਰ ਸ਼ੁਰੂ ਕੀਤਾ ਹੈ। ਇਸ ਸਬੰਧੀ ਸਰਕਾਰ ਨੇ ਸੁਪਰੀਮ ਕੋਰਟ 'ਚ ਜਵਾਬ ਵੀ ਪੇਸ਼ ਕਰਨਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੁੱਦੇ 'ਤੇ ਸਹਿਮਤੀ ਜਤਾਈ ਹੈ ਕਿ ਮਾਮੂਲੀ ਅਪਰਾਧਾਂ 'ਚ ਸਜ਼ਾ ਪਾਉਣ ਵਾਲੇ ਲੋਕਾਂ ਨੂੰ ਰਿਹਾਅ ਕਰਨ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਸੈਂਟਰਲ ਜੇਲ 'ਚ ਬੰਦ ਕੈਦੀਆਂ ਦੀਆਂ ਮੁਲਾਕਾਤਾਂ 31 ਮਾਰਚ ਤੱਕ ਬੰਦ
 


author

Babita

Content Editor

Related News