ਪੰਜਾਬ ਦੇ ਉਤਪਾਦਾਂ ਨੂੰ ਵਿਕਰੀ ਲਈ ਮਿਲੇਗਾ ਵਿਦੇਸ਼ੀ ਪਲੇਟਫਾਰਮ, Amazon-Flipkart ਨਾਲ ਹੋਇਆ ਕਰਾਰ

12/06/2019 11:43:36 AM

ਚੰਡੀਗੜ੍ਹ — ਹੁਣ ਪੰਜਾਬ 'ਚ ਬਣਿਆ ਸਮਾਨ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਵਿਕਰੀ ਲਈ ਉਪਲੱਬਧ ਹੋ ਸਕੇਗਾ। ਵੀਰਵਾਰ ਨੂੰ ਸੂਬਾ ਸਰਕਾਰ ਨੇ ਈ-ਕਾਮਰਸ ਕੰਪਨੀਆਂ ਐਮਾਜ਼ੋਨ ਅਤੇ ਫਲਿੱਪਕਾਰਟ ਨਾਲ ਇਸ ਲਈ ਸਮਝੌਤਾ ਕੀਤਾ ਹੈ। ਇਸ ਕਰਾਰ ਨਾਲ ਸੂਬੇ ਦੇ ਛੋਟੇ ਉਦਯੋਗਾਂ ਨੂੰ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਆਪਣੇ ਉਤਪਾਦ ਵੇਚਣ ਲਈ ਵੱਡਾ ਪਲੇਟਫਾਰਮ ਮਿਲ ਸਕੇਗਾ।

ਮੁਹਾਲੀ ਵਿਚ ਸ਼ੁਰੂ ਹੋਏ ਦੋ ਦਿਨਾਂ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਦੇ ਪਹਿਲੇ ਦਿਨ ਸੂਬਾ ਸਰਕਾਰ ਨੇ ਇਕ ਸਮਝੌਤੇ ਤਹਿਤ ਪੰਜਾਬ ਦੇ ਸੂਖਮ, ਛੋਟੇ  ਅਤੇ ਮੱਧਮ ਉਦਯੋਗਾਂ ਦੇ ਉਤਪਾਦ ਆਪਣੇ ਦੇਸ਼ ਸਮੇਤ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਬਜ਼ਾਰਾਂ 'ਚ ਵੇਚਣ ਲਈ ਐਮਾਜ਼ੋਨ ਅਤੇ ਫਲਿੱਪਕਾਰਟ ਨਾਲ ਕਰਾਰ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ 700 MSME ਲਾਭਪਾਤਰਾਂ ਨੂੰ 1100 ਕਰੋੜ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਉਣ ਲਈ HDFC Bank ਨਾਲ ਕਰਾਰ ਕੀਤਾ ਹੈ। ਸਮਿਟ 'ਚ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਸੂਬੇ ਦੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਅਪਗ੍ਰੇਡ ਕਰਨ ਲਈ 200 ਕਰੋੜ ਰੁਪਏ ਖਰਚ ਕਰੇਗੀ ਤਾਂ ਜੋ ਇਨ੍ਹਾਂ ਫੋਕਲ ਪੁਆਇੰਟ 'ਤੇ ਵੀ ਬੰਦ ਪਏ ਉਦਯੋਗਾਂ ਨੂੰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਸਕਣ। 

ਐਮਾਜ਼ੋਨ ਇੰਡੀਆ ਨੇ ਪੰਜਾਬ ਸਮਾਲ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਨਾਲ ਇਕ ਸਮਝੌਤਾ ਮੀਮੋ (MOU) ’ਤੇ ਹਸਤਾਖਰ ਕੀਤੇ। ਇਸ ਰਾਹੀਂ MSME ਐਕਸਪੋਰਟਰਾਂ ਨੂੰ ਆਪਣੇ ਉਤਪਾਦਾਂ ਨੂੰ ਐਕਸਪੋਰਟ ਕਰਨ ਅਤੇ ਐਮਾਜ਼ੋਨ ਗਲੋਬਲ ਸੇਲਿੰਗ ਪ੍ਰੋਗਰਾਮ ਰਾਹੀਂ 180 ਤੋਂ ਜ਼ਿਆਦਾ ਦੇਸ਼ਾਂ ’ਚ ਆਪਣੇ ਲੱਖਾਂ ਗਾਹਕਾਂ ਤੱਕ ਪੁੱਜਣ ਲਈ ਕਾਰਜਸ਼ਾਲਾਵਾਂ ਦੇ ਸੰਚਾਲਨ ਦਾ ਮੌਕਾ ਮਿਲੇਗਾ। MOU ਰਾਜ ਦੇ MSME ਨੂੰ ਈ-ਕਾਮਰਸ ਜ਼ਰੀਏ ਲਾਭ ਦੇਣ ’ਚ ਮਦਦ ਕਰੇਗਾ।

ਇਸ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਕਾਰੋਬਾਰ ਨੂੰ ਆਸਾਨ ਬਣਾਉਣ ਲਈ ਸਿੰਗਲ ਵਿੰਡੋ ਕਲਿਅਰੈਂਸ, ਆਨਲਾਈਨ ਅਰਜ਼ੀ ਅਤੇ ਮਨਜ਼ੂਰੀਆਂ, ਬਿਜਲੀ 'ਤੇ ਸਬਸਿਡੀ, ਵਪਾਰ ਅਤੇ ਉਦਯੋਗ ਨਾਲ ਸਬੰਧਿਤ ਕਾਨੂੰਨਾਂ ਵਿਚ ਸੋਧ ਦੇ ਨਾਲ-ਨਾਲ ਪਾਣੀ ਵਰਗੀਆਂ ਸਹੂਲਤਾਂ ਨਿਵੇਸ਼ਕਾਂ ਨੂੰ ਮੁਹੱਈਆਂ ਕਰਵਾਈਆਂ ਜਾਣਗੀਆਂ। 

ਸਰਕਾਰ ਨੇ MSME ਸੈਕਟਰ ਦੇ 14 ਉਦਯੋਗਾਂ ਦਾ ਕੀਤਾ ਸਨਮਾਨ

ਸੂਬੇ ਵਿਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੇ ਕਦਮ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੈਕਟਰ ਦੇ 14 ਉਦਮੀਆਂ ਦਾ ਇਕ-ਇਕ ਲੱਖ ਰੁਪਏ ਦੇ ਨਗਦ ਇਨਾਮ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ। ਮੁੱਖ ਮੰਤਰੀ ਨੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਵੱਖ-ਵੱਖ ਸੈਕਟਰਾਂ ਵਿਚ ਉਦਮੀਆਂ ਨੂੰ ਐਵਾਰਡ ਦਿੱਤੇ। ਸੂਖਮ ਤੇ ਲਘੂ ਉਦਯੋਗ ਦੀ ਸ਼੍ਰੇਣੀ ਤਹਿਤ 7 ਉਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਐਵਾਰਡੀਆਂ ਵਿਚ ਐਗਰੋ ਤੇ ਪ੍ਰੋਸੈਸਿੰਗ ਸੈਕਟਰ ਵਿਚ ਮੈਸਰਜ਼ ਧੀਮਾਨ ਫੂਡ ਪ੍ਰਾਈਵੇਟ ਲਿਮਟਿਡ ਜ਼ਿਲਾ ਜਲੰਧਰ ਅਤੇ ਮੈਸਰਜ਼ ਕੈਪੀਟਲ ਫੀਡਸ ਪ੍ਰਾਈਵੇਟ ਲਿਮਟਿਡ, ਜ਼ਿਲਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ। ਆਟੋ ਮੋਬਾਈਲਜ਼ ਅਤੇ ਆਟੋ ਪਾਰਟਸ ਦੇ ਸੈਕਟਰ ਵਿਚ ਮੈਸਰਜ਼ ਸਿਟੀਜ਼ਨ ਪ੍ਰੈੱਸ ਕੰਪੋਨੈਂਟ ਲੁਧਿਆਣਾ ਅਤੇ ਮੈਸਰਜ਼ ਗਿਲਾਰਡ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਟਿਡ ਮੋਹਾਲੀ, ਟੈਕਸਟਾਈਲ ਸੈਕਟਰ ਵਿਚ ਮੈਸਰਜ਼ ਡਿਊਕ ਫੈਸ਼ਨ (ਇੰਡੀਆ) ਲਿਮਟਿਡ ਅਤੇ ਮੈਸਰਜ਼ ਕੁਡੁ ਨਿੱਟ ਪ੍ਰੋਸੈੱਸ ਪ੍ਰਾਈਵੇਟ ਲਿਮਟਿਡ ਲੁਧਿਆਣਾ, ਇੰਜੀਨਿਅਰਿੰਗ ਵਿਚ ਮੈਸਰਜ਼ ਕ੍ਰਿਸਟਲ ਇਲੈਕਟ੍ਰਿਕ ਕੰਪਨੀ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਮੈਸਰਜ਼ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਟਿਡ ਪਿੰਡ ਸਲਾਨੀ, ਜ਼ਿਲਾ ਫਤਹਿਗਡ਼੍ਹ ਸਾਹਿਬ, ਫਾਰਮਾਸੂਟੀਕਲ ਵਿਚ ਮੈਸਰਜ਼ ਕੋਨਸਰਨ ਫਾਰਮਾ ਲਿਮਟਿਡ ਲੁਧਿਆਣਾ, ਸਪੋਰਟਸ ਸੈਕਟਰ ਵਿਚ ਮੈਸਰਜ਼ ਨਿਵੀਆ ਸਿੰਥੈਟਿਕਸ ਪ੍ਰਾਈਵੇਟ ਲਿਮਟਿਡ ਯੂਨਿਟ ਨੰ. 3 ਜਲੰਧਰ, ਹੈਂਡ ਟੂਲ ਵਿਚ ਮੈਸਰਜ਼ ਫਾਲਕੋਨ ਗਾਰਡਨ ਟੂਲਜ਼ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਮੈਸਰਜ਼ ਅਜੇ ਇੰਡਸਟਰੀਜ਼ ਜਲੰਧਰ ਅਤੇ ਚਮਡ਼ਾ ਉਦਯੋਗ ਵਿਚ ਮੈਸਰਜ਼ ਸਕੇਅ ਓਵਰਸੀਜ਼, ਲੈਦਰ ਕੰਪਲੈਕਸ ਜਲੰਧਰ ਨੂੰ ਸਨਮਾਨਿਤ ਕੀਤਾ ਗਿਆ।

ਇਹ ਐਵਾਰਡ, ਉਨ੍ਹਾਂ ਉਦਯੋਗਪਤੀਆਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਮਿਆਰੀ ਉਤਪਾਦਾਂ ਦੇ ਉਤਪਾਦਨ ਲਈ ਨਵੀਨਤਮ ਤੇ ਨਿਵੇਕਲੀ ਤਕਨਾਲੋਜੀ ਨੂੰ ਅਪਣਾਇਆ ਜਿਸ ਨਾਲ ਮਾਲੀਆ ਵਧਣ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਮਿਲੀ। ਇਹ ਐਵਾਰਡ ਬਾਕੀ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਅਜਿਹੀਆਂ ਤਕਨੀਕਾਂ ਤੇ ਆਧੁਨਿਕ ਪਹੁੰਚ ਅਪਣਾਉਣ ਲਈ ਵੀ ਪ੍ਰੇਰਿਤ ਕਰਨਗੇ। ਇਸ ਤੋਂ ਪਹਿਲਾਂ ਨਿਵੇਸ਼ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 1 ਨਵੰਬਰ 2019 ਤੋਂ ਲੈ ਕੇ 5 ਦਸੰਬਰ, 2019 ਤਕ 701 ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਐੱਚ. ਡੀ. ਐੱਫ. ਸੀ. ਬੈਂਕ ਵਲੋਂ 1104 ਕਰੋਡ਼ ਰੁਪਏ ਦਾ ਕਰਜ਼ਾ ਵੰਡਿਆ ਗਿਆ। ਐਵਾਰਡ ਸਮਾਰੋਹ ਦੌਰਾਨ ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋਡ਼ਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਉਦਯੋਗ ਤੇ ਵਪਾਰ ਵਿੰਨੀ ਮਹਾਜਨ ਅਤੇ ਡਾਇਰੈਕਟਰ ਉਦਯੋਗ ਸਿੱਬਨ ਸੀ. ਵੀ ਹਾਜ਼ਰ ਸਨ।

ਵੱਖ-ਵੱਖ ਕਾਰੋਬਾਰੀਆਂ ਨੇ ਵੀ ਕੀਤੀ ਸ਼ਿਰਕਤ

ਸੂਚਿਤਾ ਜੈਨ(ਵਰਧਮਾਨ ਟੈਕਸਟਾਈਲ)

ਜਾਪਾਨੀ ਕੰਪਨੀ ਆਈਚੇ ਨਾਲ ਸਮਝੌਤਾ ਹੋਇਆ ਹੈ। ਵਰਧਮਾਨ ਨੇ 30 ਫੀਸਦੀ ਮਹਿਲਾ ਕਰਮਚਾਰੀਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ।

ਰਾਕੇਸ਼ ਭਾਰਤੀ ਮਿੱਤਲ(ਭਾਰਤੀ ਗਰੁੱਪ) 

ਪਿੰਡਾਂ 'ਚ ਸਿੱਖਿਆ ਅਤੇ ਸੱਵਛਤਾ ਵਿਚ ਨਿਵੇਸ਼ ਕੀਤਾ ਗਿਆ ਹੈ। ਖੇਤੀਬਾੜੀ ਅਧਾਰਿਤ ਉਦਯੋਗ 'ਚ ਧਿਆਨ ਦੇਣ ਲਈ ਕਾਰੋਬਾਰ ਅਤੇ ਖੇਤੀਬਾੜੀ ਵਿਚਕਾਰ ਆਪਸੀ ਤਾਲਮੇਲ ਪੈਦਾ ਕਰਨ ਦੀ ਜ਼ਰੂਰਤ ਹੈ।


Related News