ਪੰਜਾਬ 'ਚ ਆਏ 'ਤੂਫ਼ਾਨ' ਕਾਰਨ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, ਡੇਢ ਲੱਖ ਦੇ ਕਰੀਬ ਪੁੱਜੀਆਂ ਸ਼ਿਕਾਇਤਾਂ
Saturday, Jun 12, 2021 - 12:15 PM (IST)
ਪਟਿਆਲਾ (ਮਨਦੀਪ ਜੋਸਨ, ਰਾਜੇਸ਼ ਪੰਜੌਲਾ, ਜ. ਬ.) : ਪੰਜਾਬ ’ਚ ਆਏ ਤੂਫ਼ਾਨ ਦਾ ਸਭ ਤੋਂ ਵੱਧ ਨੁਕਸਾਨ ਪਾਵਰਕਾਮ ਨੂੰ ਝੱਲਣਾ ਪਿਆ ਹੈ। ਅਧਿਕਾਰੀਆਂ ਅਨੁਸਾਰ ਇਸ ਤੂਫ਼ਾਨ ਨੇ ਪਾਵਰਕਾਮ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ। ਪੰਜਾਬ ’ਚ ਤੂਫ਼ਾਨ ਨੇ 5172 ਦੇ ਕਰੀਬ ਪੋਲ ਅਤੇ 941 ਦੇ ਕਰੀਬ ਟਰਾਂਸਫਾਰਮਰ ਤੋੜੇ ਹਨ। ਇਸ ਨੁਕਸਾਨ ’ਚ ਸਭ ਤੋਂ ਵੱਧ ਜ਼ਿਲ੍ਹਾ ਪਟਿਆਲਾ ਪ੍ਰਭਾਵਿਤ ਰਿਹਾ, ਜਿੱਥੇ 380 ਟਰਾਂਸਫਾਰਮਰ ਟੁੱਟੇ ਅਤੇ 2980 ਬਿਜਲੀ ਦੇ ਪੋਲ ਧਰਤੀ 'ਤੇ ਵਿੱਛ ਗਏ।
ਇਸ ਤੋਂ ਬਾਅਦ ਨਾਰਥ ਜ਼ੋਨ ਦੇ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਤੂਫ਼ਾਨ ਨੇ 725 ਕੇ. ਵੀ. ਮੇਰਠ ਲਾਈਨ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਸੂਬੇ ’ਚ ਡੇਢ ਲੱਖ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ’ਚੋਂ ਬਹੁਤੀਆਂ ਦਾ ਨਿਪਟਾਰਾ ਹੋ ਚੁੱਕਿਆ ਹੈ। ਪਾਵਰਕਾਮ ਤੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਦੱਖਣ ਜ਼ੋਨ ’ਚ 941 ਟਰਾਂਸਫਾਰਮਰ ਅਤੇ 5172 ਪੋਲ ਟੁੱਟੇ ਹਨ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਤੇ ਜਸਪ੍ਰੀਤ ਦੀਆਂ ਲਾਸ਼ਾਂ ਲੈਣ ਕੋਲਕਾਤਾ ਪੁੱਜਾ ਪਰਿਵਾਰ, ਪੁਲਸ ਨੇ ਕੀਤਾ ਸੀ ਐਨਕਾਊਂਟਰ
ਦੱਖਣ ਜ਼ੋਨ ਦੇ 2 ਜ਼ਿਲ੍ਹਿਆਂ ਪਟਿਆਲਾ, ਰੋਪੜ ਨੂੰ ਤਾਂ ਤੂਫ਼ਾਨ ਨੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਰੋਪੜ ’ਚ 70 ਟਰਾਂਸਫਾਰਮਰ ਅਤੇ 431 ਖੰਭੇ ਟੁੱਟੇ ਹਨ। ਇਸੇ ਤਰ੍ਹਾਂ ਸੰਗਰੂਰ ’ਚ 21 ਟਰਾਂਸਫਾਰਮਰ ਤੇ 241 ਖੰਭੇ ਟੁੱਟੇ ਹਨ, ਮੋਹਾਲੀ ’ਚ 6 ਟਰਾਂਸਫਾਰਮਰ ਤੇ 49 ਖੰਭੇ ਟੁੱਟੇ ਹਨ ਅਤੇ ਬਰਨਾਲਾ ’ਚ 70 ਖੰਭੇ ਟੁੱਟ ਗਏ ਹਨ।
ਪਾਵਰਕਾਮ ਦੇ ਦੂਜੇ ਬਾਰਡਰ ਜ਼ੋਨ ’ਚ ਵੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ। ਬਾਰਡਰ ਜ਼ੋਨ ’ਚ 95 ਟਰਾਂਸਫਾਰਮਰ ਅਤੇ 554 ਪੋਲ ਟੁੱਟੇ ਹਨ। ਗੁਰਦਾਸਪੁਰ ਜ਼ਿਲ੍ਹੇ ’ਚ 62 ਟਰਾਂਸਫਾਰਮਰ ਅਤੇ 399 ਪੋਲ ਟੁੱਟੇ ਹਨ। ਇਸੇ ਤਰ੍ਹਾਂ ਤਰਨਤਾਰਨ ’ਚ 12 ਟਰਾਂਸਫਾਰਮਰ ਅਤੇ 55 ਪੋਲ ਟੁੱਟੇ, ਜਦੋਂ ਕਿ ਅੰਮ੍ਰਿਤਸਰ ਦਿਹਾਤੀ ’ਚ 19 ਦੇ ਕਰੀਬ ਟਰਾਂਸਫਾਰਮਰ ਅਤੇ 110 ਦੇ ਕਰੀਬ ਪੋਲ ਟੁੱਟੇ ਕੇ ਧਰਤੀ ’ਤੇ ਡਿੱਗੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ