ਜ਼ਿਮਨੀ ਚੋਣਾਂ ਮਗਰੋਂ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ, ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ

Saturday, Jul 13, 2024 - 12:43 PM (IST)

ਜ਼ਿਮਨੀ ਚੋਣਾਂ ਮਗਰੋਂ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ, ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ

ਚੰਡੀਗੜ੍ਹ (ਵਿਨੈ) : ਪੰਜਾਬ ’ਚ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਦੀਆਂ 4 ਨਗਰ ਨਿਗਮਾਂ ਦੀਆਂ ਚੋਣਾਂ ਦਾ ਰਸਤਾ ਲਗਭਗ ਸਾਫ਼ ਹੋ ਗਿਆ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਦੇ ਕਾਂਗਰਸੀ ਵਰਕਰਾਂ ’ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਦਾ ਮੁੱਖ ਕਾਰਨ ਲੋਕ ਸਭਾ ਚੋਣਾਂ ’ਚ ਕਾਂਗਰਸ ਦਾ ਪੰਜਾਬ ’ਚ ਚੰਗਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਪਾ ਸੈਂਟਰਾਂ ਨੂੰ ਚਲਾਉਣ ਵਾਲੇ ਮਾਲਕ ਹੋ ਜਾਣ ਸਾਵਧਾਨ! ਜਾਰੀ ਹੋ ਗਏ ਸਖ਼ਤ ਹੁਕਮ

ਪੰਜਾਬ ’ਚ ਆਪਣੀ ਕਮਜ਼ੋਰ ਹੋਈ ਪਕੜ ਨੂੰ ਮੁੜ ਮਜ਼ਬੂਤ ਕਰਨ ’ਚ ਬੇਸ਼ੱਕ ਕਾਂਗਰਸ ਲੋਕ ਸਭਾ ਚੋਣਾਂ ’ਚ ਸਫ਼ਲ ਰਹੀ ਪਰ ਆਉਣ ਵਾਲੇ ਕੁੱਝ ਹੀ ਸਮੇਂ ’ਚ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਨਗਰ ਨਿਗਮ, 41 ਨਗਰ ਕੌਂਸਲਾਂ ਤੇ 13 ਹਜ਼ਾਰ 241 ਪੰਚਾਇਤੀ ਚੋਣਾਂ ਹੋਣਗੀਆਂ। ਇਸ ਦੇ ਨਾਲ ਹੀ ਪੰਜਾਬ ਦੀਆਂ 23 ਜ਼ਿਲ੍ਹਾ ਪਰਿਸ਼ਦਾਂ ਤੇ 150 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵੀ ਪੰਜਾਬ ਦੀ ਸਿਆਸਤ ਨੂੰ ਗਰਮਾਉਣਗੀਆਂ। ਪੰਜਾਬ ’ਚ ਸਭ ਤੋਂ ਵੱਧ ਲੋਕ ਸਭਾ ਸੀਟਾਂ ਹਾਸਲ ਕਰਨ ਤੋਂ ਬਾਅਦ ਕਾਂਗਰਸ ਆਪਣੇ ਕਮਜ਼ੋਰ ਹੋਏ ਆਧਾਰ ਨੂੰ ਸੂਬੇ ’ਚ ਮੁੜ ਤੋਂ ਮਜ਼ਬੂਤ ਕਰਨ 'ਚ ਸਫ਼ਲ ਰਹੀ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਪਾਰਟੀ ਆਗੂਆਂ ਨੇ ਆਉਣ ਵਾਲੀਆਂ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਰਾਹੀਂ ਪਾਰਟੀ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਕਰਨ ਦੀ ਵਿਉਂਤਬੰਦੀ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਇਨ੍ਹਾਂ ਚੋਣਾਂ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਜੋੜ ਕੇ ਹੀ ਆਪਣੀ ਰਣਨੀਤੀ ਤੈਅ ਕਰੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 107 ਉਪ ਜ਼ਿਲ੍ਹਾ ਅਟਾਰਨੀਆਂ ਦੀਆਂ ਕੀਤੀਆਂ ਤਾਇਨਾਤੀਆਂ/ਬਦਲੀਆਂ
ਕਾਂਗਰਸ ਦਾ ਹਰ ਵਰਕਰ ਕਰ ਰਿਹਾ ਚੋਣਾਂ ਦਾ ਇੰਤਜ਼ਾਰ : ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਕਾਂਗਰਸ ਦਾ ਹਰ ਵਰਕਰ ਇਸ ਸਮੇਂ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ’ਤੇ ਆਪਣਾ ਵਿਸ਼ਵਾਸ ਪ੍ਰਗਟਾ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦਾ ਭਵਿੱਖ ਕਿਸ ਪਾਰਟੀ ਦੇ ਹੱਥਾਂ ’ਚ ਸੁਰੱਖਿਅਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News